ਲਾਵਾਰਿਸ ਪਸ਼ੂ ਸੜਕ ’ਤੇ ਘੁੰਮਦਾ ਨਜ਼ਰ ਆਇਆ ਤਾਂ ਅਧਿਕਾਰੀਆਂ ਦੀ ਖੈਰ ਨਹੀਂ, ਗਊਧਨ ਦੀ ਸੰਭਾਲ ਲਈ ਸਖ਼ਤ ਹਦਾਇਤਾਂ ਜਾਰੀ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਹੋਈ ਸਮੀਖਿਆ ਬੈਠਕ ਦੌਰਾਨ ਕੀਮਤੀ ਲਾਲ ਭਗਤ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੇਸਹਾਰਾ ਅਤੇ ਲਾਵਾਰਿਸ ਗਊਧਨ ਨੂੰ ਤੁਰੰਤ ਗਊਸ਼ਾਲਾਵਾਂ ਅਤੇ ਸਰਕਾਰੀ ਕੈਟਲ ਪਾਊਂਡਾਂ ਵਿੱਚ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਸੜਕਾਂ ’ਤੇ ਘੁੰਮਦੇ ਪਸ਼ੂ ਟ੍ਰੈਫਿਕ ਵਿੱਚ ਰੁਕਾਵਟ ਪੈਦਾ ਕਰਨ ਦੇ ਨਾਲ-ਨਾਲ ਹਾਦਸਿਆਂ ਅਤੇ ਫ਼ਸਲਾਂ ਦੇ ਨੁਕਸਾਨ ਦਾ ਕਾਰਨ ਵੀ ਬਣਦੇ ਹਨ।
Publish Date: Thu, 11 Jun 2026 08:54 AM (IST)
Updated Date: Thu, 11 Jun 2026 08:56 AM (IST)
ਪੰਜਾਬੀ ਜਾਗਰਣ ਰਿਪੋਰਟਰ, ਮੁਹਾਲੀ : ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕੀਮਤੀ ਲਾਲ ਭਗਤ ਨੇ ਕਿਹਾ ਹੈ ਕਿ ਸੂਬੇ ਵਿੱਚ ਗਊਧਨ ਦੀ ਸੁਰੱਖਿਆ ਅਤੇ ਸੰਭਾਲ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੜਕਾਂ ’ਤੇ ਲਾਵਾਰਿਸ ਪਸ਼ੂ ਘੁੰਮਦੇ ਨਜ਼ਰ ਆਏ ਤਾਂ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਹੋਈ ਸਮੀਖਿਆ ਬੈਠਕ ਦੌਰਾਨ ਕੀਮਤੀ ਲਾਲ ਭਗਤ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੇਸਹਾਰਾ ਅਤੇ ਲਾਵਾਰਿਸ ਗਊਧਨ ਨੂੰ ਤੁਰੰਤ ਗਊਸ਼ਾਲਾਵਾਂ ਅਤੇ ਸਰਕਾਰੀ ਕੈਟਲ ਪਾਊਂਡਾਂ ਵਿੱਚ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਸੜਕਾਂ ’ਤੇ ਘੁੰਮਦੇ ਪਸ਼ੂ ਟ੍ਰੈਫਿਕ ਵਿੱਚ ਰੁਕਾਵਟ ਪੈਦਾ ਕਰਨ ਦੇ ਨਾਲ-ਨਾਲ ਹਾਦਸਿਆਂ ਅਤੇ ਫ਼ਸਲਾਂ ਦੇ ਨੁਕਸਾਨ ਦਾ ਕਾਰਨ ਵੀ ਬਣਦੇ ਹਨ।
ਬੈਠਕ ਦੌਰਾਨ ਕੈਟਲ ਪਾਊਂਡ ਮਗਰਾ (ਲਾਲੜੂ) ਦੀ ਸਮਰੱਥਾ, ਜ਼ਿਲ੍ਹੇ ਵਿੱਚ ਲਾਵਾਰਿਸ ਗਊਧਨ ਦੀ ਗਿਣਤੀ ਅਤੇ ਉਨ੍ਹਾਂ ਦੀ ਸੰਭਾਲ ਸਬੰਧੀ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਵਾਈਸ ਚੇਅਰਮੈਨ ਨੇ ਪਸ਼ੂਆਂ ਦੇ ਟੀਕਾਕਰਨ, ਸਿਹਤ ਜਾਂਚ ਅਤੇ ਇਲਾਜ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਪਸ਼ੂ ਸੜਕਾਂ ’ਤੇ ਛੱਡਣ ਵਾਲੇ ਡੇਅਰੀ ਫਾਰਮ ਮਾਲਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਗਊ ਸੇਵਾ ਸੈੱਸ ਦੀ ਵਰਤੋਂ, ਗਊ ਤਸਕਰੀ ਅਤੇ ਗਊ ਹੱਤਿਆ ਨਾਲ ਸਬੰਧਤ ਮਾਮਲਿਆਂ ਦੀ ਵੀ ਸਮੀਖਿਆ ਕੀਤੀ ਗਈ। ਉਨ੍ਹਾਂ ਸਲਾਟਰ ਹਾਊਸਾਂ ਦੀ ਨਿਯਮਤ ਜਾਂਚ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ।