ਮਹਿਲਾ ਸਸ਼ਕਤੀਕਰਨ ਪ੍ਰੋਜੈਕਟ ‘ਸੰਤੁਲਨ’ ਦੇ ਤਹਿਤ ਵਰਕਸ਼ਾਪ ਕਰਵਾਈ
ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਮੋਗਾ
Publish Date: Tue, 05 May 2026 04:23 PM (IST)
Updated Date: Wed, 06 May 2026 04:03 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਮੋਗਾ ਆਸ਼ਰਮ ਵਿਖੇ ਮਹਿਲਾ ਸਸ਼ਕਤੀਕਰਨ ਪ੍ਰੋਜੈਕਟ ‘ਸੰਤੁਲਨ’ ਦੇ ਤਹਿਤ ਇਕ ਵਿਸ਼ੇਸ਼ ਮਹਿਲਾ ਬ੍ਰਿਗੇਡ ਵਰਕਸ਼ਾਪ ਕਰਵਾਈ ਗਈ।ਇਸ ਵਰਕਸ਼ਾਪ ਵਿਚ ਨੌਜਵਾਨ ਬੱਚੀਆਂ ਨੂੰ ਸੰਬੋਧਨ ਕਰਦਿਆਂ ਸਾਧਵੀ ਤਪਸਵਿਨੀ ਭਾਰਤੀ ਨੇ ਕਿਹਾ ਕਿ ਅੱਜ ਸਮਾਜ ਵਿਚ ਅਸ਼ਾਂਤੀ ਅਤੇ ਦਿਸ਼ਾਹੀਣਤਾ ਦਾ ਇਕ ਵੱਡਾ ਕਾਰਨ ਮੋਬਾਈਲ ਫੋਨ ਦੀ ਵੱਧ ਰਹੀ ਆਦਤ ਹੈ, ਜੋ ਨੌਜਵਾਨ ਪੀੜ੍ਹੀ ਦੇ ਭਵਿੱਖ ਨੂੰ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਦਿਸ਼ਾ ਵਿਗੜ ਜਾਂਦੀ ਹੈ ਤਾਂ ਦਸ਼ਾ ਆਪਣੇ ਆਪ ਖ਼ਰਾਬ ਹੋ ਜਾਂਦੀ ਹੈ। ਇਸ ਲਈ ਅੱਜ ਦੀ ਯੁਵਾ ਨਾਰੀ ਨੂੰ ਆਪਣੇ ਅੰਦਰ ਮੌਜੂਦ ਦੈਵੀ ਗੁਣਾਂ ਦੀ ਪਛਾਣ ਕਰਨੀ ਚਾਹੀਦੀ ਹੈ। ਭਾਰਤੀ ਸੰਸਕ੍ਰਿਤੀ ਵਿਚ ਨਾਰੀ ਨੂੰ ਸਦਾ ਸ਼ਕਤੀ ਦਾ ਰੂਪ ਮੰਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ‘ਸੰਤੁਲਨ’ ਪ੍ਰੋਜੈਕਟ ਰਾਹੀਂ ਲੰਬੇ ਸਮੇਂ ਤੋਂ ਨਾਰੀ ਜਾਗਰੂਕਤਾ ਅਤੇ ਨਾਰੀ ਉਥਾਨ ਲਈ ਕਾਰਜ ਕਰ ਰਿਹਾ ਹੈ। ਨਾਰੀ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਜੇਕਰ ਨਾਰੀ ਮਜ਼ਬੂਤ ਹੋਵੇਗੀ ਤਾਂ ਸਮਾਜ ਅਤੇ ਰਾਸ਼ਟਰ ਵੀ ਮਜ਼ਬੂਤ ਹੋਵੇਗਾ। ਅੰਤ ਵਿਚ ਸਾਧਵੀ ਨੇ ਯੁਵਾ ਨਾਰੀ ਵਰਗ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆਪਣੇ ਅੰਦਰ ਦੀ ਸੋਈ ਹੋਈ ਸ਼ਕਤੀ ਨੂੰ ਜਗਾਓ, ਆਪਣੇ ਗੁਣਾਂ ਨੂੰ ਪ੍ਰਗਟ ਕਰੋ ਅਤੇ ਆਤਮਿਕ ਗਿਆਨ ਰਾਹੀਂ ਮਜ਼ਬੂਤ ਬਣੋ। ਉਨ੍ਹਾਂ ਕਿਹਾ ਕਿ ਬ੍ਰਹਮ ਗਿਆਨ ਹੀ ਉਹ ਸਾਧਨ ਹੈ, ਜਿਸ ਰਾਹੀਂ ਮਨੁੱਖ ਆਪਣੀ ਅੰਦਰੂਨੀ ਸ਼ਕਤੀ ਨੂੰ ਪਛਾਣ ਕੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਬਣ ਸਕਦਾ ਹੈ।