ਮੁਹਾਲੀ 11-ਫੇਜ਼ ਕਤਲ ਮਾਮਲਾ... ਮੁੱਖ ਦੋਸ਼ੀ ਸਮੇਤ ਚਾਰ ਕਾਬੂ, ਨੇਪਾਲ ਭੱਜਣ ਦੀ ਫਿਰਾਕ 'ਚ ਸਨ ਮੁਲਜ਼ਮ
ਐਸਪੀ ਸੌਰਵ ਜਿੰਦਲ (ਜਾਂਚ) ਨੇ ਕਿਹਾ ਕਿ ਮੁਲਜ਼ਮ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ, ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਂਦੀ ਹੈ। ਅਜਿਹਾ ਇਸ ਲਈ ਕੀਤਾ ਜਾਵੇਗਾ ਤਾਂ ਜੋ ਕਤਲ ਕੇਸ ਸਬੰਧੀ ਹੋਰ ਜਾਂਚ ਕੀਤੀ ਜਾ ਸਕੇ। ਮਾਮਲੇ ਦੀ ਜਾਂਚ ਜਾਰੀ ਹੈ।
Publish Date: Mon, 23 Feb 2026 11:51 AM (IST)
Updated Date: Mon, 23 Feb 2026 03:44 PM (IST)
ਰਣਜੀਤ ਸਿੰਘ ਰਾਣਾ ਐਸ ਏ ਐਸ ਨਗਰ; ਮੁਹਾਲੀ ਦੇ ਥਾਣਾ ਫੇਜ਼-11 ਦੇ ਇਲਾਕੇ ਵਿਚ ਸ਼ਿਵਰਾਤਰੀ ਮੌਕੇ ਨੌਜਵਾਨ ਗੁਰਸੇਵਕ ਸਿੰਘ ਦੇ ਕਤਲ ਮਾਮਲੇ ਵਿਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਮੁਹਾਲੀ ਪੁਲਿਸ ਨੇ ਮੁੱਖ ਮੁਲਜ਼ਮ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੌਰਵ, ਮੋਨਾ, ਕੇਸ਼ਵ ਅਤੇ ਸਰਵਣ ਵਜੋਂ ਹੋਈ ਹੈ।
ਐਸਪੀ ਸੌਰਵ ਜਿੰਦਲ (ਜਾਂਚ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਮੁਲਜ਼ਮ ਨੇਪਾਲ ਬਾਰਡਰ ਰਾਹੀਂ ਦੇਸ਼ ਤੋਂ ਫਰਾਰ ਹੋਣ ਦੀ ਫਿਰਾਕ ਵਿਚ ਸਨ। ਪੁਲਿਸ ਨੇ ਇਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਹਰਦੋਈ ਇਲਾਕੇ ਤੋਂ ਉਸ ਵੇਲੇ ਕਾਬੂ ਕੀਤਾ ਜਦੋਂ ਇਹ ਭੱਜਣ ਦੀ ਤਿਆਰੀ ਕਰ ਰਹੇ ਸਨ। ਉਹਨਾਂ ਦੱਸਿਆ ਕਿ ਇਹ ਕਾਰਵਾਈ ਐੱਸ.ਐੱਸ.ਪੀ. ਮੁਹਾਲੀ ਹਰਮਨਦੀਪ ਸਿੰਘ ਹਾਂਸ ਦੇ ਨਿਰਦੇਸ਼ਾਂ ‘ਤੇ ਗਠਿਤ ਵਿਸ਼ੇਸ਼ ਟੀਮ ਵਲੋਂ ਅੰਜਾਮ ਦਿੱਤੀ ਗਈ।
ਪੁਲਿਸ ਨੇ ਫਿਲਮੀ ਅੰਦਾਜ਼ ਵਿਚ ਗਿਰਫ਼ਤਾਰੀ ਕਰਦੇ ਹੋਏ ਇਕ ਮੁਲਜ਼ਮ ਦੀ ਪਛਾਣ ਕਰਨ ਲਈ ‘ਕੇਸ਼ਵ’ ਦਾ ਨਾਮ ਪੁਕਾਰਿਆ। ਜਵਾਬ ਮਿਲਣ ‘ਤੇ ਤੁਰੰਤ ਉਸਨੂੰ ਦਬੋਚ ਲਿਆ ਗਿਆ ਅਤੇ ਬਾਕੀਆਂ ਨੂੰ ਵੀ ਕਾਬੂ ਕਰ ਲਿਆ ਗਿਆ।
ਐਸਪੀ ਸੌਰਵ ਜਿੰਦਲ (ਜਾਂਚ)ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਕਤਲ ਕਾਂਡ ਸਬੰਧੀ ਹੋਰ ਪੁੱਛਗਿੱਛ ਕੀਤੀ ਜਾ ਸਕੇ। ਮਾਮਲੇ ਦੀ ਜਾਂਚ ਜਾਰੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦੋ ਨਾਬਾਲਿਗਾਂ ਸਮੇਤ 12 ਮੁਲਜ਼ਮਾਂ ਨੂੰ ਪੁਲਿਸ ਪਹਿਲਾ ਹੀ ਗ੍ਰਿਫਤਾਰ ਕਰ ਚੁੱਕੀ ਹੈ ।