ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਤੋਂ ਰਾਹਤ ਸਮਗਰੀ ਕੀਤੀ ਰਵਾਨਾ
ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਤੋਂ ਹੜ ਪੀੜਤਾਂ ਲਈ ਰਾਹਤ ਸਮਗਰੀ ਲੈ ਕੇ ਨੌਜਵਾਨ ਰਵਾਨਾ
Publish Date: Wed, 03 Sep 2025 04:40 PM (IST)
Updated Date: Wed, 03 Sep 2025 04:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਤੋਂ ਫਾਜਿਲਕਾ ਇਲਾਕੇ ਦੇ ਹੜ ਪੀੜਤਾਂ ਦੀ ਸਹਾਇਤਾ ਲਈ 20 ਦੇ ਕਰੀਬ ਨੌਜਵਾਨਾਂ ਦਾ ਜਥਾ ਗੁਰੂਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਜੀ ਦੀ ਅਗਵਾਈ ਵਿਚ ਲੰਗਰ, ਸੁੱਕਾ ਰਾਸ਼ਨ ਅਤੇ ਹੋਰ ਰਾਹਤ ਸਮਗਰੀ ਲੈ ਕੇ ਰਵਾਨਾ ਹੋਏ। ਇਸ ਮੌਕੇ ਪਹਿਲਾਂ ਗੁਰੂ ਘਰ ਵਿਖੇ ਹੜ ਪੀੜਤਾਂ ਨੂੰ ਇਸ ਮੁਸ਼ਕਲ ਨਾਲ ਨਜਿੱਠਣ ਦਾ ਬਲ ਦੇਣ ਲਈ ਅਤੇ ਲੰਗਰ ਦੀ ਸੇਵਾ ਪ੍ਰਵਾਨਗੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸੰਤ ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਇਸ ਸਮੇਂ ਕਰੀਬ ਅੱਧਾ ਪੰਜਾਬ ਪਾਣੀ ਦੀ ਮਾਰ ਹੇਠ ਹੈ ਅਤੇ ਇਹ ਆਪਦਾ ਬਹੁਤ ਵੱਡੀ ਹੈ। ਇਸਦਾ ਮੁਕਾਬਲਾ ਸਾਰਾ ਪੰਜਾਬ ਮਿਲ ਕੇ ਇਕੱਠੇ ਇਕ ਜੁੱਟ ਹੋ ਕੇ ਹੀ ਕਰ ਸਕਦਾ ਹੈ। ਬਾਬਾ ਜੀ ਨੇ ਕਿਹਾ ਕਿ ਅਜਿਹੀਆਂ ਆਪਦਾਵਾਂ ਦਾ ਸੰਤਾਪ ਲੰਮਾ ਸਮਾਂ ਝੱਲਣਾ ਪੈਂਦਾ ਹੈ ਇਸ ਲਈ ਜਿੱਥੇ ਹੁਣ ਇਨਾਸਨਾਂ ਲਈ ਲੰਗਰ ਪਾਣੀ ਅਤੇ ਡੰਗਰ ਆਦਿ ਲਈ ਚਾਰੇ ਦੀ ਸਹਾਇਤਾ ਕੀਤੀ ਜਾਣੀ ਹੈ ਉਥੇ ਹੀ ਪਾਣੀ ਘਟਣ ਤੋਂ ਬਾਅਦ ਵੀ ਮੁੜ ਵਸੇਬੇ ਲਈ ਵੀ ਇਨ੍ਹਾਂ ਬਿਪਤਾ ਮਾਰੇ ਪੰਜਾਬੀ ਭੈਣਾ ਭਰਾਵਾਂ ਦੇ ਨਾਲ ਖੜਣ ਦੀ ਲੋੜ ਹੈ। ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਇਸ ਗੁਰੂ ਘਰ ਤੋਂ ਇਲਾਕਾ ਨਿਵਾਸੀ ਸੰਗਤ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਮੇਂ ਸਮੇਂ ਤੇ ਇਨ੍ਹਾਂ ਇਲਾਕਿਆਂ ’ਚ ਪਹੁੰਚ ਕਰਕੇ ਜਰੂਰਤ ਅਨੁਸਾਰ ਸਹਾਇਤਾ ਕੀਤੀ ਜਾਂਦੀ ਰਹੇਗੀ। ਨੌਜਵਾਨਾਂ ਦੇ ਇਸ ਜਥੇ ਨਾਲ ਅਗਵਾਈ ਕਰਨ ਲਈ ਬਾਬਾ ਬਲਜੀਤ ਸਿੰਘ ਨੇ ਖੁਦ ਵੀ ਚਾਲੇ ਪਏ ਤਾਂ ਜੋ ਪੀੜਤ ਪਰਿਵਾਰਾਂ ਦੀ ਮਦਦ ਦੇ ਨਾਲ ਨਾਲ ਦੁੱਖ ਸੁਖ ਵੀ ਸਾਂਝਾ ਕੀਤਾ ਜਾਵੇ ਅਤੇ ਬਿਮਾਰੀਆਂ ਨਾਲ ਝੁਜ ਰਹੇ ਪ੍ਰਾਣੀਆਂ ਦਾ ਵੀ ਪਤਾ ਲਾ ਕੇ ਉਹਨਾਂ ਨੂੰ ਬਾਅਦ ਵਿਚ ਜਰੂਰਤ ਅਨੁਸਾਰ ਦਵਾਈਆਂ ਆਦਿ ਭੇਜੀਆ ਜਾ ਸਕਣ । ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਹੈਪੀ, ਮੀਤ ਪ੍ਰਧਾਨ ਸੁਰਿੰਦਰ ਸਿੰਘ ਬੱਗਾ, ਖਜਾਨਚੀ ਜੱਜਪਾਲ ਸ਼ਰਮਾ, ਸਕੱਤਰ ਭਾਈ ਜਗਮੀਤ ਸਿੰਘ ਖਾਲਸਾ, ਜਸਪ੍ਰੀਤ ਸਿੰਘ ਮਾਣਾ, ਅਮਨਦੀਪ ਸਿੰਘ, ਮਹਿੰਦਰ ਸਿੰਘ, ਅਸ਼ਵਨੀ ਗੋਇਲ, ਜਸ਼ਨਪ੍ਰੀਤ ਸਿੰਘ ਅਤੇ ਗੁਰਮਨਪ੍ਰੀਤ ਸਿੰਘ ਆਦ ਸਮੇਤ ਵੱਡੀ ਗਿਣਤੀ ਸੰਗਤ ਹਾਜਰ ਸੀ।