ਸੋਸ਼ਲ ਵੈੱਲਫੇਅਰ ਕਲੱਬ ਮੋਗਾ ਨੇ ਸੈਮੀਨਾਰ ਕਰਵਾਇਆ
ਸੋਸ਼ਲ ਵੈੱਲਫੇਅਰ ਕਲੱਬ ਮੋਗਾ
Publish Date: Mon, 11 May 2026 04:11 PM (IST)
Updated Date: Tue, 12 May 2026 04:03 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸੋਸ਼ਲ ਵੈੱਲਫੇਅਰ ਕਲੱਬ ਮੋਗਾ ਵੱਲੋਂ ਸੋਮਵਾਰ ਨੂੰ ਪੀਐੱਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਮ ਨਗਰ ਮੋਗਾ ਵਿਖੇ ਨੈਤਿਕ ਸਿੱਖਿਆ ਅਤੇ ਕੈਰੀਅਰ ਗਾਈਡੈਂਸ ਸਬੰਧੀ ਸੈਮੀਨਾਰ ਕੀਤਾ ਗਿਆ। ਕਲੱਬ ਦੇ ਪ੍ਰਧਾਨ ਓਪੀ ਕੁਮਾਰ ਨੇ ਬੱਚਿਆਂ ਨੂੰ ਦੱਸਿਆ ਕਿ ਮੋਬਾਈਲ ਦਾ ਜ਼ਰੂਰਤ ਤੋਂ ਵੱਧ ਇਸਤੇਮਾਲ ਅੱਖਾਂ ਦੇ ਨਾਲ-ਨਾਲ ਦਿਮਾਗ਼ ਨੂੰ ਵੀ ਖ਼ਰਾਬ ਕਰਦਾ ਹੈ। ਜ਼ਰੂਰਤ ਤੋਂ ਵੱਧ ਕਿਸੇ ਵੀ ਚੀਜ਼ ਦਾ ਇਸਤੇਮਾਲ ਨੁਕਸਾਨਦੇਹ ਸਾਬਤ ਹੁੰਦਾ ਹੈ। ਟੀਵੀ ਚੈਨਲਾਂ ’ਤੇ ਚੱਲ ਰਹੇ ਲੱਚਰ ਪ੍ਰੋਗਰਾਮਾਂ ਤੋਂ ਵੀ ਵਿਦਿਆਰਥੀ ਦੂਰ ਰਹਿਣ ਅਤੇ ਕੇਵਲ ਉਹੀ ਦੇਖਣ ਜਿਨ੍ਹਾਂ ਨਾਲ ਜਾਣਕਾਰੀ ਵਿਚ ਵਾਧਾ ਹੁੰਦਾ ਹੈ ਕਿਉਂਕਿ ਬੱਚੇ ਉਹੀ ਸਿੱਖਦੇ ਹਨ ਜੋ ਦੇਖਦੇ ਹਨ। ਸਾਨੂੰ ਆਪਣੇ ਗੁਰੂਆਂ-ਪੀਰਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਉਤਾਰਨਾ ਚਾਹੀਦਾ ਹੈ ਤਾਂ ਜੋ ਅਸੀਂ ਕਿਸੇ ਜ਼ਰੂਰਤਮੰਦ ਦੇ ਕੰਮ ਆ ਸਕੀਏ। ਇਸ ਮੌਕੇ ਪ੍ਰੋ. ਬਲਵਿੰਦਰ ਸਿੰਘ ਨੇ ਨਵੇਂ ਕੋਰਸਾਂ ਬਾਰੇ ਬੱਚਿਆਂ ਨੂੰ ਦੱਸਿਆ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਇਨ੍ਹਾਂ ਤਕਨੀਕਾਂ ਨਾਲ ਹੋਣ ਵਾਲੇ ਵਿਕਾਸ ਬਾਰੇ ਬੱਚਿਆਂ ਨੂੰ ਖੁੱਲ੍ਹ ਕੇ ਜਾਣਕਾਰੀ ਮੁਹੱਈਆ ਕਰਵਾਈ। ਝਲਮਨ ਦਾਸ ਨੇ ਬੱਚਿਆਂ ਨੂੰ ਸਮਝਾਇਆ ਕਿ ਸਾਨੂੰ ਹਮੇਸ਼ਾ ਅਨੁਸ਼ਾਸਨ ਵਿਚ ਰਹਿਣ ਦਾ ਪਾਬੰਦ ਹੋਣਾ ਚਾਹੀਦਾ ਹੈ। ਇਸ ਮੌਕੇ ਅਜੇ ਸਿੰਗਲਾ ਅਤੇ ਸੰਜੀਵ ਕੁਮਾਰ ਵੱਲੋਂ ਪ੍ਰਸ਼ਨੋਤਰ ਮੁਕਾਬਲੇ ਵੀ ਕਰਵਾਏ ਗਏ, ਸਹੀ ਉੱਤਰ ਦੇਣ ਵਾਲੇ ਬੱਚਿਆਂ ਨੂੰ ਕਲੱਬ ਵੱਲੋਂ ਉਤਸ਼ਾਹਿਤ ਵੀ ਕੀਤਾ ਗਿਆ। ਪ੍ਰਿੰਸੀਪਲ ਮਨਜੀਤ ਕੌਰ ਨੇ ਕਿਹਾ ਕਿ ਬੱਚਿਆਂ ਨੂੰ ਨਵੇਂ ਯੁੱਗ ਦੀ ਜਾਣਕਾਰੀ ਦਾ ਹੋਣਾ ਅਤਿ ਜ਼ਰੂਰੀ ਹੈ ਅਤੇ ਇਸ ਕਲੱਬ ਵੱਲੋਂ ਜੋ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ, ਕਾਬਿਲ-ਏ-ਤਾਰੀਫ਼ ਹੈ। ਇਸ ਮੌਕੇ ਸਟਾਫ਼ ਵੱਲੋਂ ਸੁਸ਼ੀਲ ਕੁਮਾਰ ਅਤੇ ਕਲੱਬ ਵੱਲੋਂ ਝਲਮਨ ਦਾਸ, ਰਾਜਵਿੰਦਰ ਸਿੰਘ, ਪ੍ਰੇਮ ਸਿੰਘਲ, ਪੰਕਜ ਗੋਇਲ, ਕੈਲਾਸ਼ ਮੰਗਲਾ, ਜੋਗਿੰਦਰ ਕੁਮਾਰ ਸਿੰਗਲਾ, ਵਿਨੋਦ ਕੁਮਾਰ, ਸੁਰਿੰਦਰਪਾਲ ਮਿਗਲਾਨੀ, ਸੁਸ਼ੀਲ ਗਰਗ ਅਤੇ ਪਰਮਜੀਤ ਪੰਮਾ ਵੀ ਹਾਜ਼ਰ ਹੋਏ।