ਗੈਂਗਸਟਰ ਗੋਲਡੀ ਬਰਾੜ ਦੇ ਨਾਂ ’ਤੇ ਬਿਲਡਰ ਤੋਂ ਮੰਗੀ 2 ਕਰੋੜ ਦੀ ਫਿਰੌਤੀ, ਦਹਿਸ਼ਤ ’ਚ ਪਰਿਵਾਰ
ਉਨ੍ਹਾਂ ਨੇ ਇਸ ਸਬੰਧੀ ਮੁਹਾਲੀ ਦੇ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਅਨੁਸਾਰ 5 ਜਨਵਰੀ ਦੀ ਸ਼ਾਮ ਨੂੰ ਉਨ੍ਹਾਂ ਦੇ ਮੋਬਾਈਲ ਫੋਨ ’ਤੇ ਵ੍ਹਟਸਐੱਪ ਰਾਹੀਂ ਦੋ ਕਾਲਾਂ ਆਈਆਂ।
Publish Date: Thu, 15 Jan 2026 10:42 AM (IST)
Updated Date: Thu, 15 Jan 2026 10:50 AM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੇ ਬਿਲਡਰ ਨੂੰ ਅੰਡਰਵਰਲਡ ਦੇ ਨਾਂ ’ਤੇ 2 ਕਰੋੜ ਰੁਪਏ ਦੀ ਫਿਰੌਤੀ ਲਈ ਧਮਕੀ ਭਰਿਆ ਫੋਨ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੇ ਜਿੱਥੇ ਬਿਲਡਰ ਦੇ ਪਰਿਵਾਰ ਨੂੰ ਦਹਿਸ਼ਤ ਵਿਚ ਪਾ ਦਿੱਤਾ ਹੈ, ਉੱਥੇ ਹੀ ਇਲਾਕੇ ਦੇ ਹੋਰਨਾਂ ਵਪਾਰੀਆਂ ਵਿਚ ਵੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਹ ਮਾਮਲਾ ‘ਚਿਰਾਗ ਗਰੁੱਪਸ’ ਦੇ ਮੈਨੇਜਿੰਗ ਡਾਇਰੈਕਟਰ ਪ੍ਰਕਾਸ਼ ਠਾਕੁਰ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਇਸ ਸਬੰਧੀ ਮੁਹਾਲੀ ਦੇ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਅਨੁਸਾਰ 5 ਜਨਵਰੀ ਦੀ ਸ਼ਾਮ ਨੂੰ ਉਨ੍ਹਾਂ ਦੇ ਮੋਬਾਈਲ ਫੋਨ ’ਤੇ ਵ੍ਹਟਸਐੱਪ ਰਾਹੀਂ ਦੋ ਕਾਲਾਂ ਆਈਆਂ। ਫੋਨ ਕਰਨ ਵਾਲੇ ਨੇ ਖ਼ੁਦ ਨੂੰ ਗੈਂਗਸਟਰ ਗੋਲਡੀ ਬਰਾੜ ਗਰੁੱਪ ਦਾ ਮੈਂਬਰ ਦੱਸਿਆ ਅਤੇ ਸਿੱਧੇ ਤੌਰ ’ਤੇ 2 ਕਰੋੜ ਰੁਪਏ ਦੀ ਮੰਗ ਕੀਤੀ। ਕਾਲ ਕਰਨ ਵਾਲੇ ਨੇ ਧਮਕੀ ਦਿੱਤੀ ਕਿ ਜੇ ਪੈਸੇ ਨਾ ਦਿੱਤੇ ਗਏ ਤਾਂ ਗੋਲ਼ੀ ਚਲਾਈ ਜਾਵੇਗੀ। ਉਸ ਨੇ ਇਹ ਵੀ ਕਿਹਾ ਕਿ ਭਾਵੇਂ ਕਿੰਨੀ ਵੀ ਸੁਰੱਖਿਆ ਕਿਉਂ ਨਾ ਰੱਖ ਲਈ ਜਾਵੇ, ਉਹ ਆਪਣੀ ਧਮਕੀ ਨੂੰ ਅੰਜਾਮ ਦੇ ਕੇ ਰਹਿਣਗੇ। ਫੋਨ ਕਰਨ ਵਾਲੇ ਨੇ ਇਕ ਹਫ਼ਤੇ ਬਾਅਦ ਦੁਬਾਰਾ ਸੰਪਰਕ ਕਰਨ ਦੀ ਗੱਲ ਕਹਿ ਕੇ ਫੋਨ ਕੱਟ ਦਿੱਤਾ। ਪ੍ਰਕਾਸ਼ ਠਾਕੁਰ ਨੇ ਦੱਸਿਆ ਕਿ ਇਸ ਧਮਕੀ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਇੰਨਾ ਡਰਿਆ ਹੋਇਆ ਹੈ ਕਿ ਉਨ੍ਹਾਂ ਨੇ ਘਰੋਂ ਬਾਹਰ ਨਿਕਲਣਾ ਅਤੇ ਕੰਮ ’ਤੇ ਜਾਣਾ ਵੀ ਬੰਦ ਕਰ ਦਿੱਤਾ ਹੈ।
ਪੁਲਿਸ ਵੱਲੋਂ ਜਾਂਚ ਸ਼ੁਰੂ
ਮੁਹਾਲੀ ਪੁਲਿਸ ਅਧਿਕਾਰੀਆਂ ਅਨੁਸਾਰ ਕਾਲ ਡਿਟੇਲ ਰਿਕਾਰਡ, ਵ੍ਹਟਸਐੱਪ ਨੰਬਰਾਂ ਅਤੇ ਆਡੀਓ ਰਿਕਾਰਡਿੰਗ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਸ ਗੱਲ ਦੀ ਵੀ ਪੜਤਾਲ ਕਰ ਰਹੀ ਹੈ ਕਿ ਧਮਕੀ ਦੇਣ ਵਾਲਾ ਵਿਅਕਤੀ ਸੱਚਮੁੱਚ ਗੋਲਡੀ ਬਰਾੜ ਗੈਂਗ ਨਾਲ ਜੁੜਿਆ ਹੋਇਆ ਹੈ ਜਾਂ ਕੋਈ ਹੋਰ ਸ਼ਰਾਰਤੀ ਅਨਸਰ ਉਸ ਦੇ ਨਾਂ ਦੀ ਵਰਤੋਂ ਕਰ ਕੇ ਫਿਰੌਤੀ ਮੰਗ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਬਿਲਡਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।