ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸੀਆਈਏ ਸਟਾਫ ਦੀ ਟੀਮ ਵੱਲੋਂ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਹਨਾਂ ਪਾਸੋਂ 6 ਨਜਾਇਜ ਹਥਿਆਰ ਵੱਖ-ਵੱਖ ਬੋਰ ਸਮੇਤ ਕਾਰਤੂਸ ਬਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਮੋਹਾਲੀ ਪੁਲਿਸ ਵੱਲੋਂ 6 ਨਾਜਾਇਜ਼ ਹਥਿਆਰਾਂ ਸਮੇਤ ਤਿੰਨ ਨੂੰ ਕਾਬੂ ਕੀਤਾ ਗਿਆ ਹੈ। ਇਸ ਬਾਰੇ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸੀਆਈਏ ਸਟਾਫ ਦੀ ਟੀਮ ਵੱਲੋਂ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਹਨਾਂ ਪਾਸੋਂ 6 ਨਜਾਇਜ ਹਥਿਆਰ ਵੱਖ-ਵੱਖ ਬੋਰ ਸਮੇਤ ਕਾਰਤੂਸ ਬਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਐੱਸਐੱਸਪੀ ਹਰਮਨਦੀਪ ਸਿੰਘ ਹਾਂਸ, ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਅੱਗੇ ਦੱਸਿਆ ਕਿ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਨੇੜੇ ਪਿੰਡ ਨਿਆਂ ਸ਼ਹਿਰ ਬਡਾਲਾ ਮੌਜੂਦ ਸੀ। ਜਿੱਥੇ ਟੀਮ ਨੂੰ ਮੁਖ਼ਬਰੀ ਮਿਲੀ ਕਿ ਵਿਕਾਸ ਉਰਫ ਲੱਕੀ ਵਾਸੀ ਪਿੰਡ ਬਡਾਲੀ, ਥਾਣਾ ਸਦਰ ਖਰੜ੍ਹ, ਜ਼ਿਲ੍ਹਾ ਐੱਸਏਐੱਸ ਨਗਰ ਜਿਸਦੇ ਵਿਰੁੱਧ ਲੜਾਈ-ਝਗੜੇ ਅਤੇ ਨਾਜਾਇਜ਼ ਹਥਿਆਰ ਰੱਖਣ ਸਬੰਧੀ ਮੁਕੱਦਮੇ ਦਰਜ ਹਨ। ਜੋ ਵਿਕਾਸ ਉਰਫ ਲੱਕੀ ਨਾਜਾਇਜ਼ ਹਥਿਆਰ ਹਰ ਸਮੇਂ ਆਪਣੇ ਪਾਸ ਰੱਖਦਾ ਹੈ। ਜਿਸਦੇ ਹੋਰ ਵੀ ਕਈ ਸਾਥੀਆਂ ਪਾਸ ਨਾਜਾਇਜ਼ ਹਥਿਆਰ ਹਨ। ਜਿਸਤੇ ਦੋਸ਼ੀ ਵਿਕਾਸ ਉਰਫ ਲੱਕੀ ਵਿਰੁੱਧ ਮੁਖ਼ਬਰੀ ਦੇ ਆਧਾਰ 'ਤੇ ਮੁਕੱਦਮਾ ਆਰਮਜ਼ ਐਕਟ ਥਾਣਾ ਸਦਰ ਖਰੜ੍ਹ ਦਰਜ ਰਜਿਸਟਰ ਕੀਤਾ ਗਿਆ ਸੀ।
