17 ਪਰਿਵਾਰਾਂ ਨੂੰ ਵੰਡੀ 3.20 ਲੱਖ ਰੁਪਏ ਦੀ ਮਾਲੀ ਮਦਦ
ਪਿੰਡ ਗੁਰੂਸਰ ਵੱਲੋਂ ਕਿਸਾਨ ਪਰਿਵਾਰਾਂ ਲਈ ਵੱਡਾ ਸਹਿਯੋਗ, 3.20 ਲੱਖ ਦੀ ਵਿੱਤੀ ਮਦਦ ਕੀਤੀ
Publish Date: Tue, 28 Apr 2026 05:42 PM (IST)
Updated Date: Tue, 28 Apr 2026 05:46 PM (IST)

ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਬੀਤੇ ਦਿਨੀਂ ਗੜੇਮਾਰੀ ਕਾਰਨ ਪਿੰਡਾਂ ’ਚ ਫਸਲ ਦਾ ਵੱਡੇ ਪੱਧਰ ’ਤੇ ਨੁਕਸਾਨ ਹੋ ਗਿਆ ਸੀ। ਸਮੂਹ ਪਿੰਡ ਗੁਰੂਸਰ ਵਾਸੀਆਂ ਦੇ ਸਹਿਯੋਗ ਨਾਲ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਪਿੰਡ ਕੋਠੇ ਕੌਰ ਸਿੰਘ ਵਾਲਾ, ਕੋਠੇ ਫੂਲੇਵਾਲਾ, ਕੋਠੇ ਲਾਲ ਸਿੰਘ, ਕੋਠੇ ਸੰਧੂਆਂ ਅਤੇ ਭਲਾਈਆਣਾ ਆਦਿ ਦੇ ਲੋੜਵੰਦ ਕਿਸਾਨ ਭਰਾਵਾਂ ਨੂੰ ਪਿੰਡ ਗੁਰੂਸਰ ਦੀ ਪੰਚਾਇਤ ਤੇ ਮੋਹਤਬਾਰ ਵਿਅਕਤੀਆਂ ਦੀ ਹਾਜ਼ਰੀ ’ਚ ਕੁੱਲ 3 ਲੱਖ 20 ਹਜ਼ਾਰ ਰੁਪਏ ਦੀ ਨਗਦ ਵਿੱਤੀ ਮਦਦ ਵੰਡ ਕੀਤੀ ਗਈ। ਜਾਣਕਾਰੀ ਮੁਤਾਬਕ ਇਹ ਰਾਸ਼ੀ ਕੁੱਲ 17 ਪਰਿਵਾਰਾਂ ’ਚ ਤਕਸੀਮ ਕੀਤੀ ਗਈ, ਜਿਸ ਨਾਲ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਕਿਸਾਨ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਪਿੰਡ ਦੇ ਸਰਪੰਚ ਤਰਸੇਮ ਸਿੰਘ, ਜਸਕਰਨ ਸਿੰਘ ਧਾਲੀਵਾਲ, ਵਰਿੰਦਰ ਕੁਮਾਰ (ਪੰਚ), ਜਗਸੀਰ ਸਿੰਘ ਗਿੱਲ,ਗੁਰਸੇਵਕ ਸਿੰਘ, ਜੱਸਾ ਸਿੰਘ ਭੁਲੇਰੀਆ, ਭਿੰਦਰ ਸਿੰਘ ਗਿੱਲ, ਰਣਜੀਤ ਸਿੰਘ ਗਿੱਲ ਅਤੇ ਜਗਸੀਰ ਮਧੀਰ ,ਮਨਦੀਪ ਸਿੰਘ ਔਲਖ ਆਦਿ ਸਮੇਤ ਹੋਰ ਮੋਹਤਬਾਰ ਹਸਤੀਆਂ ਵੀ ਮੌਜੂਦ ਰਹੀਆਂ। ਇਸ ਮੌਕੇ ਕੁਲਵਿੰਦਰ ਕੋਠੇ ਕੌਰ ਸਿੰਘ, ਕਾਲਾ ਕੋਠੇ ਸੰਧੂਆਂ, ਬਲਜਿੰਦਰ ਸਿੰਘ ਭਲਾਈਆਣਾ ਨੇ ਕਿਹਾ ਕਿ ਇਹ ਉਪਰਾਲਾ ਸਾਂਝੀ ਏਕਤਾ ਅਤੇ ਸਹਿਯੋਗ ਦੀ ਵਧੀਆ ਮਿਸਾਲ ਹੈ। ਉਨ੍ਹਾਂ ਨੇ ਸਾਰੇ ਨਗਰ ਨਿਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਨੇਕ ਕੰਮ ਵਿੱਚ ਆਪਣਾ ਯੋਗਦਾਨ ਪਾਇਆ।