ਮੋਗਾ ਦੇ ਥਾਣਾ ਮਹਿਣਾ ’ਚ ਅਕਾਲੀ ਆਗੂ ਨੂੰ ਬਿਠਾਉਣ ’ਤੇ ਅੱਧੀ ਰਾਤ ਤੱਕ ਹੰਗਾਮਾ
ਲੰਘੀ ਰਾਤ ਮੋਗਾ ਦੇ ਥਾਣਾ
Publish Date: Tue, 03 Mar 2026 06:24 PM (IST)
Updated Date: Wed, 04 Mar 2026 04:06 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਲੰਘੀ ਰਾਤ ਮੋਗਾ ਦੇ ਥਾਣਾ ਮਹਿਣਾ ਵਿਚ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਨੂੰ ਪੁਲਿਸ ਵੱਲੋਂ ਥਾਣੇ ਵਿਚ ਨਜ਼ਰਬੰਦ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਅਕਾਲੀ ਦਲ ਦੇ ਸੈਂਕੜਿਆਂ ਦੀ ਗਿਣਤੀ ਵਿਚ ਆਗੂ ਅਤੇ ਵਰਕਰ ਥਾਣੇ ਅੱਗੇ ਇਕੱਠੇ ਹੋ ਗਏ ਅਤੇ ਕਰੀਬ 11:30 ਵਜੇ ਤੱਕ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦੇ ਹੋਏ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਨੇ ਦੱਸਿਆ ਕਿ ਹਲਕਾ ਧਰਮਕੋਟ ਦੇ ਪਿੰਡ ਦੋਸਾਂਝ ਵਿਚ ਪੰਚਾਇਤ ਵੱਲੋਂ ਮੰਗਵਾਈ ਗਈ ਸੀਮੈਂਟ ਦੀ ਟਰਾਲੀ ਦਵਿੰਦਰ ਸਿੰਘ ਦੇ ਘਰ ਅੱਗੇ ਖੜ੍ਹੀ ਕੀਤੀ ਗਈ ਸੀ। ਸੀਮੈਂਟ ਦੀ ਟਰਾਲੀ ਨੂੰ ਬਿਨਾਂ ਸੂਚਿਤ ਕੀਤੇ ਆਪਣੇ ਘਰ ਲੈ ਗਿਆ। ਇਸ ਗੱਲ ’ਤੇ ਦਵਿੰਦਰ ਸਿੰਘ ਅਤੇ ਰੂਪ ਸਿੰਘ ਵਿਚਾਲੇ ਤਕਰਾਰ ਹੋ ਗਈ ਅਤੇ ਮਾਮਲਾ ਥਾਣੇ ਤੱਕ ਪਹੁੰਚ ਗਿਆ। ਪੁਲਿਸ ਨੇ ਦਵਿੰਦਰ ਸਿੰਘ ਨੂੰ ਥਾਣੇ ਵਿਚ ਬਿਠਾ ਲਿਆ। ਜਦੋਂ ਇਸ ਦੀ ਜਾਣਕਾਰੀ ਸਾਨੂੰ ਮਿਲੀ ਤਾਂ ਉਹ ਹਿਮਾਇਤ ਵਿਚ ਥਾਣੇ ਪਹੁੰਚੇ, ਜਿੱਥੇ ਉਨ੍ਹਾਂ ਨੂੰ ਵੀ ਡੀਟੇਨ ਕਰ ਲਿਆ ਗਿਆ। ਹਾਈਵੇ ਜਾਮ, ਜ਼ਬਰਦਸਤ ਨਾਅਰੇਬਾਜ਼ੀ ਘਟਨਾ ਦੀ ਖ਼ਬਰ ਮਿਲਦੇ ਹੀ ਜਥੇਦਾਰ ਤੀਰਥ ਸਿੰਘ ਮਾਹਲਾ, ਸੰਜੀਤ ਸਿੰਘ ਸਨੀ ਗਿੱਲ, ਖਣਮੁੱਖ ਭਾਰਤੀ ਪੱਤੋ, ਬਲਜੀਤ ਸਿੰਘ ਕੰਗ, ਰਾਜਵਿੰਦਰ ਸਿੰਘ ਧਰਮਕੋਟ, ਰਜਿੰਦਰ ਸਿੰਘ ਡੱਲਾ ਸਮੇਤ ਕਈ ਆਗੂ ਅਤੇ ਵਰਕਰ ਥਾਣਾ ਮਹਿਣਾ ਪਹੁੰਚ ਗਏ। ਵਰਕਰਾਂ ਨੇ ਪੁਲਿਸ ਖ਼ਿਲਾਫ਼ ਤਿੱਖੇ ਨਾਅਰੇ ਲਗਾਏ ਅਤੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਮਾਹੌਲ ਕਾਫ਼ੀ ਤਣਾਅਪੂਰਨ ਬਣ ਗਿਆ ਅਤੇ ਰਾਤ ਦੇ ਸਮੇਂ ਆਵਾਜਾਈ ਪ੍ਰਭਾਵਿਤ ਰਹੀ। ਇਸ ਮੌਕੇ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਕਿਹਾ ਅਕਾਲੀ ਦਲ ਧਰਨਿਆਂ ’ਚੋਂ ਪੈਦਾ ਹੋਈ ਪਾਰਟੀ ਹੈ। ਸਾਡੇ ਵਰਕਰ ਧਰਨੇ ਤੇ ਥਾਣਿਆਂ ਵਿਚ ਬੈਠਣ ਤੋਂ ਨਹੀਂ ਡਰਦੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਰਕਰ ਨਾਲ ਨਾਇਨਸਾਫ਼ੀ ਹੋਵੇਗੀ ਤਾਂ ਪਾਰਟੀ ਇੱਕਜੁੱਟ ਹੋ ਕੇ ਸੰਘਰਸ਼ ਕਰੇਗੀ। ਇਸ ਧਰਨੇ ਵਿਚ ਪੁੱਜੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋਂ ਨੇ ਵੀ ਥਾਣਾ ਮਹਿਣਾ ਦੇ ਪੁਲਿਸ ਅਧਿਕਾਰੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਨੂੰ ਥਾਣੇ ਵਿਚ ਬਿਠਾਉਣ ’ਤੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਜੋ ਅੱਜ ਥਾਣਾ ਮਹਿਣਾ ਵਿਚ ਤਾਇਨਾਤ ਪੁਲਿਸ ਅਧਿਕਾਰੀਆਂ ਨੇ ਸਾਡੇ ਸੀਨੀਅਰ ਆਗੂਆਂ ਦੇ ਨਾਲ ਵਤੀਰਾ ਕੀਤਾ ਹੈ, ਉਹ ਬਹੁਤ ਹੀ ਨਿੰਦਣਯੋਗ ਹੈ। ---- ਡੀਐੱਸਪੀ ਧਰਮਕੋਟ ਦਖਲਅੰਦਾਜ਼ੀ ਤੋਂ ਬਾਅਦ ਰਿਹਾਈ ਮੌਕੇ ’ਤੇ ਡੀਐੱਸਪੀ ਧਰਮਕੋਟ ਜਸਵਰਿੰਦਰ ਸਿੰਘ ਪਹੁੰਚੇ ਅਤੇ ਆਗੂਆਂ ਨਾਲ ਗੱਲਬਾਤ ਕੀਤੀ। ਗੱਲਬਾਤ ਤੋਂ ਬਾਅਦ ਕਰੀਬ 11:30 ਵਜੇ ਨਿਹਾਲ ਸਿੰਘ ਭੁੱਲਰ ਅਤੇ ਦਵਿੰਦਰ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ। ਥਾਣੇ ਤੋਂ ਬਾਹਰ ਨਿਕਲਦੇ ਹੀ ਵਰਕਰਾਂ ਨੇ ਜ਼ਬਰਦਸਤ ਨਾਅਰੇਬਾਜ਼ੀ ਕਰਦੇ ਹੋਏ ਸਵਾਗਤ ਕੀਤਾ ਅਤੇ ਧਰਨਾ ਸਮਾਪਤ ਕਰ ਦਿੱਤਾ। ---- ਵਰਕਰਾਂ ਲਈ ਜੇਲ੍ਹ ਜਾਣ ਤੋਂ ਵੀ ਨਹੀਂ ਡਰਦਾ: ਨਿਹਾਲ ਸਿੰਘ ਭੁੱਲਰ ਥਾਣੇ ਤੋਂ ਬਾਹਰ ਆ ਕੇ ਨਿਹਾਲ ਸਿੰਘ ਭੁੱਲਰ ਨੇ ਕਿਹਾ ਮੈਂ ਆਪਣੇ ਵਰਕਰਾਂ ਲਈ ਥਾਣੇ ਤਾਂ ਕੀ ਜੇਲ੍ਹਾਂ ਵਿਚ ਜਾਣ ਲਈ ਵੀ ਤਿਆਰ ਹਾਂ। ਜੇਕਰ ਕਿਸੇ ਪੁਲਿਸ ਅਧਿਕਾਰੀ ਜਾਂ ਹੋਰ ਵਿਅਕਤੀ ਵੱਲੋਂ ਸਾਡੇ ਵਰਕਰਾਂ ਨੂੰ ਤੰਗ ਕੀਤਾ ਗਿਆ ਤਾਂ ਅਸੀਂ ਇੱਕਜੁੱਟ ਹੋ ਕੇ ਮੂੰਹ-ਤੋੜ ਜਵਾਬ ਦੇਵਾਂਗੇ। ਇਸ ਮੌਕੇ ’ਤੇ ਜਥੇਦਾਰ ਤੀਰਥ ਸਿੰਘ ਮਾਹਲਾ ਮੈਂਬਰ ਕੋਰ ਕਮੇਟੀ, ਸੰਜੀਤ ਸਿੰਘ ਸਨੀ ਗਿੱਲ ਹਲਕਾ ਇੰਚਾਰਜ ਮੋਗਾ, ਖਣਮੁੱਖ ਭਾਰਤੀ ਪੱਤੋਂ ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਬਲਜੀਤ ਸਿੰਘ ਕੰਗ ਸਰਕਲ ਪ੍ਰਧਾਨ, ਰਾਜਵਿੰਦਰ ਸਿੰਘ ਧਰਮਕੋਟ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਰਜਿੰਦਰ ਸਿੰਘ ਡੱਲਾ ਸੀਨੀਅਰ ਅਕਾਲੀ ਆਗੂ, ਸਰਪੰਚ ਗੁਰਮੀਤ ਸਿੰਘ ਗਗੜਾ ਸਰਪੰਚ ਜਸਵਿੰਦਰ ਸਿੰਘ ਕੁੱਕੀ, ਪਰਮਜੀਤ ਸਿੰਘ ਵਿਰਕ, ਗੁਰਮੇਲ ਸਿੰਘ ਪ੍ਰਧਾਨ ਧਰਮਕੋਟ, ਨੱਥਾ ਸਿੰਘ ਤਲਵੰਡੀ ਭੰਗੇਰੀਆਂ, ਜਗਸੀਰ ਸਿੰਘ ਸੀਰਾ ਸਰਕਲ ਪ੍ਰਧਾਨ ਖੋਸਾ ਰਣਧੀਰ, ਜਰਨੈਲ ਸਿੰਘ ਬਿੱਟੂ ਸਰਪੰਚ ਰੌਲੀ ਅਕਾਲੀ ਦਲ ਦੇ ਵਰਕਰਾਂ ਨੇ ਨੈਸ਼ਨਲ ਹਾਈਵੇ ਜਾਮ ਕਰਕੇ ਥਾਣਾ ਮਹਿਣਾ ਦੀ ਪੁਲਿਸ ਦਾ ਘੇਰਾਓ ਕੀਤਾ ਅਤੇ ਆਖਿਰਕਾਰ ਡੀਐੱਸਪੀ ਧਰਮਕੋਟ ਜਸਵਰਿੰਦਰ ਸਿੰਘ ਦੇ ਪਹੁੰਚਣ ਤੋਂ ਬਾਅਦ ਮਾਮਲਾ ਕੁਝ ਠੰਢਾ ਪਿਆ। ਦੇਰ ਰਾਤ ਪੁਲਿਸ ਵੱਲੋਂ ਡਿਟੇਨ ਕਰਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਅਤੇ ਦਵਿੰਦਰ ਸਿੰਘ ਦਸਾਂਝ ਨੂੰ ਆਖ਼ਰਕਾਰ ਪੁਲਿਸ ਨੂੰ ਛੱਡਣਾ ਪਿਆ।