ਕੈਮਰਿਆਂ ਦੀ ਨਿਗਰਾਨੀ ਹੇਠ 436 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ ਵੋਟਰ
ਕੈਮਰਿਆਂ ਦੀ ਨਿਗਰਾਨੀ ਹੇਠ ਸ੍ਰੀ ਮੁਕਤਸਰ ਸਾਹਿਬ ਵਿਖੇ 436 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ ਵੋਟਰ
Publish Date: Mon, 25 May 2026 07:09 PM (IST)
Updated Date: Mon, 25 May 2026 07:10 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ਦੀਆਂ ਤਿੰਨ ਨਗਰ ਕੌਂਸਲਾਂ ਮੁਕਤਸਰ, ਮਲੋਟ ਅਤੇ ਗਿੱਦੜਬਾਹਾ ਵਿੱਚ ਅੱਜ ਵੋਟਾਂ ਪੈ ਰਹੀਆਂ ਹਨ। ਵੋਟਿੰਗ ਸਵੇਰੇ ਅੱਠ ਵਜੇ ਸ਼ੁਰੂ ਹੋ ਕੇ ਸ਼ਾਮ ਪੰਜ ਵਜੇ ਤੱਕ ਚੱਲੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਕੁੱਲ 187 ਬੂਥਾਂ ’ਤੇ ਸੀਸੀਟੀਵੀ ਦੀ ਨਿਗਰਾਨੀ ਹੇਠ ਵੋਟਾਂ ਪਾਈਆਂ ਜਾਣਗੀਆਂ। ਪੋਲਿੰਗ ਪਾਰਟੀਆਂ ਬੂਥਾਂ ਲਈ ਰਵਾਨਾ ਹੋ ਚੁੱਕੀਆਂ ਹਨ। ਸੋਮਵਾਰ ਨੂੰ ਡੀਸੀ ਅਮਿਤ ਕੁਮਾਰ ਪੰਚਾਲ ਅਤੇ ਐਸਐਸਪੀ ਅਭਿਮਨਿਊ ਰਾਣਾ ਨੇ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਤਿਆਰੀਆਂ ਦਾ ਜਾਇਜ਼ਾ ਲਿਆ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋ ਰਹੀਆਂ ਇਨ੍ਹਾਂ ਚੋਣਾਂ ਲਈ 1500 ਪੁਲਿਸ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਵਾਰ ਮੈਦਾਨ ’ਚ 436 ਉਮੀਦਵਾਰ ਹਨ। ਮੁਕਾਬਲਾ ਆਪ, ਕਾਂਗਰਸ, ਸ਼ੋ੍ਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਹੈ, ਪਰ ਆਜ਼ਾਦ ਉਮੀਦਵਾਰ ਵੀ ਸਮੀਕਰਨ ਵਿਗਾੜ ਸਕਦੇ ਹਨ। ਮੁਕਤਸਰ ’ਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਆਪ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਵੋਟ ਵੀ ਇਸੇ ਸ਼ਹਿਰ ’ਚ ਹੈ। ਵਿਧਾਇਕ ਦਾ ਪੀਏ ਵਿੱਕੀ ਕੁਮਾਰ ਵਾਰਡ 16 ਤੋਂ ਮੈਦਾਨ ਵਿੱਚ ਹੈ, ਅਜਿਹੇ ’ਚ ਵਿਧਾਇਕ ਦੀ ਸਾਖ ਵੀ ਦਾਅ ’ਤੇ ਲੱਗੀ ਹੋਈ ਹੈ। ਕਿੱਥੇ ਕਿੰਨੇ ਬੂਥ ਡੀਸੀ ਅਮਿਤ ਕੁਮਾਰ ਪੰਚਾਲ ਅਨੁਸਾਰ ਕੁੱਲ 187 ਪੋਲਿੰਗ ਬੂਥ ਬਣਾਏ ਗਏ ਹਨ। ਮੁਕਤਸਰ ਦੇ 31 ਵਾਰਡਾਂ ’ਚ 85 ਬੂਥ, ਗਿੱਦੜਬਾਹਾ ਦੇ 19 ਵਾਰਡਾਂ ’ਚ 41 ਬੂਥ ਅਤੇ ਮਲੋਟ ਦੇ 27 ਵਾਰਡਾਂ ’ਚ 61 ਬੂਥ ਬਣਾਏ ਗਏ ਹਨ। ਰਾਜ ਚੋਣ ਕਮਿਸ਼ਨ ਦੇ ਨਿਰਦੇਸ਼ਾਂ ’ਤੇ ਸਾਰੇ ਬੂਥਾਂ ’ਤੇ ਕੈਮਰੇ ਲਗਾਏ ਗਏ ਹਨ ਅਤੇ ਪੂਰੀ ਵੋਟਿੰਗ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ। 1,77,586 ਵੋਟਰ ਚੁਣਨਗੇ ਪ੍ਰਤੀਨਿਧ ਇਸ ਚੋਣ ’ਚ ਕੁੱਲ 1,77,586 ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਨ੍ਹਾਂ ’ਚ 93,100 ਪੁਰਸ਼, 84,476 ਮਹਿਲਾਵਾਂ ਅਤੇ 10 ਟ੍ਰਾਂਸਜੈਂਡਰ ਵੋਟਰ ਸ਼ਾਮਲ ਹਨ। ਡੀਸੀ ਨੇ ਵੋਟਰਾਂ ਨੂੰ ਬਿਨਾਂ ਕਿਸੇ ਡਰ, ਦਬਾਅ ਜਾਂ ਲਾਲਚ ਦੇ ਵੋਟ ਪਾਉਣ ਦੀ ਅਪੀਲ ਕੀਤੀ ਹੈ। ਵੋਟਰ ਕਾਰਡ ਤੇ ਆਧਾਰ ਕਾਰਡ ਨਾਲ ਲੈ ਕੇ ਜਾਓ ਐੱਸਡੀਐੱਮ ਗੁਰਕਿਰਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਵੋਟਰ ਬੂਥ ’ਤੇ ਜਾਂਦੇ ਸਮੇਂ ਆਪਣਾ ਵੋਟਰ ਕਾਰਡ ਅਤੇ ਆਧਾਰ ਕਾਰਡ ਜ਼ਰੂਰ ਨਾਲ ਰੱਖਣ ਤਾਂ ਜੋ ਵੋਟ ਪਾਉਣ ’ਚ ਕੋਈ ਮੁਸ਼ਕਲ ਨਾ ਆਵੇ। ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਐੱਸਐੱਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਚੋਣਾਂ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ 1500 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਮੁਕਤਸਰ, ਗਿੱਦੜਬਾਹਾ ਅਤੇ ਮਲੋਟ ਵਿੱਚ ਸਿਟੀ ਸੀਲਿੰਗ, ਪੈਟਰੋਲਿੰਗ, ਨਾਕਾਬੰਦੀ ਅਤੇ ਨਾਈਟ ਗਸ਼ਤ ਜਾਰੀ ਹੈ। 31 ਅੰਤਰਰਾਜੀ ਨਾਕਿਆਂ ਅਤੇ ਅੰਤਰ-ਜ਼ਿਲ੍ਹਾ ਪੁਆਇੰਟਾਂ ’ਤੇ ਵੀ ਫੋਰਸ ਤਾਇਨਾਤ ਹੈ। ਸਾਰੇ 187 ਬੂਥਾਂ ’ਤੇ ਪੁਲਿਸ ਦੀ ਡਿਊਟੀ ਲਗਾਈ ਗਈ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਚੋਣਾਂ ’ਚ ਕੋਈ ਵੀ ਗੜਬੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵੋਟਰਾਂ ਨੂੰ ਨਿਡਰ ਹੋ ਕੇ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ। ਜੇਕਰ ਕੋਈ ਵੀ ਸ਼ੱਕੀ ਗਤੀਵਿਧੀ ਨਜ਼ਰ ਆਵੇ ਤਾਂ ਤੁਰੰਤ 80549-42100 ’ਤੇ ਫ਼ੋਨ ਜਾਂ ਵਟਸਐਪ ਰਾਹੀਂ ਪੁਲਿਸ ਨੂੰ ਸੂਚਿਤ ਕਰੋ।