ਮੁਹਾਲੀ ਦੇ ਪਿੰਡ ਸੋਹਾਣਾ ਵਿਚ ਮਨਾਈ ਜਾਂਦੀ ਹੈ ਅਜੀਬ ਹੋਲੀ, ਦੁਕਾਨਾਂ ਤੇ ਘਰਾਂ ਦੇ ਬਾਹਰ ਟੰਗ ਦਿੱਤੇ ਜਾਂਦੇ ਹਨ ਜਾਨਵਰਾਂ ਦੇ ਪਿੰਜਰ
ਉਨ੍ਹਾਂ ਦੇ ਬਜ਼ੁਰਗਾਂ ਨੇ ਵੀ ਇਹੀ ਗੱਲ ਦੱਸੀ ਕਿ ਪਹਿਲੇ ਸਮਿਆਂ ਵਿਚ ਸਾਧਨਾਂ ਦੀ ਘਾਟ ਕਾਰਨ ਲੋਕ ਰੰਗਾਂ ਦੀ ਵਰਤੋਂ ਨਹੀਂ ਕਰਦੇ ਸਨ ਅਤੇ ਲੋਕਾਂ ਦੇ ਘਰਾਂ ਦੇ ਬਾਹਰ ਬਣੇ ਮਿੱਟੀ ਦੇ ਚੁੱਲਿਆਂ ਤੋਂ ਸੁਆਹ ਇਕੱਠੀ ਕਰ ਲੈਂਦੇ ਸਨ ਅਤੇ ਹੋਲੀ 'ਤੇ ਉਹੀ ਸੁਆਹ ਇਕ ਦੂਜੇ 'ਤੇ ਛਿੜਕਦੇ ਸਨ।
Publish Date: Fri, 06 Mar 2026 11:50 AM (IST)
Updated Date: Fri, 06 Mar 2026 11:52 AM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੇ ਪਿੰਡ ਸੋਹਾਣਾ ਵਿਚ ਅਜੀਬ ਤਰ੍ਹਾਂ ਦੀ ਹੋਲੀ ਮਨਾਈ ਜਾਂਦੀ ਹੈ। ਜਿੱਥੇ ਹੋਲੀ ਵਾਲੇ ਦਿਨ ਹਡਵਾਰ ਤੋਂ ਪਸ਼ੂਆਂ ਦੀਆਂ ਹੱਡੀਆਂ ਅਤੇ ਪਿੰਜਰ ਲਿਆ ਕੇ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਟੰਗ ਦਿੱਤੇ ਜਾਂਦੇ ਹਨ। ਇਸ ਸਬੰਧੀ ਪਿੰਡ ਵਿਚ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਇਸ ਪਿੰਡ ਦੀ ਇਹ ਬਹੁਤ ਪੁਰਾਣੀ ਰਵਾਇਤ ਹੈ, ਜੋ ਕਈ ਸਦੀਆਂ ਤੋਂ ਚਲੀ ਆ ਰਹੀ ਹੈ। ਜਦੋਂ ਕਿ ਕੁਝ ਲੋਕ ਇਸ ਨੂੰ ਸਿਰਫ਼ ਹੁੱਲੜਬਾਜ਼ੀ ਹੀ ਕਹਿੰਦੇ ਹਨ।
