ਪ੍ਰਰੀਗਾਬਾਲਿਨ ਕੈਪਸੂਲ ਦੀ ਹੋ ਰਹੀ ਨਸ਼ੇ ਦੇ ਤੌਰ 'ਤੇ ਵਰਤੋਂ
ਭੰਵਰਾ/ਗਿੱਲ, ਸ੍ਰੀ ਮੁਕਤਸਰ ਸਾਹਿਬ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੀ ਨਸ਼ਿਆਂ ਦੇ ਵਪਾਰ ਨੂੰ ਠੱਲ ਭੰਵਰਾ/ਗਿੱਲ, ਸ੍ਰੀ ਮੁਕਤਸਰ ਸਾਹਿਬ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੀ ਨਸ਼ਿਆਂ ਦੇ ਵਪਾਰ ਨੂੰ ਠੱਲ
Publish Date: Fri, 29 Apr 2022 04:00 PM (IST)
Updated Date: Fri, 29 Apr 2022 04:00 PM (IST)
ਭੰਵਰਾ/ਗਿੱਲ, ਸ੍ਰੀ ਮੁਕਤਸਰ ਸਾਹਿਬ
ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੀ ਨਸ਼ਿਆਂ ਦੇ ਵਪਾਰ ਨੂੰ ਠੱਲ ਨਹੀਂ ਪੈ ਰਹੀ ਹੈ। ਨਸ਼ੇ ਦੇ ਸੌਦਾਗਰ ਚੰਦ ਸਿੱਕਿਆਂ ਖਾਤਰ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ 'ਤੇ ਤੁਲੇ ਹੋਏ ਹਨ। ਪੰਜਾਬ 'ਚ ਸਰਕਾਰ ਭਾਵੇਂ ਬਦਲ ਗਈ ਹੈ ਪਰ ਇਹ ਲੋਕ ਅਜੇ ਵੀ ਆਪਣਾ ਕਾਰੋਬਾਰ ਬੇਖੌਫ਼ ਹੋ ਕੇ ਕਰ ਰਹੇ ਹਨ। ਚਿੱਟੇ ਦੇ ਕਹਿਰ ਤੋਂ ਬਾਅਦ ਹੁਣ ਪਿਛਲੇ ਕੁਝ ਸਮੇਂ ਤੋਂ ਕੈਪਸੂਲ ਪ੍ਰਰੀਗਾਬਾਲਿਨ 300 ਐੱਮਜੀ ਨੂੰ ਨਸ਼ੇ ਦੇ ਤੌਰ 'ਤੇ ਵਰਤਿਆ ਜਾ ਰਿਹਾ ਹੈੈ, ਜਦਕਿ ਉਕਤ ਸਾਲਟ ਦੀ ਕੁਝ ਹੱਦ ਤਕ ਡੋਜ਼ ਹੱਡੀਆਂ ਦੇ ਡਾਕਟਰ ਦਰਦ ਘਟਾਉਣ ਲਈ ਮਰੀਜ਼ਾਂ ਨੂੰ ਦਿੰਦੇ ਹਨ, ਉਹ ਵੀ ਸਿਰਫ 75 ਐੱਮਜੀ ਪਰ ਨਸ਼ਾ ਕਰਨ ਵਾਲੇ ਇਹ ਕੈਪਸੂਲ ਦੋ ਚਾਰ ਤੋਂ ਲੈ ਕੇ 10-10 ਖਾ ਜਾਂਦੇ ਹਨ। ਇਹ ਪ੍ਰਰੀਗਾਬਾਲਿਨ ਸਾਲਟ ਵਾਲਾ ਕੈਪਸੂਲ ਕਈ ਨਾਵਾਂ ਦੇ ਹੇਠ ਛਪੇ 10 ਕੈਪਸੂਲਾਂ ਦੀ ਪੈਕਿੰਗ 'ਚ ਪਿੰਡਾਂ ਤੇ ਸ਼ਹਿਰਾਂ 'ਚ 200 ਤੋਂ 250 ਰੁਪਏ ਦਾ ਪੱਤਾ ਵਿਕ ਰਿਹਾ ਹੈ, ਜਦਕਿ ਇਸ ਦੀ ਅਸਲ ਕੀਮਤ ਕਰੀਬ 40 ਰੁਪਏ ਹੈ। ਇਨ੍ਹਾਂ ਕੈਪਸੂਲਾਂ ਦੀ ਜਿੱਥੇ ਕਾਲਾਬਾਜ਼ਾਰੀ ਜ਼ੋਰਾਂ 'ਤੇ ਹੈ ਉੱਥੇ ਹੀ ਕੁਝ ਨੌਜਵਾਨ ਇਸ ਦੀ ਜ਼ਿਆਦਾ ਵਰਤੋਂ ਕਰ ਕੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਕਿਸੇ ਸਮੇਂ ਦਿਮਾਗ ਦੀ ਨਾੜੀ ਵੀ ਫਟ ਸਕਦੀ ਹੈ।
- ਇਸ ਦੀ ਦੁਰਵਰਤੋਂ ਨੂੰ ਰੋਕਣ ਸਬੰਧੀ ਸਿਹਤ ਵਿਭਾਗ ਤੋਂ ਕੀਤੀ ਮੰਗ
ਇਸ ਦੀ ਦੁਰਵਰਤੋਂ ਨੂੰ ਰੋਕਣ ਸਬੰਧੀ 'ਸੀਟੂ' ਦੇ ਆਗੂ ਕਾਮਰੇਡ ਤਰਸੇਮ ਲਾਲ ਤੇ ਇੰਦਰਜੀਤ ਸਿੰਘ ਨੇ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਦਵਾਈ ਦੀ ਦੁਰਵਰਤੋਂ ਰੋਕਣ ਲਈ ਇਸ ਨੂੰ ਐੱਨਡੀਪੀਐੱਸ ਐਕਟ ਅਧੀਨ ਲਿਆ ਕੇ ਇਸ ਦੀ ਦੁਰਵਰਤੋਂ ਰੋਕੀ ਜਾਵੇ ਤੇ ਨਾਜਾਇਜ਼ ਤੌਰ 'ਤੇ ਇਹ ਦਵਾਈ ਵੇਚਣ ਵਾਲੇ ਲੋਕਾਂ ਨੂੰ ਫੜ ਕੇ ਜੇਲਾਂ੍ਹ 'ਚ ਸੁੱਟਿਆ ਜਾਵੇ।
-ਮਾਮਲਾ ਸਿਹਤ ਵਿਭਾਗ ਪੰਜਾਬ ਤੇ ਸੂਬਾ ਸਰਕਾਰ ਦੇ ਧਿਆਨ 'ਚ ਲਿਆਵਾਂਗੇ : ਸਿਵਲ ਸਰਜਨ
ਇਸ ਸਬੰਧੀ ਜਦੋਂ ਸਿਵਲ ਸਰਜਨ ਡਾ. ਰੰਜੂ ਸਿੰਗਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਤੇ ਉਹ ਇਸ ਸਬੰਧੀ ਸਿਹਤ ਵਿਭਾਗ ਪੰਜਾਬ ਤੇ ਪੰਜਾਬ ਸਰਕਾਰ ਦੇ ਧਿਆਨ 'ਚ ਲਿਆਉਣਗੇ ਤਾਂ ਜੋ ਇਸ ਨੂੰ ਐੱਨਡੀਪੀਐੱਸ ਐਕਟ ਅਧੀਨ ਲਿਆਂਦਾ ਜਾ ਸਕੇ।