ਮੁਲਜ਼ਮ ਵਿਕਾਸ ਨੂੰ ਉਸਦੇ ਪਿੰਡ ਬਡਾਲੀ ਦੇ ਨੇੜੇ ਤੋਂ ਕਾਰ ਵਿੱਚੋਂ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਤਫਤੀਸ਼ ਦੌਰਾਨ ਉਸ ਦੇ ਸਾਥੀ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਕੇ ਨਾਜਾਇਜ਼ ਹਥਿਆਰ ਬ੍ਰਾਮਦ ਕੀਤੇ ਗਏ। ਆਰੋਪੀ ਵਿਕਾਸ ਦੇ ਖਿਲਾਫ ਥਾਣਾ ਸਦਰ ਖਰੜ ਵਿਖੇ ਲੜਾਈ ਝਗੜੇ ਅਤੇ ਨਾਜਾਇਜ਼ ਅਸਲੇ ਸਬੰਧੀ 2 ਮੁਕੱਦਮੇ ਦਰਜ ਹਨ। ਦੂਸਰਾ ਆਰੋਪੀ ਅਨੀਸ਼ ਕੁਮਾਰ ਉਰਫ ਹਨੀ ਬੌਕਸਰ ਵਾਸੀ ਜ਼ਿਲ੍ਹਾ ਸੋਨੀਪਤ, ਹਰਿਆਣਾ ਹਾਲ ਵਾਸੀ ਸੈਕਟਰ-42ਸੀ ਚੰਡੀਗੜ੍ਹ ਆਰੋਪੀ ਦੇ ਖਿਲਾਫ ਪਹਿਲਾਂ ਵੀ ਜ਼ਿਲ੍ਹਾ ਅੰਮ੍ਰਿਤਸਰ, ਫਰੀਦਕੋਟ ਅਤੇ ਜ਼ਿਲ੍ਹਾ ਮੋਹਾਲੀ ਵਿੱਚ ਨਾਜਾਇਜ਼ ਅਸਲੇ ਅਤੇ ਲੜਾਈ ਝਗੜਿਆਂ ਸਬੰਧੀ 3 ਮੁਕੱਦਮੇ ਦਰਜ ਹਨ ਅਤੇ ਤੀਸਰਾ ਦੋਸ਼ੀ ਪ੍ਰਦੀਪ ਸਿੰਘ ਉਰਫ ਬਿੱਲੀ ਵਾਸੀ ਪਿੰਡ ਨਿਆਂ ਬਡਾਲਾ, ਜ਼ਿਲ੍ਹਾ ਐੱਸਏਐੱਸ ਨਗਰ ਹੈ।
ਐਸਐਸਪੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਦਾ ਇੱਕ ਹੋਰ ਸਾਥੀ ਜਿਸ ਦੀ ਕਿ ਹਾਲੇ ਗ੍ਰਿਫਤਾਰੀ ਬਾਕੀ ਹੈ ਸਾਜਨ ਵਾਸੀ ਧਨਾਸ, ਚੰਡੀਗੜ ਹਾਲ ਵਾਸੀ ਖਰੜ ਹੈ
ਐਸਐਸਪੀ ਹਰਮਨਦੀਪ ਹਾਂਸ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀਆਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਹਨਾਂ ਨੇ ਇਹ ਨਜਾਇਜ ਹਥਿਆਰ ਮੇਰਠ, ਯੂ.ਪੀ. ਤੋਂ ਲਿਆਂਦੇ ਸਨ। ਇਹਨਾਂ ਦੇ ਅਜੇ ਹੋਰ ਕਈ ਸਾਥੀ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਜਿਨਾਂ ਪਾਸੋਂ ਹੋਰ ਵੀ ਨਜਾਇਜ ਹਥਿਆਰ ਬ੍ਰਾਮਦ ਹੋਣ ਦੀ ਉਮੀਦ ਹੈ।
ਉਹਨਾਂ ਦੱਸਿਆ ਕਿ ਦੋਸ਼ੀ ਵਿਕਾਸ ਉਰਫ ਲੱਕੀ ਤੋਂ 2 ਹਥਿਆਰ, ਅਨੀਸ਼ ਕੁਮਾਰ ਉਰਫ ਹਨੀ ਬੌਕਸਰ ਪਾਸੋਂ 2 ਹਥਿਆਰ, ਦੋਸ਼ੀ ਪ੍ਰਦੀਪ ਸਿੰਘ ਬਿੱਲੀ ਪਾਸੋਂ 1 ਪਿਸਤੌਲ ਅਤੇ ਦੋਸ਼ੀ ਸਾਜਨ ਜੋ ਕਿ ਫਰਾਰ ਚੱਲਿਆ ਆ ਰਿਹਾ ਹੈ ਦੇ ਫਲੈਟ ਦੀ ਛੱਤ ਤੋਂ ਇੱਕ ਪਿਸਟਲ .45 ਬੋਰ ਬ੍ਰਾਮਦ ਕੀਤਾ ਗਿਆ ਹੈ।