ਸਾਦਿਕ ਵਿਖੇ ਭਾਜਪਾ ਤੇ ਗਵਰਨਰ ਦਾ ਪੁਤਲਾ ਫੂਕਿਆ
ਸੰਯੁਕਤ ਕਿਸਾਨ ਮੋਰਚਾ ਨੇ ਸਾਦਿਕ ਵਿਖੇ ਭਾਜਪਾ ਤੇ ਗਵਰਨਰ ਦਾ ਪੁਤਲਾ ਫੂਕਿਆ
Publish Date: Sat, 16 May 2026 03:34 PM (IST)
Updated Date: Sun, 17 May 2026 04:01 AM (IST)

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਦ ਚੰਡੀਗੜ੍ਹ ਵਿਖੇ ਗਵਰਨਰ ਨੂੰ ਮਿਲਣ ਗਏ ਸਨ ਤਾਂ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਬਜਾਏ ਉਨਾਂ ਨਾਲ ਰੁੱਖਾ ਵਿਵਹਾਰ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਗੁੱਸੇ ਵਿੱਚ ਹਨ ਤੇ ਉਨਾਂ ਪੰਜਾਬ ਪੱਧਰ ਤੇ ਪੁਤਲੇ ਫੂਕਣ ਦਾ ਪ੍ਰੋਗਰਾਮ ਦਾ ਐਲਾਨ ਕੀਤਾ। ਇਸੇ ਕੜੀ ਤਹਿਤ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਦਿਕ ਦੇ ਮੁੱਖ ਚੌਂਕ ਵਿਖੇ ਕਿਸਾਨ ਆਗੂਆਂ ਵੱਲੋਂ ਭਾਜਪਾ ਦਾ ਪੁਤਲਾ ਫੂਕਿਆ ਗਿਆ। ਇਕੱਠ ਨੂੰ ਸੰਬੋਧਨ ਹੁੰਦਿਆਂ ਭਾਰਤੀ ਕਿਸਾਨ ਯੂਨੀਅਨ ਮਾਲਵਾ (ਏਕਤਾ) ਦੇ ਸੂਬਾ ਮੀਤ ਪ੍ਰਧਾਨ ਬਖਤੌਰ ਸਿੰਘ ਸਾਦਿਕ, ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸਾਧੂਵਾਲਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਰਛਪਾਲ ਸਿੰਘ ਬਰਾੜ ਘੁੱਦੂਵਾਲਾ, ਕਿਰਤੀ ਕਿਸਾਨ ਯੂਨੀਅਨ ਬਲਾਕ ਆਗੂ ਗੁਰਮੀਤ ਸਿੰਘ ਸੰਗਰਾਹੂਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਪੰਜਾਬ ਦਾ ਗਵਰਨਰ ਲਗਾਇਆ ਗਿਆ ਹੈ ਤੇ ਜਦ ਕਿਸਾਨ ਆਗੂ ਗਵਰਨਰ ਨੂੰ ਮਿਲਣ ਜਾਂਦੇ ਹਨ ਕਿ ਭਾਖੜਾ ਮਨੇਜਮੈਂਟ ਬੋਰਡ ਦੀ ਮੈਂਬਰੀ ਕਿਉਂ ਖਤਮ ਕੀਤੀ ਜਾ ਰਹੀ ਹੈ ਜਿਸ ਕਾਰਨ ਭਾਖੜਾ ਦੀ ਸਾਂਭ ਸੰਭਾਲ ਘਟਦੀ ਜਾ ਰਹੀ ਹੈ ਤੇ ਭਾਖੜਾ ਟੁੱਟਣ ਦੇ ਕਗਾਰ ਤੇ ਆ ਖੜ੍ਹੀ ਹੈ। ਸਾਂਭ ਸੰਭਾਲ ਬੇਗਾਨੇ ਕਰ ਰਹੇ ਹਨ ਤੇ ਤਨਖਾਹ ਪੰਜਾਬ ਸਰਕਾਰ ਦੇ ਖਜਾਨੇ ਵਿੱਚੋਂ ਲੈ ਰਹੇ ਹਨ। ਅਗਰ ਕੋਈ ਅਣਗਹਿਲੀ ਹੋਈ ਤਾਂ ਪੂਰਾ ਪੰਜਾਬ ਪ੍ਰਭਾਵਿਤ ਹੋ ਸਕਦਾ ਹੈ ਤਾਂ ਕਿਸਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਪਾਣੀ ਦੀ ਬੌਛਾੜਾਂ ਮਾਰ ਕੇ ਖਦੇੜਨ ਦੀ ਕੋਸ਼ਿਸ਼ ਕੀਤੀ ਗਈ। ਜੋ ਕਿ ਬਹੁਤ ਮੰਦਭਾਗੀ ਹੈ। ਜਿਸ ਦੀ ਅਸੀਂ ਪ੍ਰਜੋਰ ਨਿੰਦਾ ਕਰਦੇ ਹਾਂ। ਉਨਾਂ ਚੰਡੀਗੜ੍ਹ ਪ੍ਰ਼ਸ਼ਾਸ਼ਨ, ਬੀਜੇਪੀ ਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਪੁਤਲਾ ਫੂਕਿਆ। ਉਨਾਂ ਮੰਗ ਕੀਤੀ ਭਾਖੜਾ ਮਨੇਜਮੈਂਟ ਵਿੱਚ ਪੰਜਾਬੀ ਦੀ ਮੈਂਬਰੀ ਬਹਾਲ ਕੀਤੀ ਜਾਵੇ ਤੇ ਪੰਜਾਬ ਦੇ ਮੁਲਾਜ਼ਮ ਭਰਤੀ ਕੀਤੇ ਜਾਣ। ਇਸ ਮੌਕੇ ਕੁਲਦੀਪ ਸਿੰਘ ਘੁੱਦੂਵਾਲਾ, ਅਵਤਾਰ ਸਿੰਘ, ਅਮਨਦੀਪ ਸਿੰਘ ਸਮੇਤ ਵੱਖ ਵੱਖ ਕਿਸਾਨ ਯੂਨੀਅਨਾਂ ਦੇ ਆਗੂ ਤੇ ਵਰਕਰ ਵੀ ਹਾਜਰ ਸਨ।