ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਮਾਰਕਿਟ ਕਮੇਟੀ ਵਿਖੇ ਲਗਾਏ ਬੂਟੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਐਮ.ਐਲ.ਏ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਵੱਲੋਂ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਦੂਜੇ ਪੜਾਅ ਤਹਿਤ ਮਾਰਕਿਟ ਕਮੇਟੀ ਫ਼ਰੀਦਕੋਟ ਵਿਖੇ ਬੂਟੇ ਲਗਾਏ ਗਏ ਅਤੇ ਨਾਲ ਹੀ ਇਨ੍ਹਾਂ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਉੱਥੋਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੌਂਪੀ ਗਈ। ਚੇਅਰਮੈਨ ਬਰਸਟ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਾਰੇ ਪੰਜਾਬ ਵਿੱਚ ਬੂਟੇ ਲਗਾਏ ਜਾ ਰਹੇ ਹਨ। ਕਿਉਂਕਿ ਦਿਨ-ਪ੍ਰਤੀ-ਦਿਨ ਗਲੋਬਲ ਵਾਰਮਿੰਗ ਵਿੱਚ ਵਾਧਾ ਹੋ ਰਿਹਾ ਹੈ, ਜਿਸ ਨਾਲ ਬਰਫ਼ ਪਿਘਲ ਰਹੀ ਹੈ। ਇਸ ਲਈ ਸਾਨੂੰ ਆਪਣਾ ਵਾਤਾਵਰਣ ਸਾਫ਼ ਅਤੇ ਸ਼ੁੱਧ ਰੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਹਰਿਆਵਲ ਮੁਹਿੰਮ ਤਹਿਤ ਸਾਲ 2023-24 ਦੌਰਾਨ ਪੰਜਾਬ ਰਾਜ ਦੀਆਂ ਵੱਖ-ਵੱਖ ਮੰਡੀਆਂ ਵਿੱਚ 30 ਹਜਾਰ ਬੂਟੇ ਲਗਾਉਣ ਦੇ ਆਪਣੇ ਟੀਚੇ ਨੂੰ ਪਾਰ ਕਰਦਿਆਂ ਹੋਇਆ 33000 ਤੋਂ ਵੱਧ ਫ਼ਲਦਾਰ, ਛਾਂਦਾਰ ਅਤੇ ਮੈਡੀਸਨ ਦੇ ਪੌਦੇ ਲਗਾਏ ਗਏ ਸਨ ਅਤੇ ਇਸ ਸੀਜ਼ਨ ਵਿੱਚ 35 ਹਜਾਰ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਹੈ। ਉਨ੍ਹਾਂ ਸਾਰੇ ਉੱਚ ਅਧਿਕਾਰੀਆਂ, ਕਰਮਚਾਰੀਆਂ, ਆੜ੍ਹਤੀਆਂ, ਕਿਸਾਨਾਂ ਆਦਿ ਨੂੰ ਆਪਣੇ ਆਲੇ-ਦੁਆਲੇ ਪੰਜ-ਪੰਜ ਬੂਟੇ ਲਾਜ਼ਮੀ ਲਗਾਉਣ ਅਤੇ ਆਪਣੇ ਜਨਮ ਦਿਨ ਮੌਕੇ ਦੋ-ਦੋ ਬੂਟੇ ਹੋਰ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੇਖੋਂ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ। ਇਨ੍ਹਾਂ ਨੂੰ ਚੰਗਾ ਮਾਹੌਲ ਮੁੱਹਈਆ ਕਰਵਾਉਣ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਬਚਾਉਣ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪੰਜਾਬ ਮੰਡੀ ਬੋਰਡ ਵੱਲੋਂ ਆਫ ਸੀਜ਼ਨ ਦੌਰਾਨ ਪੰਜਾਬ ਰਾਜ ਦੀਆਂ ਸਮੂਹ ਮੰਡੀਆਂ ਵਿੱਚ ਬਣੇ ਵੱਡੇ-ਵੱਡੇ ਕਵਰ ਸ਼ੈੱਡਾਂ ਵਿੱਚ ਇੰਨਡੋਰ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂ ਜੋ ਇਹ ਨੌਜਵਾਨ ਪੂਰੀ ਦੁਨੀਆ ਵਿੱਚ ਪੰਜਾਬ ਅਤੇ ਦੇਸ਼ ਦਾ ਨਾਂ ਰੋਸ਼ਨ ਕਰ ਸਕਣ। ਆਫ ਸੀਜ਼ਨ ਦੌਰਾਨ ਮੰਡੀਆਂ ਵਿੱਚ ਟ੍ਰੇਨਿੰਗ ਦੇਣ ਲਈ ਖੇਡ ਵਿਭਾਗ, ਐਨ.ਜੀ.ਓਜ਼ ਅਤੇ ਰਿਟਾਇਰ ਕੋਚਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ ਅਮਨਦੀਪ ਸਿੰਘ,ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਗੁਰਮੀਤ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਰਮਨਦੀਪ ਸਿੰਘ ਮੁਮਾਰਾ, ਗੁਰਿੰਦਰ ਸਿੰਘ ਚੀਮਾ ਚੀਫ਼ ਇੰਜੀਨਿਅਰ ਪੰਜਾਬ ਮੰਡੀ ਬੋਰਡ, ਜ਼ਿਲ੍ਹਾ ਮੰਡੀ ਅਫਸਰ ਫਰੀਦਕੋਟ ਪ੍ਰੀਤ ਕੰਵਰ ਸਿੰਘ ਬਰਾੜ, ਸਕੱਤਰ ਮਾਰਕਿਟ ਕਮੇਟੀ ਫਰੀਦਕੋਟ ਯੁਗਵੀਰ ਕੁਮਾਰ, ਸਤਨਾਮ ਸਿੰਘ, ਯਾਦਵਿੰਦਰ ਸਿੰਘ ਕਵਲਜੀਤ ਸਿੰਘ ਐਮ.ਸੀ.,ਬੱਬੂ ਅਹੂਜਾ ਆੜਤੀਆ, ਕਲਭੂਸ਼ਣ ਬਾਂਸਲ ਆੜਤੀਆ ਅਮਰਜੀਤ ਸਿੰਘ ਪਰਮਾਰ ਐਸਸੀ ਵਿੰਗ ਪੰਜਾਬ ਆਮ ਆਦਮੀ ਪਾਰਟੀ ਆਦਿ ਹਾਜ਼ਰ ਸਨ।