ਮੀਂਹ ਤੇ ਗੜੇਮਾਰੀ ਨੇ ਫੇਰਿਆ ਕਿਸਾਨਾਂ ਦੀਆਂ ਸਧਰਾਂ ’ਤੇ ਪਾਣੀ
ਮੰਗਲਵਾਰ ਦੀ ਰਾਤ ਭਾਰੀ ਮੀਂਹ ਨਾਲ
Publish Date: Wed, 08 Apr 2026 05:00 PM (IST)
Updated Date: Thu, 09 Apr 2026 04:03 AM (IST)
ਪੱਕੀ ਕਣਕ ਨੂੰ ਮਿੱਟੀ ਹੁੰਦਿਆਂ ਦੇਖ ਭੁੱਬਾਂ ਮਾਰ ਰੋ ਰਹੇ ਕਿਸਾਨ
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਮੰਗਲਵਾਰ ਦੀ ਰਾਤ ਭਾਰੀ ਮੀਂਹ ਨਾਲ ਹੋਈ ਗੜੇਮਾਰੀ ਨੇ ਕਿਸਾਨਾਂ ਦੀਆਂ ਸਧਰਾਂ ’ਤੇ ਪਾਣੀ ਫੇਰ ਦਿੱਤਾ ਹੈ। ਇਕ ਦਿਨ ਬਾਅਦ ਜਿਸ ਕਣਕ ਦੀ ਫ਼ਸਲ ਨੂੰ ਕਿਸਾਨਾਂ ਬੜੇ ਚਾਵਾਂ ਨਾਲ ਵੱਢਣਾ ਸੀ ਦੂਸਰੇ ਦਿਨ ਉਸੇ ਕਣਕ ਨੂੰ ਮਿੱਟੀ ਹੁੰਦਿਆਂ ਦੇਖ ਕਿਸਾਨ ਭੁੱਬਾਂ ਮਾਰ ਮਾਰ ਰੋ ਰਹੇ ਹਨ। ਮਾਲਵਾ ਖੇਤਰ ਦੇ ਕਈ ਇਲਾਕਿਆਂ ਵਿਚ ਇਸ ਵਾਰ ਤਾਂ ਕੁਦਰਤ ਨੇ ਕਿਸਾਨਾਂ ਨੂੰ ਇਕ ਦੂਜੇ ਦੀ ਮਦਦ ਲਈ ਵੀ ਨਹੀਂ ਛੱਡਿਆ। ਮੀਂਹ ਨਾਲ ਮਿੰਟਾਂ ਵਿਚ ਪੱਕ ਕੇ ਤਿਆਰ ਖੜ੍ਹੀ ਸੋਨੇ ਰੰਗੀ ਫ਼ਸਲ ਮਿੱਟੀ ਵਿਚ ਰੋਲ੍ਹ ਦਿੱਤੀ। ਪੰਜਾਬੀ ਜਾਗਰਣ ਨਾਲ ਭਰੇ ਮਨ ’ਚ ਗੱਲ ਕਰਦਿਆਂ ਬਾਘਾਪੁਰਾਣਾ ਦੇ ਪਿੰਡ ਭਲੂਰ ਦੇ ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਕਿਸਾਨ ਸਰਜੀਤ ਸਿੰਘ, ਜਗਦੀਪ ਸਿੰਘ, ਸਿਮਰਜੀਤ ਸਿੰਘ, ਜਸਪਾਲ ਸਿੰਘ, ਤੇਜ ਸਿੰਘ, ਜਸਵੀਰ ਸਿੰਘ, ਜੱਗਾ ਸਿੰਘ, ਇੰਦਰਜੀਤ ਸਿੰਘ, ਕੁਲਦੀਪ ਸਿੰਘ ਅਤੇ ਜਗਰੂਪ ਸਿੰਘ ਆਦਿ ਕਿਸਾਨਾਂ ਦੀ ਬੀਤੀ ਦੇਰ ਸ਼ਾਮ ਆਈ ਬਾਰਿਸ਼ ਨਾਲ ਅਜਿਹੀ ਗੜੇਮਾਰੀ ਹੋਈ ਜਿਸ ਨੇ ਕੁੱਝ ਹੀ ਪਲਾਂ ਵਿਚ ਛੇ ਮਹੀਨੇ ਦੀ ਮਿਹਨਤ ਨੂੰ ਪਾਣੀ ਅਤੇ ਗੜਿਆਂ ਨਾਲ ਤਬਾਹ ਕਰ ਦਿੱਤਾ। ਉਕਤ ਕਿਸਾਨ ਆਗੂ ਨੇ ਦੱਸਿਆ ਕਿ ਇਕ ਦਮ ਆਏ ਗੜਿਆਂ ਕਾਰਨ ਫ਼ਸਲਾਂ ਦਾ ਜੋ ਨੁਕਸਾਨ ਹੋਇਆ ਹੈ, ਸ਼ਾਇਦ ਉਹ ਇਸ ਇਲਾਕੇ ਵਿਚ ਪਹਿਲਾਂ ਕਦੇ ਵੀ ਨਾ ਹੋਇਆ ਹੋਵੇ। ਇਸੇ ਤਰ੍ਹਾਂ ਮੋਗਾ ਲਾਗਲੇ ਪਿੰਡ ਖ਼ੁਖਰਾਣਾ ਦੇ ਕਿਸਾਨ ਰਾਜਾ ਸਿੰਘ ਨੇ ਦੱਸਿਆ ਕਿ ਇਸ ਏਰੀਏ ਦੇ ਪਿੰਡ ਦਾਰਾਪੁਰ ਅਤੇ ਮਹੇਸ਼ਰੀ ਦੇ ਸੈਂਕੜੇ ਕਿਸਾਨਾਂ ਦੀ ਹਜ਼ਾਰਾਂ ਏਕੜ ਕਣਕ ਦੀ ਫ਼ਸਲ ਭਾਰੇ ਮੀਂਹ ਨੇ ਕੁੱਝ ਹੀ ਸਮੇਂ ਵਿਚ ਤਬਾਹ ਕਰ ਦਿੱਤੀ, ਕਹਿਣ ਨੂੰ ਕੁੱਝ ਵੀ ਪੱਲੇ ਨਹੀਂ ਪਿਆ। ਉਸ ਕਿਹਾ ਕਿ ਇਕ ਦਿਨ ਬਾਅਦ ਸਾਡੇ ਵੱਲੋਂ ਕਣਕ ਦੀ ਵਾਢੀ ਸ਼ੁਰੂ ਕਰਨੀ ਸੀ ਪਰ ਇਕ ਦਮ ਆਏ ਭਾਰੀ ਮੀਂਹ ਨਾਲ ਕਣਕ ਦੀ ਫ਼ਸਲ ਨੂੰ ਪਾਣੀ ਦੀ ਅਜਿਹੀ ਮਾਰ ਪਈ ਕਿ ਪੱਲੇ ਕੱਖ ਵੀ ਪੈਂਦਾ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਦੇਖਦੇ ਹੀ ਦੇਖਦੇ ਮਿੰਟਾਂ ਵਿਚ ਕਣਕ ਦੀ ਫ਼ਸਲ ਨਾਲ ਲਹਿਰਾ ਰਹੇ ਖੇਤ ਪਾਣੀ ਨਾਲ ਨੱਕੋ ਨੱਕ ਭਰ ਗਏ। ਉਨ੍ਹਾਂ ਦੱਸਿਆ ਕਿ ਮੀਂਹ ਦੇ ਪਾਣੀ ਨਾਲ ਮਰ ਰਹੀ ਕਣਕ ਦੀ ਫ਼ਸਲ ਨੂੰ ਦੇਖਦਿਆਂ ਕਿਸਾਨਾਂ ਨੇ ਜੇਸੀਬੀ ਮਸ਼ੀਨ ਰਾਹੀਂ ਪਾਣੀ ਕੱਢਣਾ ਸ਼ੁਰੂ ਕੀਤਾ ਹੈ ਕਿ ਕਿਧਰੇ ਕੁੱਝ ਪੱਲੇ ਹੀ ਪੈ ਜਾਵੇ। ਰਾਜਾ ਸਿੰਘ ਖ਼ੁਖਰਾਣਾ ਨੇ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਦੂਹਰੀ ਮਾਰ ਝੱਲਣੀ ਪੈ ਰਹੀ ਹੈ। ਪਹਿਲਾਂ ਝੋਨੇ ਦੇ ਘੱਟ ਝਾੜ ਨਾਲ ਕਿਸਾਨ ਨਿਰਾਸ਼ ਸਨ ਅਤੇ ਫਿਰ ਆਲੂਆਂ ਦੀ ਮੰਦੀ ਅਤੇ ਹੁਣ ਕੁਦਰਤ ਦੀ ਅਜਿਹੀ ਮਾਰ ਕੇ ਕਣਕ ਦੀ ਫ਼ਸਲ ਨੂੰ ਵੀ ਡੁੱਬਦਿਆਂ ਦੇਖ ਰਹੇ ਹਾਂ।