ਬਲਾਕ ਕੋਟ ਈਸੇ ਖਾਂ ’ਚ ਯੂਥ ਕਲੱਬਾਂ ਨੂੰ ਵਾਲੀਬਾਲ ਕਿੱਟਾਂ ਵੰਡੀਆਂ
ਮਾਈ ਯੂਵਾ ਭਾਰਤ ਮੋਗਾ ਵੱਲੋਂ
Publish Date: Wed, 20 May 2026 05:16 PM (IST)
Updated Date: Thu, 21 May 2026 04:04 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟ ਈਸੇ ਖਾਂ : ਮਾਈ ਯੂਵਾ ਭਾਰਤ ਮੋਗਾ ਵੱਲੋਂ ਜ਼ਿਲ੍ਹਾ ਯੂਥ ਅਫ਼ਸਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਬਲਾਕ ਕੋਟ ਈਸੇ ਖਾਂ ਦੇ ਵੱਖ-ਵੱਖ ਪਿੰਡਾਂ ਵਿਚ ਯੂਥ ਕਲੱਬਾਂ ਨੂੰ ਵਾਲੀਬਾਲ ਕਿੱਟਾਂ ਵੰਡਣ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਤੋਂ ਦੂਰ ਰੱਖਣਾ ਸੀ। ਇਸ ਮੌਕੇ ਪਿੰਡ ਮੰਦਰ, ਕਾਦਰ ਵਾਲਾ, ਖੋਸਾ ਪਾਡੋ, ਮਹਿਲ, ਤਲਵੰਡੀ ਨੌ ਬਹਾਰ, ਸਦਰ ਕੋਟ ਆਦਿ ਪਿੰਡਾਂ ਦੇ ਯੂਥ ਕਲੱਬਾਂ ਨੂੰ ਵਾਲੀਵਾਲ ਕਿੱਟਾਂ ਸੌਂਪੀਆਂ ਗਈਆਂ। ਕਿੱਟਾਂ ਮਿਲਣ ਨਾਲ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਨੇ ਖੇਡਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਸੰਕਲਪ ਲਿਆ। ਇਸ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਰੀਟਾਇਰਡ ਇੰਸਪੈਕਟਰ ਗੁਰਨਾਮ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਨਸ਼ਾ ਅੱਜ ਦੇ ਸਮੇਂ ਦੀ ਸਭ ਤੋਂ ਗੰਭੀਰ ਸਮੱਸਿਆ ਬਣ ਚੁੱਕੀ ਹੈ ਜੋ ਨੌਜਵਾਨ ਪੀੜ੍ਹੀ ਨੂੰ ਨੁਕਸਾਨ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਜੇ ਖੇਡਾਂ ਅਤੇ ਚੰਗੀਆਂ ਗਤੀਵਿਧੀਆਂ ਨਾਲ ਜੁੜੇ ਰਹਿਣ ਤਾਂ ਉਹ ਨਸ਼ਿਆਂ ਤੋਂ ਬਚ ਸਕਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਵੀ ਨਸ਼ਾ ਵਿਰੋਧੀ ਜਾਗਰੂਕਤਾ ਫੈਲਾਉਣ। ਮਾਈ ਯੂਵਾ ਭਾਰਤ ਮੋਗਾ ਦੇ ਮੁੱਖ ਅਫ਼ਸਰ ਗੁਰਪ੍ਰੀਤ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਪਿੰਡਾਂ ਵਿਚ ਖੇਡ ਗਤੀਵਿਧੀਆਂ ਨੂੰ ਲਗਾਤਾਰ ਜਾਰੀ ਰੱਖਣ ਅਤੇ ਹੋਰ ਨੌਜਵਾਨਾਂ ਨੂੰ ਵੀ ਇਸ ਨਾਲ ਜੋੜਨ ਅਤੇ ਭਾਰਤ ਸਰਕਾਰ ਦੀਆਂ ਸਕੀਮਾਂ ਵਿਚ ਵੱਧਚੜ੍ਹ ਕਿ ਭਾਗ ਲੈਣ। ਇਸ ਮੌਕੇ ਇੰਸਪੈਕਟਰ ਗੁਰਨਾਮ ਸਿੰਘ ਤੋ ਇਲਾਵਾ ਪ੍ਰਦੀਪ ਸਿੰਘ ਕੋਟ ਈਸੇ ਖਾਂ, ਸੋਰਵ ਤਿਹਾੜੀ ਅਤੇ ਸਪੋਰਟਸ ਕਲੱਬਾਂ ਦੇ ਨੌਜਵਾਨਾਂ ਹਾਜ਼ਰ ਸਨ।