ਦਸਮੇਸ਼ ਸਕੂਲ ਬਿਲਾਸਪੁਰ ’ਚ ਮਜ਼ਦੂਰ ਦਿਵਸ ਮਨਾਇਆ
ਸਿੱਖਿਆ ਖ਼ੇਤਰ ਦੀ ਨਾਮਵਰ ਸੰਸਥਾ
Publish Date: Thu, 30 Apr 2026 04:11 PM (IST)
Updated Date: Fri, 01 May 2026 04:05 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਸਿੱਖਿਆ ਖ਼ੇਤਰ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਕੌਮਾਂਤਰੀ ਮਜ਼ਦੂਰ ਦਿਵਸ ਉਤਸ਼ਾਹ ਪੂਰਬਕ ਮਨਾਇਆ ਗਿਆ। ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਮਜ਼ਦੂਰ ਦਿਵਸ ਦੇ ਪਿਛੋਕੜ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਆਪਣੇ ਹੱਕ ਮੰਗਦੇ ਮਜ਼ਦੂਰਾਂ ਉਪਰ ਹੋਏ ਬੇਤਹਾਸ਼ਾ ਤਸੱਦਦ ਕਾਰਨ ਉਥੋਂ ਦੀ ਧਰਤੀ ਕਿਰਤੀਆਂ ਦੇ ਖ਼ੂਨ ਨਾਲ ਲਾਲ ਹੋ ਗਈ ਸੀ। ਅਖ਼ੀਰ ਵਿਚ ਸਮੇਂ ਦੀ ਜਾਬਰ ਹਕੂਮਤ ਨੂੰ ਝੁਕਣਾ ਪਿਆ ਅਤੇ ਮਜ਼ਦੂਰਾਂ ਦੀਆਂ ਮੰਗਾਂ ਮੰਨਣੀਆਂ ਪਈਆਂ। ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਕਿਰਤੀ ਵਰਗ ਸਮਾਜ ਦੀ ਰੀੜ੍ਹ ਦੀ ਹੱਡੀ ਹੈ। ਦੁਨੀਆ ਦੇ ਵਿਕਾਸ ਵਿਚ ਕਿਰਤੀ ਵਰਗ ਨੇ ਆਪਣਾ ਖ਼ੂਨ ਪਸੀਨਾ ਵਹਾਇਆ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਦਿਨ ਰਾਤ ਮਿਹਨਤ ਕਰਨ ਵਾਲੇ ਮਜ਼ਦੂਰਾਂ ਦੀ ਆਰਥਿਕ ਹਾਲਤ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ। ਵਾਈਸ ਪ੍ਰਿੰਸੀਪਲ ਮੀਨਾ ਜੈਨ ਅਤੇ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾ ਨੇ ਕਿਹਾ ਕਿ ਕਿਰਤੀ ਵਰਗ ਦੀ ਦਸ਼ਾ ਸੁਧਾਰਨ ਲਈ ਉਨ੍ਹਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲਣੀ ਯਕੀਨੀ ਬਣਾਉਣੀ ਚਾਹੀਦੀ ਹੈ। ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਆਪਣੇ ਪੈਗ਼ਾਮ ਵਿਚ ਕਿਹਾ ਕਿ ਮਜ਼ਦੂਰ ਵਰਗ ਨੂੰ ਗੁਰਬਤ ਦੇ ਕੁਚੱਕਰ ’ਚੋਂ ਬਾਹਰ ਕੱਢਣ ਲਈ ਸੰਜ਼ੀਦਾ ਯਤਨਾਂ ਦੀ ਲੋੜ ਹੈ। ਇਨ੍ਹਾਂ ਪਰਿਵਾਰਾਂ ਨੂੰ ਆਰਥਿਕ ਤੌਰ ’ਤੇ ਸਵੈ ਨਿਰਭਰ ਬਣਾਉਣ ਨਾਲ ਹੀ ਮਜ਼ਦੂਰ ਦਿਵਸ ਮਨਾਉਣਾ ਸਾਰਥਿਕ ਹੋ ਸਕਦਾ ਹੈ। ਇਸ ਮੌਕੇ ਹੋਣਹਾਰ ਬੱਚੀ ਜਾਨਵੀ ਮਾਥੁਰ ਨੇ ਮਰਹੂਮ ਸੰਤ ਰਾਮ ਉਦਾਸੀ ਦੇ ਬਹੁ ਚਰਚਿਤ ਗੀਤ ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ ਰਾਹੀਂ ਮਜ਼ਦੂਰ ਦੀ ਦੁਰਦਸ਼ਾ ਨੂੰ ਬਿਆਨ ਕੀਤਾ। ਬਾਲ ਕਲਾਕਾਰਾਂ ਮਨਿੰਦਰਜੀਤ ਕੌਰ ਅਤੇ ਬਲਜਿੰਦਰ ਕੌਰ ਨੇ ਆਪਣੀ ਦਮਦਾਰ ਆਵਾਜ਼ ਵਿਚ ਮੈਂ ਮਜ਼ਦੂਰ ਹਾਂ ਗੀਤ ਪੇਸ਼ ਕਰਕੇ ਖੂਬ ਵਾਹ ਵਾਹ ਖੱਟੀ।