ਅੱਜ ਦੇਰ ਸ਼ਾਮ ਪਿੰਡ ਭਾਂਖਰਪੁਰ ਦੇ ਬੱਸ ਸਟੈਂਡ ਤੇ ਇਕ ਬਜ਼ੁਰਗ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਰਹਿਣ ਵਾਲੇ ਪਿਓ ਪੁੱਤਰ ਤੇ ਕਤਲ ਕਰਨ ਦਾ ਦੋਸ਼ ਲੱਗਿਆ ਹੈ। ਪਿੰਡ ਵਾਸੀਆ ਮੁਤਾਬਿਕ ਪੁਲਿਸ ਨੇ ਦੋਵਾਂ ਨੂੰ ਮੌਕੇ ਤੋ ਕਾਬੂ ਕਰ ਲਿਆ ਹੈ।
ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਅੱਜ ਦੇਰ ਸ਼ਾਮ ਪਿੰਡ ਭਾਂਖਰਪੁਰ ਦੇ ਬੱਸ ਸਟੈਂਡ ਤੇ ਇਕ ਬਜ਼ੁਰਗ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਰਹਿਣ ਵਾਲੇ ਪਿਓ-ਪੁੱਤਰ 'ਤੇ ਕਤਲ ਕਰਨ ਦਾ ਦੋਸ਼ ਲੱਗਿਆ ਹੈ। ਪਿੰਡ ਵਾਸੀਆ ਮੁਤਾਬਿਕ ਪੁਲਿਸ ਨੇ ਦੋਵਾਂ ਨੂੰ ਮੌਕੇ ਤੋ ਕਾਬੂ ਕਰ ਲਿਆ ਹੈ। ਜਦਕਿ ਮੁਬਾਰਕਪੁਰ ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਮੌਕੇ ਤੋਂ ਫ਼ਰਾਰ ਹੋ ਗਏ ਸਨ। ਮ੍ਰਿਤਕ ਦੀ ਪਛਾਣ 52 ਸਾਲਾਂ ਤਰਸੇਮ ਸਿੰਘ ਵਾਸੀ ਪਿੰਡ ਭਾਂਖਰਪੁਰ ਦੇ ਰੂਪ ਵਿਚ ਹੋਈ ਹੈ।
ਡੇਰਾਬੱਸੀ ਹਸਪਤਾਲ ਵਿੱਚ ਮੌਜੂਦ ਮ੍ਰਿਤਕ ਦੇ ਪੁੱਤਰ ਬਬਨਪ੍ਰੀਤ ਸਿੰਘ ਉਰਫ ਹਨੀ ਨੇ ਦੱਸਿਆ ਕਿ ਉਸਦਾ ਪਿਓ ਮੋਟਰਸਾਈਕਲ ਦੀ ਸਰਵਿਸ ਕਰਵਾਉਣ ਪਿੰਡ ਦੇ ਬੱਸ ਸਟੈਂਡ ਤੇ ਮਕੈਨਿਕ ਦੀ ਦੁਕਾਨ 'ਤੇ ਗਏ ਸਨ। ਉੱਥੇ ਹੀ ਬਿਜਲੀ ਦੀ ਦੁਕਾਨ ਕਰਨ ਵਾਲੇ ਬਲਜੀਤ ਸਿੰਘ ਅਤੇ ਉਸ ਦੇ ਪਿਓ ਮੋਹਨ ਸਿੰਘ ਨੇ ਉਸਦੇ ਪਿਓ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਗੱਲ ਐਨੀ ਵੱਧ ਗਈ ਕਿ ਉਨ੍ਹਾਂ ਨੇ ਉਸਦੇ ਪਿਓ ਦੀ ਛਾਤੀ ਵਿੱਚ ਚਾਕੂ ਦੇ ਕਈ ਵਾਰ ਕਰਕੇ ਲਹੂ ਲੁਹਾਨ ਕਰ ਦਿੱਤਾ।
ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਜਿਨ੍ਹਾਂ ਨੇ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ। ਦੋਵੇ ਪਿਓ ਪੁੱਤ ਤੇ ਐਸਾ ਭੂਤ ਸਵਾਰ ਸੀ ਜਿਨ੍ਹਾਂ ਨੇ ਉਸਦੇ ਪਿਓ ਦੀ ਛਾਤੀ ਵਿੱਚ ਚਾਕੂ ਦੇ ਕਈ ਵਾਰ ਕੀਤੇ। ਪਿੰਡ ਨੇੜੇ ਪੁਲਿਸ ਨੇ ਅੱਜ ਨਾਕਾ ਲਾਇਆ ਹੋਇਆ ਸੀ, ਜਿੰਨਾ ਨੂੰ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਪਿੰਡ ਵਾਸੀ ਜ਼ਖ਼ਮੀ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਲੈਕੇ ਪਹੁੰਚੇ ਜਿੱਥੇ ਪਹੁੰਚਣ ਤੇ ਡਾਕਟਰਾਂ ਨੇ ਤਰਸੇਮ ਸਿੰਘ ਨੂੰ ਚੈੱਕ ਕਰਨ ਤੋਂ ਮ੍ਰਿਤਕ ਕਰਾਰ ਦੇ ਦਿੱਤਾ।
ਪਿੰਡ ਵਾਸੀਆਂ ਨੇ ਦੱਸਿਆ ਕਿ ਜਿਨ੍ਹਾਂ ਨੇ ਕਤਲ ਕੀਤਾ ਹੈ, ਉਨ੍ਹਾਂ ਦੀ ਦੁਕਾਨ ਉੱਥੇ ਹੀ ਹੈ। ਮ੍ਰਿਤਕ ਦੇ ਭਤੀਜੇ ਨਾਲ ਉਨ੍ਹਾਂ ਦਾ ਪੈਸਿਆਂ ਦਾ ਲੈਣ ਦੇਣ ਸੀ, ਜਿਸ ਬਾਰੇ ਪਹਿਲਾ ਪੰਚਾਇਤ ਵੀ ਹੋ ਚੁੱਕੀ ਹੈ। ਪਿੰਡ ਵਾਸੀ ਦੀ ਮੌਤ ਹੋਣ ਦੀ ਖ਼ਬਰ ਮਿਲਣ ਤੇ ਪਿੰਡ ਵਿੱਚ ਮਾਤਮ ਛਾ ਗਿਆ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈਕੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤੀ ਹੈ।
ਹਪਸਤਾਲ ਵਿਚ ਮੌਜੂਦ ਪਿੰਡ ਵਾਸੀਆ ਨੇ ਦੱਸਿਆ ਕਿ ਤਰਸੇਮ ਸਿੰਘ ਬਹੁਤ ਹੀ ਧਾਰਮਿਕ ਵਿਚਾਰਾਂ ਵਾਲਾ ਵਿਅਕਤੀ ਸੀ। ਜਿਸ ਦੀ ਪੂਰੇ ਪਿੰਡ ਵਿੱਚ ਕਿਸੇ ਨਾਲ ਕੋਈ ਲੜਾਈ ਨਹੀਂ ਸੀ। ਜਿਨ੍ਹਾਂ ਨੇ ਕਤਲ ਕੀਤਾ ਹੈ ਉਨ੍ਹਾਂ ਦਾ ਤਰਸੇਮ ਨਾਲ ਕੋਈ ਲੈਣ ਦੇਣ ਵੀ ਨਹੀਂ ਸੀ। ਭਤੀਜੇ ਨਾਲ ਲੈਣ ਦੇਣ ਦੀ ਗੱਲ ਦਾ ਬਹਾਨਾ ਬਣਾ ਕੇ ਕਤਲ ਕੀਤਾ ਗਿਆ ਹੈ।