ਬਾਘਾਪੁਰਾਣਾ ਅਨਾਜ ਮੰਡੀ ’ਚ ਕਣਕ ਦੀ ਲਿਫਟਿੰਗ ਠੱਪ
ਬਾਘਾਪੁਰਾਣਾ ਦੀ ਅਨਾਜ਼
Publish Date: Mon, 04 May 2026 06:00 PM (IST)
Updated Date: Tue, 05 May 2026 04:09 AM (IST)

ਮਜ਼ਦੂਰਾਂ ਨੇ ਮੁੱਖ ਸੜਕ ਜਾਮ ਕਰ ਕੇ ਕੀਤਾ ਰੋਸ ਪ੍ਰਦਰਸ਼ਨ ਪਵਨ ਗਰਗ, ਪੰਜਾਬੀ ਜਾਗਰਣ ਬਾਘਾਪੁਰਾਣਾ : ਬਾਘਾਪੁਰਾਣਾ ਦੀ ਅਨਾਜ਼ ਮੰਡੀ ਵਿਚ ਕਣਕ ਦੀ ਲਿਫ਼ਟਿੰਗ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਮਜ਼ਦੂਰਾਂ ਦਾ ਗੁੱਸਾ ਚਰਮ ’ਤੇ ਪਹੁੰਚ ਗਿਆ। ਗੁੱਸੇ ਨਾਲ ਭੜਕੇ ਮਜ਼ਦੂਰਾਂ ਨੇ ਬਾਘਾ ਪੁਰਾਣਾ ਤੋਂ ਮੁਦਕੀ ਜਾਣ ਵਾਲੇ ਮੁੱਖ ਮਾਰਗ ’ਤੇ ਧਰਨਾ ਲਗਾ ਕੇ ਆਵਾਜਾਈ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਇਸ ਅਚਾਨਕ ਲੱਗੇ ਜਾਮ ਕਾਰਨ ਸੜਕ ਦੇ ਦੋਵਾਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਆਮ ਜਨਤਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਧਰਨੇ ਦੌਰਾਨ ਮਜ਼ਦੂਰਾਂ ਨੇ ਸਰਕਾਰ ਅਤੇ ਸਬੰਧਤ ਵਿਭਾਗਾਂ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਪ੍ਰਗਟਾਇਆ। ਮਜ਼ਦੂਰ ਆਗੂਆਂ ਨੇ ਦੱਸਿਆ ਕਿ ਮੰਡੀ ਵਿਚ ਕਣਕ ਬੋਰੀਆਂ ਵਿਚ ਭਰ ਕੇ ਤਿਆਰ ਪਈ ਹੈ ਪਰ ਪਿਛਲੇ ਕਈ ਦਿਨਾਂ ਤੋਂ ਲਿਫ਼ਟਿੰਗ ਦਾ ਕੰਮ ਪੂਰੀ ਤਰ੍ਹਾਂ ਬੰਦ ਪਿਆ ਹੈ। ਇਸ ਕਾਰਨ ਮੰਡੀ ਵਿਚ ਕਣਕ ਦੇ ਢੇਰ ਲੱਗ ਗਏ ਹਨ ਅਤੇ ਹਾਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਤਪਦੀ ਗਰਮੀ ਵਿਚ ਬੋਰੀਆਂ ਵਿਚ ਪਈ ਕਣਕ ਸੁੱਕ ਰਹੀ ਹੈ, ਜਿਸ ਨਾਲ ਉਸਦਾ ਵਜ਼ਨ ਘਟ ਰਿਹਾ ਹੈ। ਇਸਦਾ ਸਿੱਧਾ ਨੁਕਸਾਨ ਮਜ਼ਦੂਰਾਂ ਨੂੰ ਝੱਲਣਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਮਜ਼ਦੂਰੀ ਵਜ਼ਨ ਅਨੁਸਾਰ ਹੁੰਦੀ ਹੈ। ਮਜ਼ਦੂਰਾਂ ਨੇ ਦਰਦ ਭਰੇ ਲਹਿਜ਼ੇ ਵਿੱਚ ਆਪਣੀ ਹੱਡ-ਬੀਤੀ ਸਾਂਝੀ ਕਰਦਿਆਂ ਕਿਹਾ ਕਿ ਉਹ ਦਿਨ-ਰਾਤ ਮਿਹਨਤ ਕਰਕੇ ਕਣਕ ਦੀ ਭਰਾਈ ਅਤੇ ਲੋਡਿੰਗ ਦਾ ਕੰਮ ਕਰਦੇ ਹਨ ਪਰ ਲਿਫਟਿੰਗ ਨਾ ਹੋਣ ਕਾਰਨ ਉਹਨਾਂ ਦੀ ਕਮਾਈ ਠੱਪ ਹੋ ਗਈ ਹੈ। ਮਜ਼ਦੂਰਾਂ ਨੇ ਦੱਸਿਆ ਕਿ ਜੋ ਕੁਝ ਉਨ੍ਹਾਂ ਨੇ ਕਮਾਇਆ ਸੀ, ਉਹ ਮੰਡੀ ਵਿਚ ਉਡੀਕ ਕਰਦਿਆਂ ਹੀ ਰੋਜ਼ਾਨਾ ਖਾਣ-ਪੀਣ ਅਤੇ ਰਹਿਣ ‘ਤੇ ਖਰਚ ਹੋ ਗਿਆ। ਇੱਕ ਮਜ਼ਦੂਰ ਨੇ ਕਿਹਾ ਅਸੀਂ ਇੱਥੇ ਬੈਠ ਕੇ ਹੀ ਆਪਣੀ ਕਮਾਈ ਖ਼ਤਮ ਕਰ ਲਈ ਹੈ, ਹੁਣ ਹਾਲਾਤ ਐਸੇ ਬਣ ਗਏ ਹਨ ਕਿ ਸਾਨੂੰ ਖਾਲੀ ਹੱਥ ਘਰ ਵਾਪਸ ਜਾਣਾ ਪੈ ਰਿਹਾ ਹੈ।”ਇਸ ਸਥਿਤੀ ਨੇ ਮਜ਼ਦੂਰਾਂ ਨੂੰ ਆਰਥਿਕ ਤੌਰ ’ਤੇ ਕਾਫ਼ੀ ਪ੍ਰਭਾਵਿਤ ਕੀਤਾ ਹੈ। ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ ਨੇ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਡੀਆਂ ਵਿੱਚੋਂ ਕਣਕ ਦੀ ਲਿਫ਼ਟਿੰਗ ਤੁਰੰਤ ਸ਼ੁਰੂ ਨਾ ਕੀਤੀ ਗਈ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ। ਉਨ੍ਹਾਂ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਮਜ਼ਦੂਰਾਂ ਦੀ ਖੱਜਲ-ਖੁਆਰੀ ਹੁਣ ਬਰਦਾਸ਼ਤ ਤੋਂ ਬਾਹਰ ਹੋ ਚੁੱਕੀ ਹੈ ਅਤੇ ਜਲਦ ਹੱਲ ਨਾ ਨਿਕਲਣ ’ਤੇ ਸੰਘਰਸ਼ ਨੂੰ ਵੱਡੇ ਪੱਧਰ ’ਤੇ ਲਿਜਾਇਆ ਜਾਵੇਗਾ। ਇਸ ਧਰਨੇ ਕਾਰਨ ਸਿਰਫ਼ ਮਜ਼ਦੂਰ ਹੀ ਨਹੀਂ, ਸਗੋਂ ਆਮ ਜਨਤਾ ਵੀ ਵੱਡੀ ਪਰੇਸ਼ਾਨੀ ਵਿੱਚ ਫਸ ਗਈ। ਲੋਕ ਘੰਟਿਆਂ ਤੱਕ ਜਾਮ ਵਿਚ ਖੜ੍ਹੇ ਰਹੇ, ਜਿਸ ਨਾਲ ਰੋਜ਼ਾਨਾ ਦੇ ਕੰਮਕਾਜ ‘ਤੇ ਵੀ ਅਸਰ ਪਿਆ। ਕਈ ਲੋਕਾਂ ਨੇ ਪ੍ਰਸ਼ਾਸਨ ਤੋਂ ਜਲਦੀ ਹੱਲ ਦੀ ਮੰਗ ਕੀਤੀ ਹੈ ਤਾਂ ਜੋ ਆਵਾਜਾਈ ਸੁਚਾਰੂ ਹੋ ਸਕੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੁਣ ਸਭ ਦੀਆਂ ਨਜ਼ਰਾਂ ਪ੍ਰਸ਼ਾਸਨ ਵੱਲ ਟਿਕੀਆਂ ਹੋਈਆਂ ਹਨ। ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕਿੰਨੀ ਜਲਦੀ ਇਸ ਸਮੱਸਿਆ ਦਾ ਹੱਲ ਕਰਦਾ ਹੈ ਅਤੇ ਮਜ਼ਦੂਰਾਂ ਨੂੰ ਰਾਹਤ ਮਿਲਦੀ ਹੈ ਜਾਂ ਨਹੀਂ।