ਸ੍ਰੀ ਮੁਕਤਸਰ ਸਾਹਿਬ ਵਾਰਡ ਨੰਬਰ 1 ਤੇ 2 ’ਚ ਕੱਚੀਆਂ ਗਲੀਆਂ ਤੇ ਸੀਵਰੇਜ ਕਨੈਕਸ਼ਨਾਂ ਦੀ ਉਡੀਕ
ਸ੍ਰੀ ਮੁਕਤਸਰ ਸਾਹਿਬ ਵਾਰਡ ਨੰਬਰ 1 ਤੇ 2 ’ਚ ਕੱਚੀਆਂ ਗਲੀਆਂ ਤੇ ਸੀਵਰੇਜ ਕਨੈਕਸ਼ਨਾਂ ਦੀ ਉਡੀਕ
Publish Date: Thu, 14 May 2026 06:06 PM (IST)
Updated Date: Fri, 15 May 2026 04:07 AM (IST)

-ਚੋਣਾਂ ਨਜ਼ਦੀਕ ਪਰ ਸਮੱਸਿਆਵਾਂ ਜਿਉਂ ਦੀਆਂ ਤਿਉਂ, ਬਾਰਿਸ਼ ਹੋਣ ਤੇ ਚਿੱਕੜ ਨਾਲ ਭਰ ਜਾਂਦੀਆਂ ਹਨ ਗਲੀਆਂ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ ਇੱਕ ਅਤੇ ਦੋ ਵਿੱਚ ਜ਼ਿਆਦਾਤਰ ਗਲੀਆਂ ਅਜੇ ਵੀ ਕੱਚੀਆਂ ਹਨ, ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਹੁਣ ਜਾ ਕੇ ਇਨ੍ਹਾਂ ਵਾਰਡਾਂ ’ਚ ਸੀਵਰੇਜ ਪਾਇਆ ਗਿਆ ਹੈ। ਪਰ ਲੋਕਾਂ ਦਾ ਕਹਿਣਾ ਹੈ ਕਿ ਸੀਵਰੇਜ ਪੈਣ ਦੇ ਬਾਵਜੂਦ ਅਜੇ ਤੱਕ ਘਰਾਂ ਦੇ ਕਨੈਕਸ਼ਨ ਨਹੀਂ ਜੋੜੇ ਗਏ, ਜਿਸ ਕਾਰਨ ਪਾਣੀ ਦੀ ਨਿਕਾਸੀ ਦੀ ਸਮੱਸਿਆ ਪਹਿਲਾਂ ਵਾਂਗ ਹੀ ਬਣੀ ਹੋਈ ਹੈ। -ਚੋਣਾਂ ਦਾ ਬਿਗੁਲ ਪਰ ਲੋਕ ਨਿਰਾਸ਼- ਨਗਰ ਕੌਂਸਲ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਪਰ ਪਿਛਲੇ ਪੰਜ ਸਾਲਾਂ ਦੌਰਾਨ ਸ਼ਹਿਰ ਦੇ ਕਈ ਅਹਿਮ ਮੁੱਦੇ ਹੱਲ ਨਹੀਂ ਹੋ ਸਕੇ। ਇਲਾਕਾ ਨਿਵਾਸੀ ਗੁਰਜਿੰਦਰ ਸਿੰਘ, ਹਰਪਾਲ, ਮੋਹਨ ਅਤੇ ਰਾਹੁਲ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡਾਂ ’ਚ ਸੀਵਰੇਜ, ਸਾਫ਼ ਪਾਣੀ ਅਤੇ ਕੱਚੀਆਂ ਗਲੀਆਂ ਮੁੱਖ ਸਮੱਸਿਆਵਾਂ ਹਨ। ਉਨ੍ਹਾਂ ਕਿਹਾ ਕਿ ਚੋਣਾਂ ਵੇਲੇ ਹਰ ਪਾਰਟੀ ਦੇ ਆਗੂ ਆਉਂਦੇ ਹਨ, ਪਰ ਜਿੱਤਣ ਤੋਂ ਬਾਅਦ ਕੋਈ ਵੀ ਸਾਰ ਨਹੀਂ ਲੈਂਦਾ। -ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ- ਬੂੜਾ ਗੁੱਜਰ ਰੋਡ ਰੇਲਵੇ ਫਾਟਕ ਦੇ ਨਾਲ ਵਾਲੀ ਗਲੀ ਅਤੇ ਉਸ ਤੋਂ ਅੱਗੇ ਖੱਬੇ ਹੱਥ ਮੁੜਦਿਆਂ ਹੀ ਪੂਰੇ ਮੁਹੱਲੇ ਦੀਆਂ ਗਲੀਆਂ ਕੱਚੀਆਂ ਹਨ। ਬਰਸਾਤ ਦੇ ਦਿਨਾਂ ਵਿੱਚ ਇਹ ਗਲੀਆਂ ਚਿੱਕੜ ਨਾਲ ਭਰ ਜਾਂਦੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਜ਼ਮਾਨਾ ਬਦਲ ਗਿਆ ਹੈ, ਉੱਥੇ ਹੀ ਉਹ ਅੱਜ ਵੀ ਪੁਰਾਣੇ ਸਮੇਂ ਵਾਂਗ ਕੱਚੀਆਂ ਗਲੀਆਂ ਵਿੱਚ ਰਹਿ ਰਹੇ ਹਨ। ਇਸ ਵਾਰ ਲੋਕਾਂ ਨੇ ਫੈਸਲਾ ਕੀਤਾ ਹੈ ਕਿ ਉਹ ਅਜਿਹਾ ਪੜ੍ਹਿਆ-ਲਿਖਿਆ ਉਮੀਦਵਾਰ ਚੁਣਨਗੇ ਜੋ ਹਾਊਸ ਦੀ ਮੀਟਿੰਗ ਵਿੱਚ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜ਼ੋਰਦਾਰ ਢੰਗ ਨਾਲ ਉਠਾ ਸਕੇ। -ਸਿਆਸੀ ਆਗੂਆਂ ਦੇ ਦਾਅਵੇ- ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਆਪ ਨੇ ਕਿਹਾ ਕਿ ਸ਼ਹਿਰ ’ਚ ਕਰੋੜਾਂ ਦੀ ਲਾਗਤ ਨਾਲ ਸੀਵਰੇਜ ਅਤੇ ਪਾਣੀ ਦੀਆਂ ਪਾਈਪਾਂ ਵਿਛਾਈਆਂ ਜਾ ਰਹੀਆਂ ਹਨ। ਸੜਕਾਂ ਦਾ ਨਿਰਮਾਣ ਪੂਰਾ ਕਰਵਾ ਦਿੱਤਾ ਗਿਆ ਹੈ ਅਤੇ ਹਰ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ। ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ। ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਜ਼ਿਲ੍ਹਾ ਪ੍ਰਧਾਨ ਸ਼ੋ੍ਮਣੀ ਅਕਾਲੀ ਦਲ ਨੇ ਕਿਹਾ ਕਿ ਲੋਕਾਂ ਨੂੰ ਅਕਾਲੀ ਦਲ ’ਤੇ ਭਰੋਸਾ ਹੈ। ਅਸੀਂ ਹਮੇਸ਼ਾ ਸੱਤਾ ’ਚ ਆਉਣ ’ਤੇ ਪਹਿਲ ਦੇ ਅਧਾਰ ’ਤੇ ਸਮੱਸਿਆਵਾਂ ਹੱਲ ਕੀਤੀਆਂ ਹਨ। ਨਗਰ ਕੌਂਸਲ ਚੋਣਾਂ ਜਿੱਤ ਕੇ ਸ਼ਹਿਰ ਦਾ ਮੁਕੰਮਲ ਵਿਕਾਸ ਕਰਾਂਗੇ। ਗੋਰਾ ਪਠੇਲਾ ਸਾਬਕਾ ਜ਼ਿਲਾ ਪ੍ਰਧਾਨ, ਭਾਜਪਾ ਨੇ ਕਿਹਾ ਕਿ ਭਾਜਪਾ ਪੂਰੀ ਤਾਕਤ ਨਾਲ ਚੋਣ ਲੜੇਗੀ ਅਤੇ ਸ਼ਹਿਰ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ। ਸ਼ੁਭਦੀਪ ਸਿੰਘ ਬਿੱਟੂ ਜ਼ਿਲਾ ਪ੍ਰਧਾਨ, ਕਾਂਗਰਸ ਨੇ ਕਿਹਾ ਕਿ ਮੁਕਤਸਰ, ਮਲੋਟ ਅਤੇ ਗਿੱਦੜਬਾਹਾ ਤਿੰਨੋਂ ਨਗਰ ਕੌਂਸਲਾਂ ਵਿੱਚ ਕਾਂਗਰਸ ਜਿੱਤੇਗੀ ਅਤੇ ਪਿਛਲੀ ਵਾਰ ਦੀ ਤਰ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗੀ।