ਜ਼ਿਲ੍ਹੇ ਦੀਆਂ ਮੰਡੀਆਂ ’ਚ ਹੁਣ ਤੱਕ 201639 ਟਨ ਦੀ ਹੋਈ ਕਣਕ ਦੀ ਆਮਦ
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 201639 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ।
Publish Date: Tue, 21 Apr 2026 06:01 PM (IST)
Updated Date: Wed, 22 Apr 2026 04:04 AM (IST)

ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ ਫਰੀਦਕੋ : ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 201639 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਖਰੀਦ ਦੇ ਸੰਬੰਧ ਵਿੱਚ, ਸੋਮਵਾਰ, 20 ਅਪ੍ਰੈਲ ਤੱਕ, ਫਰੀਦਕੋਟ ਜ਼ਿਲ੍ਹੇ ਦੇ 68 ਖਰੀਦ ਕੇਂਦਰਾਂ ਤੇ ਸਰਕਾਰੀ ਏਜੰਸੀਆਂ ਵੱਲੋਂ 186532 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਅਤੇ ਲਿਫਟਿੰਗ ਦੀ ਗੱਲ ਕਰੀਏ ਤਾਂ ਜਿਲੇ ਵਿੱਚ ਸੋਮਵਾਰ ਤੱਕ 28427 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਕੀਤੀ ਗਈ ਹੈ। ਵੱਖ-ਵੱਖ ਏਜੰਸੀਆਂ ਦੁਆਰਾ ਖਰੀਦੀ ਅਤੇ ਲਿਫਟਿੰਗ ਕੀਤੀ ਗਈ ਕਣਕ ਪਨਗ੍ਰੇਨ ਨੇ ਹੁਣ ਤੱਕ 62574 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ, ਜਦੋਂ ਕਿ ਲਿਫਟਿੰਗ 6262 ਮੀਟ੍ਰਿਕ ਟਨ ਕੀਤੀ ਗਈ ਹੈ। ਪਨਸਪ ਨੇ 44,685 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ, ਜਦੋਂ ਕਿ ਲਿਫਟਿੰਗ 5,588 ਮੀਟ੍ਰਿਕ ਟਨ ਕੀਤੀ ਗਈ ਹੈ। ਮਾਰਕਫੈੱਡ ਨੇ 47,785 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ, ਜਦੋਂ ਕਿ ਲਿਫਟਿੰਗ 8,672 ਮੀਟ੍ਰਿਕ ਟਨ ਕੀਤੀ ਗਈ ਹੈ। ਵੇਅਰ ਹਾਊਸ ਨੇ 31,488 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ, ਜਦੋਂ ਕਿ ਲਿਫਟਿੰਗ 4,735 ਮੀਟ੍ਰਿਕ ਟਨ ਕੀਤੀ ਗਈ ਹੈ। ਜੇਕਰ ਅਸੀਂ ਨਿੱਜੀ ਵਪਾਰੀਆਂ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਣਕ ਦੀ ਖਰੀਦ ਕਾਫ਼ੀ ਘੱਟ ਰਹੀ ਹੈ। ਨਿੱਜੀ ਵਪਾਰੀਆਂ ਨੇ ਇਸ ਸਾਲ ਹੁਣ ਤੱਕ 3,100 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ, ਜਦੋਂ ਕਿ ਨਿੱਜੀ ਲਿਫਟਿੰਗ 2,500 ਮੀਟ੍ਰਿਕ ਟਨ ਕੀਤੀ ਗਈ ਹੈ। ਖਰੀਦ ਏਜੰਸੀਆਂ ਬਿਨਾਂ ਕਿਸੇ ਰੁਕਾਵਟ ਦੇ ਲਗਾਤਾਰ ਕਣਕ ਦੀ ਖਰੀਦ ਕਰ ਰਹੀਆਂ ਹਨ। ਅਤੇ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾ ਰਹੀ। ਪਰ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਲਿਫਟਿੰਗ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਰੀਦਕੋਟ ਦੀ ਮੁੱਖ ਮੰਡੀ ਵਿੱਚ ਲਿਫਟਿੰਗ ਬਹੁਤ ਹੌਲੀ ਰਫ਼ਤਾਰ ਨਾਲ ਚੱਲ ਰਹੀ ਹੈ। ਫਰੀਦਕੋਟ ਦੀਆਂ ਮੰਡੀਆਂ ਤੋਂ 2576 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਕੀਤੀ ਗਈ ਹੈ। ਜਦੋਂ ਕਿ ਕੋਟਕਪੂਰਾ ਦੀਆਂ ਮੰਡੀਆਂ ਤੋਂ 10726 ਮੀਟ੍ਰਿਕ ਟਨ ਕਣਕ ਲਿਫਟਿੰਗ ਕੀਤੀ ਗਈ ਹੈ। ਜੈਤੋ ਦੀਆਂ ਮੰਡੀਆਂ ਵਿੱਚੋਂ 10234 ਮੀਟ੍ਰਿਕ ਟਨ ਕਣਕ ਲਿਫਟਿੰਗ ਕੀਤੀ ਗਈ ਹੈ ਜਦੋਂ ਕਿ ਸਾਦਿਕ ਦੀਆਂ ਮੰਡੀਆਂ ਵਿੱਚੋਂ 4891 ਮੀਟ੍ਰਿਕ ਟਨ ਕਣਕ ਚੁੱਕੀ ਗਈ ਹੈ। ਮੰਡੀਆਂ ਵਿੱਚ ਲੱਗੇ ਕਣਕ ਦੀਆਂ ਬੋਰੀਆਂ ਦੇ ਢੇਰ ਲਿਫਟਿੰਗ ਦੀ ਸੁਸਤ ਰਫ਼ਤਾਰ ਨੂੰ ਦਰਸਾਉਂਦੇ ਹਨ। ਵਪਾਰੀ ਅਤੇ ਮਜ਼ਦੂਰ ਸੁਚਾਰੂ ਲਿਫਟਿੰਗ ਨਾ ਹੋਣ ਕਾਰਨ ਚਿੰਤਤ ਹਨ। ਕਣਕ ਦੀ ਲਿਫਟਿੰਗ ਬਾਰੇ, ਕੁਝ ਮਜ਼ਦੂਰਾਂ ਦਾ ਕਹਿਣਾ ਹੈ ਕਿ ਪੁਰਾਣੇ ਠੇਕੇਦਾਰ ਅਤੇ ਨਵੇਂ ਠੇਕੇਦਾਰਾਂ ਵਿੱਚ ਆਪਸੀ ਰੰਜਿਸ਼ ਲਿਫਟਿੰਗ ਪ੍ਰਕਿਰਿਆ ਵਿੱਚ ਰੁਕਾਵਟ ਪਾ ਰਹੀ ਹੈ, ਜਿਸ ਕਾਰਨ ਮਜ਼ਦੂਰਾਂ ਨੂੰ ਨੁਕਸਾਨ ਹੋ ਰਿਹਾ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਕਣਕ ਦੀ ਰਾਖੀ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ, ਅਤੇ ਚੋਰ ਲਗਾਤਾਰ ਮੰਡੀਆਂ ’ਚ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਅਤੇ ਉਨ੍ਹਾਂ ਦੀਆਂ ਕਣਕ ਦੀਆਂ ਬੋਰੀਆਂ ਚੋਰੀ ਕਰ ਰਹੇ ਹਨ। ਇੱਕ ਔਰਤ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਚੌਧਰੀ ਕਰਨੈਲ ਸਿੰਘ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਉਨ੍ਹਾਂ ਦੀ ਦੁਕਾਨ ਤੋਂ ਛੇ ਬੋਰੀਆਂ ਕਣਕ ਚੋਰੀ ਹੋ ਗਈ। ਜਿਸ ਕਾਰਨ ਉਹਨਾਂ ਨੂੰ 8 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ। ਉੱਥੇ ਹੀ ਆੜ੍ਹਤੀ ਅਤੇ ਲੇਬਰ ਮੌਸਮ ਨੂੰ ਲੈ ਕੇ ਵੀ ਚਿੰਤਤ ਹਨ ਕਿਉਂਕਿ ਹਜ਼ਾਰਾਂ ਟਨ ਕਣਕ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਈ ਆ, ਜੇਕਰ ਮੌਸਮ ਖਰਾਬ ਹੋ ਜਾਂਦਾ ਹੈ ਜਾਂ ਮੀਂਹ ਪੈਂਦਾ ਹੈ। ਆਪੇ ਮੀਂਹ ਕਾਰਨ ਕਣਕ ਗਿੱਲੀ ਹੋ ਜਾਂਦੀ ਹੈ ਅਤੇ ਖਰਾਬ ਹੋ ਜਾਂਦੀ ਹੈ, ਤਾਂ ਕੌਣ ਜ਼ਿੰਮੇਵਾਰ ਹੋਵੇਗਾ? ਫਰੀਦਕੋਟ ਲੇਬਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਪੱਪੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਣਕ ਦੀਆਂ ਬੋਰੀਆਂ ਜਲਦੀ ਤੋਂ ਜਲਦੀ ਮੰਡੀਆਂ ’ਚੋਂ ਚੁੱਕੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਖਰਾਬ ਮੌਸਮ ਕਾਰਨ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਮੰਡੀ ਦੀਆਂ ਸਮੱਸਿਆਵਾਂ ਦੇ ਸਬੰਧ ਵਿੱਚ, ਆੜ੍ਹਤੀਆ ਐਸੋਸੀਏਸ਼ਨ ਦੀ ਤਿੰਨ ਮੈਂਬਰੀ ਕਮੇਟੀ ਨੇ ਡਿਪਟੀ ਕਮਿਸ਼ਨਰ, ਅਤੇ ਸਾਰੀਆਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਇੱਕ ਮੰਗ ਪੱਤਰ ਸੌਂਪਿਆ, ਜਿਸ ਵਿੱਚ ਮੰਗ ਕੀਤੀ ਗਈ ਕਿ ਸਰਕਾਰ ਵੱਲੋਂ ਖਰੀਦੀਆਂ ਗਈਆਂ ਕਣਕ ਦੀਆਂ ਬੋਰੀਆਂ 72 ਘੰਟਿਆਂ ਦੇ ਅੰਦਰ-ਅੰਦਰ ਚੁੱਕੀਆਂ ਜਾਣ। ਜੇਕਰ 72 ਘੰਟਿਆਂ ਦੇ ਅੰਦਰ ਕਣਕ ਨਹੀਂ ਚੁੱਕੀ ਜਾਂਦੀ, ਤਾਂ ਕਿਸੇ ਵੀ ਨੁਕਸਾਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਸਾਰੀਆਂ ਖਰੀਦ ਏਜੰਸੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਕਣਕ ਚੁੱਕਣ ਵੇਲੇ ਟਰੱਕਾਂ ਦਾ ਤੋਲ ਮਾਰਕੀਟ ਕਮੇਟੀ ਦੇ ਤੋਲਣ ਵਾਲੇ ਪੈਮਾਨੇ ਤੇ ਕੀਤਾ ਜਾਵੇ।