ਸੰਯੁਕਤ ਕਿਸਾਨ ਮੋਰਚਾ ਵੱਲੋਂ ਕੇਂਦਰ ਸਰਕਾਰ ਤੇ ਰਾਜਪਾਲ ਦੇ ਪੁਤਲੇ ਫੂਕੇ
ਸੰਯੁਕਤ ਕਿਸਾਨ ਮੋਰਚਾ ਵੱਲੋਂ ਕੇਂਦਰ ਸਰਕਾਰ ਤੇ ਰਾਜਪਾਲ ਦੇ ਪੁਤਲੇ ਫੂਕੇ
Publish Date: Sat, 16 May 2026 06:02 PM (IST)
Updated Date: Sat, 16 May 2026 06:03 PM (IST)

ਭੰਵਰਾ/ਗਿੱਲ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਖੜਾ ਮੈਨੇਜਮੈਂਟ ਬੋਰਡ ’ਚ ਪੰਜਾਬ ਦੀ ਮੈਂਬਰਸ਼ਿਪ ਬਹਾਲ ਕਰਾਉਣ ਲਈ ਕੱਲ 15 ਮਈ ਨੂੰ ਰਾਜ ਭਵਨ ਵੱਲ ਮਾਰਚ ਕੀਤਾ ਗਿਆ। ਮਾਰਚ ਕਰਕੇ ਇੱਕ ਮੰਗ ਪੱਤਰ ਰਾਜਪਾਲ ਨੂੰ ਦੇਣਾ ਸੀ ਪਰ ਕੇਂਦਰ ਸਰਕਾਰ ਦੀ ਸ਼ਹਿ ਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ’ਤੇ ਅੰਧੇ ਧੁੰਦ ਅਥਰੂ ਗੋਲੇ, ਲਾਠੀਚਾਰਜ ਤੇ ਪਾਣੀ ਦੀਆਂ ਬੋਛਾੜਾਂ ਕੀਤੀਆਂ ਗਈਆਂ ਜਿਸ ਕਾਰਨ ਸੈਂਕੜੇ ਕਿਸਾਨ ਜਖਮੀ ਹੋ ਗਏ ਤੇ ਸੈਂਕੜੇ ਕਿਸਾਨਾਂ ਨੂੰ ਚੱਕ ਕੇ ਜੇਲਾਂ ’ਚ ਸੁੱਟ ਦਿੱਤਾ ਗਿਆ। ਇਸ ਦੇ ਰੋਸ ਵਜੋਂ ਪਿੰਡ ਪਿੰਡ ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਕੇਂਦਰ ਸਰਕਾਰ ਤੇ ਰਾਜਪਾਲ ਦੇ ਪੁਤਲੇ ਫੂਕੇ ਗਏ। ਇਸ ਸਮੇਂ ਪਾਣੀ ਦੀ ਬੋਛਾੜ ਸਿੱਧੀ ਅੱਖ ’ਚ ਵੱਜਣ ਕਾਰਨ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਮੰਗਾ ਸਿੰਘ ਆਜ਼ਾਦ ਮੁਕਤਸਰ ਦੀ ਇੱਕ ਅੱਖ ਦੀ ਰੋਸ਼ਨੀ ਇੱਕ ਵਾਰ ਚਲੀ ਗਈ ਤੇ ਉਹ ਹੁਣ ਜੇਰੇ ਇਲਾਜ ਹਨ l ਸੰਯੁਕਤ ਕਿਸਾਨ ਮੋਰਚੇ ਦੀ ਜਿਲ੍ਹਾ ਮੁਕਤਸਰ ਦੀ ਇਕਾਈ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ’ਚ ਇਕੱਠੇ ਹੋ ਕੇ ਬਾਅਦ ’ਚ ਮਾਰਚ ਕਰਦੇ ਹੋਏ ਕੋਟਕਪੂਰਾ ਚੌਂਕ ਵਿਖੇ ਪੁਤਲਾ ਫੂਕਿਆ ਗਿਆ। ਇਸ ਸਮੇਂ ਬੋਲਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਥਾਂਦੇਵਾਲਾ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੋਬਿੰਦ ਸਿੰਘ ਕੋਟਲੀ, ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਵੱਟੂ, ਬੀਕੇਯੂ ਲੱਖੋਵਾਲ ਦੇ ਜਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਲੰਬੀਢਾਬ, ਪੈਨਸ਼ਨਰ ਐਸੋਸੀਏਸ਼ਨ ਪਾਵਰਕਮ ਦੇ ਸਕੱਤਰ ਕਰਮਜੀਤ ਪਾਲ, ਡੀਟੀਐਫ ਦੇ ਵਿੱਤ ਸਕੱਤਰ ਮਨਦੀਪ ਸਿੰਘ, ਸੀਆਈਟੀਯੂ ਦੇ ਜਿਲ੍ਹਾ ਜਨਰਲ ਸਕੱਤਰ ਰਵਿੰਦਰ ਪਾਲ ਸਿੰਘ, ਪੀਐਸਯੂ ਦੀ ਜਿਲ੍ਹਾ ਪ੍ਰਧਾਨ ਸੁਖਪ੍ਰੀਤ ਕੌਰ, ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਪੂਰੇ ਜ਼ੋਰ ਨਾਲ ਪੰਜਾਬ ਨੂੰ ਤਬਾਹ ਕਰਨ ’ਤੇ ਲੱਗੀ ਹੋਈ ਹੈ। ਸਰਕਾਰਾਂ ਵੱਲੋਂ ਸਟੂਡੈਂਟ ਮੁਲਾਜ਼ਮ ਸਫਾਈ ਸੇਵਕ ਕਿਸਾਨ ਮਜ਼ਦੂਰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਸਰਕਾਰਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਪੰਜਾਬ ਨੂੰ ਹਰ ਹੀਲੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾਵੇ। ਬੁਲਾਰਿਆਂ ਨੇ ਕੱਲ ਕੀਤੀ ਕੋਝੀ ਹਰਕਤ ਦੀ ਪੁਰਜੋਰ ਨਿਖੇਧੀ ਕੀਤੀ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਅਤੇ ਭਾਈਵਾਲ ਜਥੇਬੰਦੀਆਂ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਥਾਂਦੇਵਾਲਾ, ਰਾਜ ਕੁਮਾਰ ਨਗਰ ਕੌਂਸਲ, ਹਰਪ੍ਰੀਤ ਸਿੰਘ, ਪ੍ਰਤਾਪ ਸਿੰਘ ਬਾਜਵਾ, ਜਗਸੀਰ ਸਿੰਘ ਦੂਹੇਵਾਲਾ, ਬੂਟਾ ਸਿੰਘ ਪਾਵਰਕਮ, ਤਰਸੇਮ ਲਾਲ ਸੀਆਈਟੀਯੂ, ਮੱਖਣ ਸਿੰਘ ਧਿਗਾਣਾ, ਰਜਿੰਦਰ ਸਿੰਘ ਢਿੱਲਵਾਂ ਪੀਐਸਯੂ, ਨੌ ਨਿਹਾਲ ਸਿੰਘ ਥਾਂਦੇਵਾਲਾ, ਮੰਗਤ ਰਾਮ ਸਫਾਈ ਸੇਵਕ ਯੂਨੀਅਨ, ਬਲਦੇਵ ਸਿੰਘ ਵੱਟੂ, ਜਸਕਰਨ ਸਿੰਘ ਬੂੜਾਗੁੱਜ਼ਰ, ਸੁਖਦੇਵ ਸਿੰਘ ਧਿਗਾਣਾ ਆਦਿ ਸਾਥੀ ਹਾਜ਼ਰ ਸਨ।