ਬੱਚਿਆਂ ਨੂੰ ਟੀਕਾਕਰਨ ਤੇ ਬਿਮਾਰੀਆਂ ਬਾਰੇ ਕੀਤਾ ਜਾਗਰੂਕ
ਬੱਚਿਆਂ ਨੂੰ ਟੀਕਾਕਰਨ ਤੇ ਬਿਮਾਰੀਆਂ ਬਾਰੇ ਕੀਤਾ ਜਾਗਰੂਕ
Publish Date: Fri, 01 May 2026 04:54 PM (IST)
Updated Date: Fri, 01 May 2026 04:56 PM (IST)

ਵਰਿੰਦਰ ਬੱਬੂ, ਪੰਜਾਬੀ ਜਾਗਰਣ, ਲੰਬੀ : ਪਿੰਡ ਗੁਰੂਸਰ ਯੋਧਾ ਦੇ ਅਧੀਨ ਆਉਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਢਾਬ ਵਿਖੇ ਹੈਲਥ ਵਿਭਾਗ ਵੱਲੋਂ ਸਕੂਲ ਹੈਲਥ ਪ੍ਰੋਗਰਾਮ ਤਹਿਤ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰਾਨ ਹੈਲਥ ਟੀਮ ਵੱਲੋਂ ਵਿਦਿਆਰਥੀਆਂ ਦੀ ਸਿਹਤ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ। ਟੀਮ ਵੱਲੋਂ ਬੱਚਿਆਂ ਨੂੰ ਟੀਡੀ (ਟੈਟਨਸ-ਡਿਫਥੀਰੀਆ) ਦੇ ਇੰਜੈਕਸ਼ਨ ਲਗਾਏ ਗਏ ਤੇ ਐਚਪੀਵੀ ਟੀਕਾਕਰਨ ਦੀ ਮਹੱਤਤਾ ਬਾਰੇ ਵੀ ਵਿਸਥਾਰ ਨਾਲ ਸਮਝਾਇਆ ਗਿਆ। ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਸਮੇਂ ‘ਤੇ ਟੀਕਾਕਰਨ ਕਰਵਾਉਣਾ ਗੰਭੀਰ ਬਿਮਾਰੀਆਂ ਤੋਂ ਬਚਾਅ ਲਈ ਬਹੁਤ ਜ਼ਰੂਰੀ ਹੈ। ਇਸ ਮੌਕੇ ਮਲੇਰੀਆ ਤੇ ਡੇਂਗੂ ਵਰਗੀਆਂ ਮੌਸਮੀ ਬਿਮਾਰੀਆਂ ਬਾਰੇ ਵੀ ਜਾਗਰੂਕਤਾ ਫੈਲਾਈ ਗਈ। ਹੈਲਥ ਕਰਮਚਾਰੀਆਂ ਨੇ ਦੱਸਿਆ ਕਿ ਖੜ੍ਹੇ ਪਾਣੀ ਨੂੰ ਇਕੱਠਾ ਨਾ ਹੋਣ ਦੇਣਾ, ਘਰ ਤੇ ਆਸ-ਪਾਸ ਸਫਾਈ ਰੱਖਣਾ ਤੇ ਮੱਛਰਾਂ ਤੋਂ ਬਚਾਅ ਲਈ ਪੂਰੇ ਕੱਪੜੇ ਪਹਿਨਣੇ ਬਹੁਤ ਜ਼ਰੂਰੀ ਹਨ। ਵਿਦਿਆਰਥੀਆਂ ਨੂੰ ਇਹ ਵੀ ਪ੍ਰੇਰਿਤ ਕੀਤਾ ਗਿਆ ਕਿ ਉਹ ਆਪਣੇ ਘਰਾਂ ’ਚ ਵੀ ਸਫਾਈ ਤੇ ਸਿਹਤ ਸਬੰਧੀ ਜਾਗਰੂਕਤਾ ਫੈਲਾਉਣ। ਹੈਲਥ ਟੀਮ ਵੱਲੋਂ ਸਕੂਲ ਸਟਾਫ਼ ਨਾਲ ਵੀ ਸਹਿਯੋਗ ਲਈ ਗੱਲਬਾਤ ਕੀਤੀ ਗਈ ਤੇ ਬੱਚਿਆਂ ਦੀ ਸਿਹਤ ਨੂੰ ਪਹਿਲ ਦੇਣ ’ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਸੀਐਚਓ ਪ੍ਰਭਜੋਤ ਕੌਰ, ਰਜਨੀ ਏਐਨਐਮ ਤੇ ਗੁਰਮੀਤ ਸਿੰਘ ਐਮਪੀਐਚਵੀ ਸਮੇਤ ਹੋਰ ਸਿਹਤ ਕਰਮਚਾਰੀ ਮੌਜੂਦ ਰਹੇ।