ਸੂਖਮ ਤੇ ਲਘੂ ਉਦਯੋਗਾਂ ਦੀ ਮਜ਼ਬੂਤੀ ਤੇ ਵਿਕਾਸ ਲਈ ਵਰਕਸ਼ਾਪ ਲਾਈ
ਸੂਖ਼ਮ, ਲਘੂ ਅਤੇ ਦਰਮਿਆਨੇ ਉਦਯੋਗਾਂ
Publish Date: Fri, 20 Feb 2026 03:29 PM (IST)
Updated Date: Sat, 21 Feb 2026 04:01 AM (IST)

ਜ਼ਿਲ੍ਹਾ ਉਦਯੋਗ ਕੇਂਦਰ ਦੇ ਸਹਿਯੋਗ ਨਾਲ ਕਰਵਾਇਆ ਸਮਾਗਮ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਸੂਖ਼ਮ, ਲਘੂ ਅਤੇ ਦਰਮਿਆਨੇ ਉਦਯੋਗਾਂ ਐੱਮਐੱਸਐੱਮਈ ਦੇ ਮਜ਼ਬੂਤੀਕਰਨ ਅਤੇ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤ ਸਰਕਾਰ ਦੀ ਰੇਜ਼ਿੰਗ ਐਂਡ ਐਕਸੇਲਰੇਟਿੰਗ ਐੱਮਐੱਸਐੱਮਈ ਪਰਫਾਰਮੈਂਸ ਰੈਂਪ ਸਕੀਮ ਤਹਿਤ ਵਰਕਸ਼ਾਪ ਲਗਾਈ ਗਈ । ਇਹ ਵਰਕਸ਼ਾਪ ਮਗਸ਼ੀਪਾ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਦੇ ਸਹਿਯੋਗ ਨਾਲ ਜੀਐੱਮ ਡੀਆਈਸੀ ਫੋਕਲ ਪੁਆਇੰਟ ਮੋਗਾ ਵਿਖੇ ਲਗਾਈ ਗਈ ਜਿਸ ਵਿਚ 100 ਤੋਂ ਵੱਧ ਉਦਮੀਆਂ ਨੇ ਭਾਗ ਲਿਆ। ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਦੇ ਜਨਰਲ ਮੈਨੇਜਰ ਸੁਖਮਿੰਦਰ ਸਿੰਘ ਰੇਖੀ ਨੇ ਉੱਦਮੀਆਂ ਨੂੰ ਵਰਕਸ਼ਾਪ ਦੇ ਉਦੇਸ਼ ਅਤੇ ਲਾਭਾਂ ਬਾਰੇ ਵਿਸਤਾਰ ਨਾਲ ਜਾਣੂੰ ਕਰਵਾਇਆ। ਵਰਕਸ਼ਾਪ ਦੌਰਾਨ ਡਾ. ਸੰਜੀਵ ਗੁਪਤਾ, ਮਗਸ਼ੀਪਾ ਨੇ ਰੈਂਪ ਸਕੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਐੱਮਐੱਸਐੱਮਈ ਲਈ ਸਰਕਾਰ ਵੱਲੋਂ ਉੱਪਲਬਧ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰੋਫ਼ੈਸਰ ਏਕੇ ਵਸ਼ਿਸ਼ਟ ਵੱਲੋਂ ਐੱਮਐੱਸਐੱਮਈ ਲਈ ਅਕਾਊਟਿੰਗ ਅਤੇ ਵਿੱਤ ਦੇ ਬੇਸਿਕ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਵਰਕਸ਼ਾਪ ਦੌਰਾਨ ਉੱਦਮੀਆਂ ਨੂੰ ਆਪਣੀਆਂ ਇਕਾਇਆਂ ਵਿਚ ਊਰਜਾ ਕੁਸ਼ਲਤਾ ਸਬੰਧੀ ਯੋਗ ਉਪਰਾਲੇ ਕਰਨ ਲਈ ਉਤਸ਼ਹਿਤ ਕੀਤਾ ਗਿਆ। ਮੋਗਾ ਦੇ ਉਦੱਮੀਆਂ ਵੱਲੋਂ ਉਦਯੋਗ ਵਿਚ ਆ ਰਹੀਆਂ ਪ੍ਰੇਸ਼ਾਨੀਆਂ ਸਬੰਧੀ ਮਗਸ਼ੀਪਾ ਟੀਮ ਨਾਲ ਵੱਖ ਵੱਖ ਮੁੱਦਿਆਂ ਜਿਵੇਂ ਕਿ ਮਾਰਕੀਟਿੰਗ, ਊਰਜਾ ਕੁਸ਼ਲਤਾ, ਜੈਡ ਸਕੀਮ, ਕਲੱਸਟਰ ਡਿਵੈਲਪਮੈਂਟ ਆਦਿ ਬਾਰੇ ਤਕਨੀਕੀ ਵਿਚਾਰ ਵਟਾਂਦਰਾ ਕੀਤਾ ਗਿਆ । ਚਮਨ ਲਾਲ ਗੋਇਲ ਪ੍ਰਧਾਨ ਭੱਠਾ ਐਸੋਸ਼ੀਏਸ਼ਨ ਨੇ ਦੱਸਿਆ ਕਿ ਪੈਡੀ ਸਟਬਲ ਤੋਂ ਪੈਲਟਸ ਬਣਾਉਣ ਵਾਲੇ ਯੂਨਿਟਸ ਨੂੰ ਇਕ ਕਲੱਸਟਰ ਵਜੋਂ ਸਥਾਪਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ । ਇਸ ਤੋਂ ਇਲਾਵਾ ਡਾ.ਪਰਸ਼ੂਰਾਮ ਸਿੰਘ ਪ੍ਰਧਾਨ ਕੈਟਲ ਫ਼ੀਡ ਐਸੋਸ਼ੀਏਸ਼ਨ ਨੇ ਦੱਸਿਆ ਕਿ ਕੈਟਲਫੀਡ ਦੇ ਕਲੱਸਟਰ ਲਈ ਬਨਣ ਵਾਲੀ ਲੈਬ ਨੂੰ ਐੱਮਐੱਸਈ ਸੀਡੀਪੀ ਅਧੀਨ ਲੈਣ ਦਾ ਫ਼ੈਸਲਾ ਹੋਇਆ ਹੈ ਜਿਸ ਦੀ ਡੀਪੀਆਰ ਜਲਦੀ ਹੀ ਫ਼ਾਈਨਲ ਕੀਤੀ ਜਾਵੇਗੀ। ਉਦਯੋਗਿਕ ਪ੍ਰਸਾਰ ਅਤੇ ਐੱਮਐੱਸਐੱਮਈਜ਼ ਦੇ ਸਮਰੱਥਾ ਨਿਰਮਾਣ ਵੱਲ ਇਹ ਇਕ ਮਹੱਤਵਪੂਰਣ ਕਦਮ ਸਾਬਤ ਹੋਇਆ, ਜਿਸ ਵਿਚ ਉੱਦਮੀਆਂ ਅਤੇ ਉਦਯੋਗਿਕ ਐਸੋਸੀਏਸ਼ਨਾਂ ਵੱਲੋਂ ਭਾਰੀ ਉਤਸਾਹ ਦਿਖਾਇਆ ਗਿਆ। ਇਸ ਵਰਕਸ਼ਾਪ ਨੇ ਜ਼ਿਲ੍ਹਾ ਮੋਗਾ ਦੇ ਉੱਦਮੀਆਂ ਦੀ ਸਮਰੱਥਾ ਨਿਰਮਾਣ ਨੂੰ ਵਧਾਉਂਦੇ ਹੋਏ ਇਕ ਬਹੁਤ ਹੀ ਵਧੀਆ ਪਲੇਟਫਾਰਮ ਵੱਜੋ ਕੰਮ ਕੀਤਾ। ਵਰਕਸ਼ਾਪ ਵਿਚ ਜ਼ਿਲ੍ਹੇ ਦੇ ਉੱਦਮੀਆਂ, ਉਦਯੋਗਿਕ ਐਸੋਸੀਏਸ਼ਨਾਂ ਅਤੇ ਤਕਨੀਕੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਜ਼ਿਲ੍ਹਾ ਲੀਡ ਮੈਨੇਜਰ, ਪੰਜਾਬ ਐਂਡ ਸਿੰਧ ਬੈਂਕ ਮੋਗਾ, ਪ੍ਰਿੰਸੀਪਲ ਸਰਕਾਰੀ ਆਈਟੀਆਈ ਮੋਗਾ, ਜ਼ਿਲ੍ਹਾ ਰੁਜ਼ਗਾਰ ਅਫਸਰ ਮੋਗਾ ਅਤੇ ਆਰਸੇਟੀ ਦੇ ਨੁਮਾਇੰਦੇ ਹਾਜ਼ਰ ਰਹੇ। ਇਸ ਦੇ ਨਾਲ ਹੀ ਵੱਖ ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨ ਵੀ ਸ਼ਾਮਿਲ ਹੋਏ ਜਿੰਨਾਂ ਵਿਚ ਮੋਗਾ ਇੰਡਸਟ੍ਰੀਅਲ ਵੈੱਲਫੇਅਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਜੇਪੀਐੱਸ ਖੰਨਾ, ਅਜੀਤਪਾਲ ਸਿੰਘ ਸੈਕਟਰੀ ਐੱਸਪੀਵੀ ਫ਼ੋਕਲ ਪੁਆਇੰਟ ਮੋਗਾ, ਮੋਗਾ ਇੰਡਸਟ੍ਰੀਅਲ ਫੋਕਲ ਪੁਆਇੰਟ ਡਿਵੈਲਪਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਸੁਭਾਸ਼ ਗਰੋਵਰ, ਬਾਸਮਤੀ ਰਾਇਸ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਗੋਇਲ ਆਦਿ ਮੌਜੂਦ ਰਹੇ।