ਇਸ ਵਾਰ ਵੀ ਹੋਲੀ ਦੇ ਦਿਨ ਕਈ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਪਸ਼ੂਆਂ ਦੀਆਂ ਹੱਡੀਆਂ ਅਤੇ ਪਿੰਜਰ ਲਟਕਦੇ ਮਿਲੇ ਹਨ। ਜਿਸ ਨੂੰ ਲੋਕਾਂ ਨੇ ਸਵੇਰੇ ਉਥੋਂ ਹਟਾ ਦਿੱਤਾ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਵਾਸੀ ਪਿੰਡ ਸੋਹਾਣਾ ਨੇ ਦੱਸਿਆ ਕਿ ਸੋਹਾਣਾ ਉਨ੍ਹਾਂ ਦਾ ਜੱਦੀ ਪਿੰਡ ਹੈ ਅਤੇ ਉਹ ਇੱਥੇ ਹੀ ਪਲਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਪਰੰਪਰਾ ਨਹੀਂ ਹੈ ਪਰ ਇਹ ਸਭ ਕੁਝ ਹੰਗਾਮਾ ਅਤੇ ਸ਼ਰਾਰਤ ਨਾਲ ਕੀਤਾ ਗਿਆ ਹੈ।
ਉਨ੍ਹਾਂ ਦੇ ਬਜ਼ੁਰਗਾਂ ਨੇ ਵੀ ਇਹੀ ਗੱਲ ਦੱਸੀ ਕਿ ਪਹਿਲੇ ਸਮਿਆਂ ਵਿਚ ਸਾਧਨਾਂ ਦੀ ਘਾਟ ਕਾਰਨ ਲੋਕ ਰੰਗਾਂ ਦੀ ਵਰਤੋਂ ਨਹੀਂ ਕਰਦੇ ਸਨ ਅਤੇ ਲੋਕਾਂ ਦੇ ਘਰਾਂ ਦੇ ਬਾਹਰ ਬਣੇ ਮਿੱਟੀ ਦੇ ਚੁੱਲਿਆਂ ਤੋਂ ਸੁਆਹ ਇਕੱਠੀ ਕਰ ਲੈਂਦੇ ਸਨ ਅਤੇ ਹੋਲੀ 'ਤੇ ਉਹੀ ਸੁਆਹ ਇਕ ਦੂਜੇ 'ਤੇ ਛਿੜਕਦੇ ਸਨ। ਇਸ ਲਈ ਜੋ ਕਿਹਾ ਜਾ ਰਿਹਾ ਹੈ ਕਿ ਸੋਹਾਣਾ ਵਿਚ ਸ਼ਮਸ਼ਾਨ ਘਾਟ ਦੀਆਂ ਅਸਥੀਆਂ ਨਾਲ ਹੋਲੀ ਖੇਡੀ ਜਾਂਦੀ ਹੈ, ਉਹ ਵੀ ਪੂਰੀ ਤਰ੍ਹਾਂ ਗ਼ਲਤ ਹੈ।
ਇਸੇ ਤਰ੍ਹਾਂ ਸੋਹਾਣਾ ਦੇ ਵਸਨੀਕ ਸੁੰਦਰ ਲਾਲ ਅਗਰਵਾਲ ਨੇ ਕਿਹਾ ਕਿ ਇਹ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ। ਜਿਸ ਵਿਚ ਸ਼ਮਸ਼ਾਨ ਘਾਟ ਦੀ ਰਾਖ ਨੂੰ ਦੁਕਾਨਾਂ ਦੇ ਬਾਹਰ ਸੁੱਟਣਾ ਉੱਚ ਮੰਨਿਆ ਜਾਂਦਾ ਸੀ ਕਿ ਇਸ ਨਾਲ ਦੁਕਾਨਦਾਰੀ ਵੱਧਦੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਸਮੇਂ ਵਿਚ ਸੋਹਾਣਾ ਦੇ ਬਾਜ਼ਾਰ ਵਿਚ ਪੂਰੀ ਗਹਿਮਾ ਗਹਿਮੀ ਰਹਿੰਦੀ ਸੀ ਪ੍ਰੰਤੂ ਜਿਉਂ-ਜਿਉਂ ਇਹ ਪਰੰਪਰਾ ਘਟਦੀ ਜਾ ਰਹੀ ਹੈ, ਉਸੇ ਤਰ੍ਹਾਂ ਬਾਜ਼ਾਰ ਦੀਆਂ ਰੌਣਕਾਂ ਵੀ ਖ਼ਤਮ ਹੋ ਗਈਆਂ ਹਨ।