ਮੋਗਾ ਸਿਵਲ ਹਸਪਤਾਲ 'ਚ ਹੰਗਾਮਾ: ਸੁਪਰਵਾਈਜ਼ਰ ਨੂੰ ਹਟਾਉਣ 'ਤੇ ਭੜਕੇ ਸਫਾਈ ਸੇਵਕ, OPD ਦੇ ਬਾਹਰ ਦਿੱਤਾ ਧਰਨਾ
ਸਥਾਨਕ ਮਥੁਰਾ ਦਾਸ ਸਿਵਲ ਹਸਪਤਾਲ ਵਿੱਚ ਪਿਛਲੇ ਕਈ ਸਾਲਾਂ ਤੋਂ ਤਾਇਨਾਤ ਸੁਪਰਵਾਈਜ਼ਰ ਨੂੰ ਸਫਾਈ ਸੇਵਕ ਬਣਾਏ ਜਾਣ ਦੇ ਵਿਰੋਧ ਵਿੱਚ ਸਫਾਈ ਸੇਵਕਾਂ ਨੇ ਮੰਗਲਵਾਰ ਨੂੰ ਹਸਪਤਾਲ ਦੇ ਓ.ਪੀ.ਡੀ. (OPD) ਵਿਭਾਗ ਦੇ ਬਾਹਰ ਰੋਸ ਧਰਨਾ ਦਿੱਤਾ। ਇਸ ਧਰਨੇ ਦੀ ਅਗਵਾਈ ਪ੍ਰਧਾਨ ਰਾਜਪਾਲ ਸਿੰਘ ਵੱਲੋਂ ਕੀਤੀ ਗਈ।
Publish Date: Tue, 10 Mar 2026 12:16 PM (IST)
Updated Date: Tue, 10 Mar 2026 12:18 PM (IST)

ਰਾਜਕੁਮਾਰ ਰਾਜੂ, ਜਾਗਰਣ, ਮੋਗਾ: ਸਥਾਨਕ ਮਥੁਰਾ ਦਾਸ ਸਿਵਲ ਹਸਪਤਾਲ ਵਿੱਚ ਪਿਛਲੇ ਕਈ ਸਾਲਾਂ ਤੋਂ ਤਾਇਨਾਤ ਸੁਪਰਵਾਈਜ਼ਰ ਨੂੰ ਸਫਾਈ ਸੇਵਕ ਬਣਾਏ ਜਾਣ ਦੇ ਵਿਰੋਧ ਵਿੱਚ ਸਫਾਈ ਸੇਵਕਾਂ ਨੇ ਮੰਗਲਵਾਰ ਨੂੰ ਹਸਪਤਾਲ ਦੇ ਓ.ਪੀ.ਡੀ. (OPD) ਵਿਭਾਗ ਦੇ ਬਾਹਰ ਰੋਸ ਧਰਨਾ ਦਿੱਤਾ। ਇਸ ਧਰਨੇ ਦੀ ਅਗਵਾਈ ਪ੍ਰਧਾਨ ਰਾਜਪਾਲ ਸਿੰਘ ਵੱਲੋਂ ਕੀਤੀ ਗਈ।
ਧਰਨੇ ਦੌਰਾਨ ਸਫਾਈ ਸੇਵਕਾਂ ਨੇ ਦੱਸਿਆ ਕਿ ਵਿਕਰਮ ਕੁਮਾਰ ਪਿਛਲੇ ਕਈ ਸਾਲਾਂ ਤੋਂ ਬਤੌਰ ਸੁਪਰਵਾਈਜ਼ਰ ਕੰਮ ਕਰ ਰਹੇ ਸਨ ਅਤੇ ਆਪਣੀ ਟੀਮ ਨਾਲ ਬਿਹਤਰ ਤਾਲਮੇਲ ਬਣਾ ਕੇ ਰੱਖਦੇ ਸਨ। ਪ੍ਰਧਾਨ ਰਾਜਪਾਲ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਵਿਕਰਮ ਕੁਮਾਰ ਬੀਮਾਰ ਹੋ ਗਏ ਸਨ, ਜਿਸ ਸਬੰਧੀ ਉਨ੍ਹਾਂ ਨੇ ਖੁਦ ਲਿਖਤੀ ਤੌਰ 'ਤੇ ਮੈਡੀਕਲ ਵਿਭਾਗ ਕੋਲ ਜਮ੍ਹਾ ਕਰਵਾਇਆ ਸੀ। ਪਰ ਇਸ ਦੇ ਬਾਵਜੂਦ ਠੇਕੇਦਾਰ ਵੱਲੋਂ ਨਾ ਤਾਂ ਵਿਕਰਮ ਕੁਮਾਰ ਦੀ ਕੋਈ ਵਿੱਤੀ ਮਦਦ ਕੀਤੀ ਗਈ ਅਤੇ ਨਾ ਹੀ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਗਿਆ। ਉਲਟਾ 1 ਮਾਰਚ ਤੋਂ ਵਿਕਰਮ ਕੁਮਾਰ ਨੂੰ ਸੁਪਰਵਾਈਜ਼ਰ ਦੇ ਅਹੁਦੇ ਤੋਂ ਹਟਾ ਕੇ ਸਫਾਈ ਸੇਵਕ ਲਗਾ ਦਿੱਤਾ ਗਿਆ ਹੈ, ਜਿਸ ਕਾਰਨ ਕਰਮਚਾਰੀਆਂ ਵਿੱਚ ਭਾਰੀ ਨਾਰਾਜ਼ਗੀ ਹੈ।
ਸਫਾਈ ਵਿਵਸਥਾ ਨੂੰ ਲੈ ਕੇ ਸਵਾਲ
ਰਾਜਪਾਲ ਸਿੰਘ ਨੇ ਦੱਸਿਆ ਕਿ ਠੇਕੇਦਾਰ ਉਨ੍ਹਾਂ 'ਤੇ ਸਫਾਈ ਸਹੀ ਢੰਗ ਨਾਲ ਨਾ ਕਰਨ ਦੇ ਇਲਜ਼ਾਮ ਲਗਾ ਰਿਹਾ ਹੈ, ਜਦਕਿ ਅਸਲ ਕਾਰਨ ਸਾਮਾਨ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਨਾਇਲ, ਝਾੜੂ ਅਤੇ ਹੋਰ ਲੋੜੀਂਦਾ ਸਾਮਾਨ ਸਮੇਂ ਸਿਰ ਮਿਲਦਾ ਰਹੇ ਤਾਂ ਸਫਾਈ ਬਾਖੂਬੀ ਹੋਵੇਗੀ। ਇਸ ਤੋਂ ਇਲਾਵਾ ਹਸਪਤਾਲ ਦੇ ਪਖਾਨੇ ਟੁੱਟੇ ਹੋਏ ਹਨ, ਜਿਸ ਕਾਰਨ ਸਫਾਈ ਵਿਵਸਥਾ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਕੰਮ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।
ਠੇਕੇਦਾਰ ਦਾ ਪੱਖ: 'ਮਨਮਰਜ਼ੀ ਨਾਲ ਕਰਦੇ ਨੇ ਕੰਮ'
ਦੂਜੇ ਪਾਸੇ, ਸਬੰਧਤ ਠੇਕੇਦਾਰ ਮਨਜੀਤ ਸਿੰਘ ਨੇ ਕਿਹਾ ਕਿ ਸੁਪਰਵਾਈਜ਼ਰ ਵੱਲੋਂ ਸੁਪਰਵਿਜ਼ਨ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ ਸੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਸਫਾਈ ਕਰਮਚਾਰੀ ਆਪਣੀ ਮਨਮਰਜ਼ੀ ਨਾਲ ਕੰਮ ਕਰਦੇ ਸਨ, ਜਿਸ ਕਾਰਨ ਹਸਪਤਾਲ ਵਿੱਚ ਗੰਦਗੀ ਦਾ ਆਲਮ ਬਣਿਆ ਰਹਿੰਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਹਰ ਮਹੀਨੇ ਸਫਾਈ ਲਈ ਸਾਰਾ ਸਾਮਾਨ (ਫਿਨਾਇਲ, ਕੈਮੀਕਲ ਆਦਿ) ਮੁਹੱਈਆ ਕਰਵਾਇਆ ਜਾਂਦਾ ਹੈ, ਪਰ ਫਿਰ ਵੀ ਵਿਵਸਥਾ ਵਿੱਚ ਸੁਧਾਰ ਨਹੀਂ ਹੋ ਰਿਹਾ ਸੀ।
ਇਸ ਮੌਕੇ ਇਹ ਰਹੇ ਮੌਜੂਦ:
ਸੁਪਰਵਾਈਜ਼ਰ ਵਿਕਰਮ ਕੁਮਾਰ, ਸੋਨੂ, ਮਲਕੀਤ ਸਿੰਘ, ਸੋਨੂ ਕਟਾਰੀਆ, ਸਾਜਨ, ਮਨਜੀਤ, ਬੇਅੰਤ ਕੌਰ, ਕੁਲਵੰਤ ਕੌਰ, ਰਾਜਵਿੰਦਰ, ਨਿਰਮਲ, ਸਾਹਿਲ, ਸੁਨੀਲ, ਪੂਜਾ, ਰਾਕੇਸ਼ ਕੁਮਾਰ, ਮਨੀਸ਼ ਕੁਮਾਰ ਆਦਿ ਮੌਜੂਦ ਸਨ।