11 ਜੋੜਿਆਂ ਦੇ ਸਮੂਹਿਕ ਵਿਆਹ ਸਮਾਗਮ ਸ਼ਾਨਦਾਰ ਢੰਗ ਨਾਲ ਸੰਪੰਨ
11 ਜੋੜਿਆਂ ਦਾ ਸਮੂਹਿਕ ਵਿਆਹ ਸਮਾਗਮ ਸ਼ਾਨਦਾਰ ਢੰਗ ਨਾਲ ਸੰਪੰਨ
Publish Date: Fri, 20 Feb 2026 04:00 PM (IST)
Updated Date: Sat, 21 Feb 2026 04:01 AM (IST)

11 ਜੋੜਿਆਂ ਦਾ ਸਮੂਹਿਕ ਵਿਆਹ ਸਮਾਗਮ ਸ਼ਾਨਦਾਰ ਢੰਗ ਨਾਲ ਸੰਪੰਨ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ, :- 11 ਗਰੀਬ ਜੋੜਿਆਂ ਦਾ ਸਮੂਹਿਕ ਵਿਆਹ ਸਮਾਰੋਹ ਧਾਰਮਿਕ ਮਰਿਆਦਾ ਅਤੇ ਫਰੀਦਕੋਟ ਦੀ ਜਨਤਾ ਦੇ ਬੇਮਿਸਾਲ ਪਿਆਰ ਨਾਲ ਬਹੁਤ ਹੀ ਸ਼ਾਨਦਾਰ, ਸੁਚੱਜੇ ਅਤੇ ਭਾਵੁਕ ਮਾਹੌਲ ਵਿੱਚ ਸੰਪੰਨ ਹੋਇਆ। ਹੋਟਲ ਸ਼ਾਹੀ ਹਵੇਲੀ ਅਤੇ ਗੁਰਦੁਆਰਾ ਮਾਈ ਗੋਦੜੀ ਸਾਹਿਬ ਵਿਖੇ ਹੋਏ ਇਸ ਸਮਾਗਮ ਵਿੱਚ ਲੋਕਾਂ ਦੀ ਭਾਰੀ ਹਾਜ਼ਰੀ ਨੇ ਇਸਨੂੰ ਸਿਰਫ਼ ਇਕ ਵਿਆਹ ਨਹੀਂ, ਸਗੋਂ ਸਮਾਜਕ ਏਕਤਾ ਦਾ ਸਬੂਤ ਦਿੱਤਾ। ਉਕਤ ਸਮੂਹਿਕ ਵਿਆਹ ਸਮਾਰੋਹ ਅਰਸ਼ ਸੱਚਰ ਸਮਾਜ ਸੇਵਕ ਅਤੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਫਰੀਦਕੋਟ ਅਤੇ ਉਨ੍ਹਾਂ ਦੀ ਟੀਮ ਵੱਲੋਂ ਪੂਰੀ ਜ਼ਿੰਮੇਵਾਰੀ ਅਤੇ ਸੇਵਾ ਭਾਵਨਾ ਨਾਲ ਆਯੋਜਿਤ ਕੀਤਾ ਗਿਆ, ਜਿਸ ਵਿੱਚ ਹਰ ਜੋੜੇ ਨੂੰ ਆਸ਼ੀਰਵਾਦ ਦੇ ਤੌਰ ’ਤੇ ਘਰ ਦੀ ਲੋੜ ਦਾ ਸਾਰਾ ਸਮਾਨ ਦਿੱਤਾ ਗਿਆ ਤਾਂ ਜੋ ਧੀਆਂ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰ ਸਕਣ। ਇਸ ਮੌਕੇ ਅਰਸ਼ ਸੱਚਰ ਨੇ ਭਾਵੁਕ ਹੋ ਕੇ ਕਿਹਾ ਕਿ ਅੱਜ ਦਾ ਦਿਨ ਮੇਰੇ ਲਈ ਸਿਆਸੀ ਨਹੀਂ, ਸੇਵਾ ਦਾ ਦਿਨ ਸੀ, ਅੱਜ ਮੈਂ ਲੋਕਾਂ ਦੇ ਚਿਹਰਿਆਂ ’ਤੇ ਖੁਸ਼ੀ ਵੇਖੀ, ਮਾਪਿਆਂ ਦੀਆਂ ਅੱਖਾਂ ਵਿੱਚ ਸੰਤੋਖ, ਜਦਕਿ ਧੀਆਂ ਦੀਆਂ ਅੱਖਾਂ ਵਿੱਚ ਭਰੋਸਾ ਵੇਖਿਆ। ਉਨ੍ਹਾਂ ਫਰੀਦਕੋਟ ਦੀ ਸਮੂਹ ਜਨਤਾ, ਸੇਵਾਦਾਰਾਂ, ਦਾਨੀ ਸੱਜਣਾਂ, ਸਮਾਜਿਕ ਸੰਸਥਾਵਾਂ, ਧਾਰਮਿਕ ਆਗੂਆਂ, ਮੀਡੀਆ ਅਤੇ ਹਰ ਉਸ ਵਿਅਕਤੀ ਦਾ ਦਿਲੋਂ ਧੰਨਵਾਦ ਕੀਤਾ, ਜਿਸ ਨੇ ਆਪਣਾ ਸਮਾਂ, ਸਹਿਯੋਗ ਜਾਂ ਆਸ਼ੀਰਵਾਦ ਦਿੱਤਾ। ਲੋਕਾਂ ਦੇ ਵੱਡੇ ਸਹਿਯੋਗ ਅਤੇ ਭਾਵਨਾਤਮਕ ਜੁੜਾਅ ਨੂੰ ਵੇਖਦਿਆਂ ਉਨ੍ਹਾਂ ਐਲਾਨ ਕੀਤਾ ਕਿ ਬਹੁਤ ਜਲਦੀ ਫਰੀਦਕੋਟ ਵਿੱਚ 21 ਜੋੜਿਆਂ ਦਾ ਹੋਰ ਵੱਡਾ ਸਮੂਹਿਕ ਵਿਆਹ ਸਮਾਰੋਹ ਕਰਵਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਸਿਮਰਜੀਤ ਸਿੰਘ ਸੇਖੋ,ਡਾਕਟਰ ਗੁਰਿੰਦਰ ਮੋਹਨ ਸਿੰਘ ਅਤੇ ਹੋਰ ਸ਼ਖਸੀਅਤਾਂ ਹਾਜਰ ਸਨ।