ਤੁਲਸੀ ਰਾਮ ਬਾਂਸਲ ਦੀ ਸ਼ਾਨਦਾਰ ਜਿੱਤ, ਸਮਰਥਕਾਂ ’ਚ ਖੁਸ਼ੀ ਦੀ ਲਹਿਰ
ਤੁਲਸੀ ਰਾਮ ਬਾਂਸਲ ਦੀ ਸ਼ਾਨਦਾਰ ਜਿੱਤ, ਸਮਰਥਕਾਂ ’ਚ ਖੁਸ਼ੀ ਦੀ ਲਹਿਰ
Publish Date: Sat, 30 May 2026 03:28 PM (IST)
Updated Date: Sat, 30 May 2026 03:29 PM (IST)

- ਜੈਤੋ ਦੇ ਵਾਰਡ ਨੰਬਰ 12 ਤੋਂ 94 ਵੋਟਾਂ ਨਾਲ ਜੇਤੂ ਭੋਲਾ ਸ਼ਰਮਾ, ਪੰਜਾਬੀ ਜਾਗਰਣ ਜੈਤੋ : ਜੈਤੋ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿਚ ਵਾਰਡ ਨੰਬਰ 12 ਤੋਂ ਕਾਂਗਰਸ ਪਾਰਟੀ ਨੂੰ ਵੱਡੀ ਸਫ਼ਲਤਾ ਮਿਲੀ ਹੈ। ਕਾਂਗਰਸ ਦੇ ਉਮੀਦਵਾਰ ਤੁਲਸੀ ਰਾਮ ਬਾਂਸਲ ਪੁੱਤਰ ਕਸਤੂਰੀ ਲਾਲ ਬਾਂਸਲ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਲਗਾਤਾਰ ਤਿੰਨ ਵਾਰ ਨਗਰ ਕੌਂਸਲਰ ਰਹੇ ਪ੍ਰਦੀਪ ਸਿੰਗਲਾ ਨੂੰ 94 ਵੋਟਾਂ ਦੇ ਮਹੱਤਵਪੂਰਨ ਅੰਤਰ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਜਿੱਥੇ ਕਾਂਗਰਸ ਵਰਕਰਾਂ ਅਤੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਉੱਥੇ ਹੀ ਬਾਂਸਲ ਪਰਿਵਾਰ ਦੇ ਘਰ ਖੁਸ਼ੀਆਂ ਦਾ ਮਾਹੌਲ ਬਣ ਗਿਆ। ਜਿਵੇਂ ਹੀ ਜਿੱਤ ਦੀ ਅਧਿਕਾਰਿਕ ਘੋਸ਼ਣਾ ਹੋਈ ਤਾਂ ਵਾਰਡ ਵਾਸੀਆਂ, ਸਮਰਥਕਾਂ ਅਤੇ ਕਾਂਗਰਸੀ ਵਰਕਰਾਂ ਨੇ ਪਟਾਕੇ ਚਲਾ ਕੇ ਅਤੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਤੁਲਸੀ ਰਾਮ ਬਾਂਸਲ ਦੀ ਰਿਹਾਇਸ਼ ਉੱਪਰ ਸਾਰਾ ਦਿਨ ਵਿਆਹ ਵਰਗਾ ਮਾਹੌਲ ਬਣਿਆ ਰਿਹਾ ਅਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਲੋਕਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਨਵੇਂ ਚੁਣੇ ਗਏ ਕੌਂਸਲਰ ਦਾ ਨਿੱਘਾ ਸਵਾਗਤ ਕੀਤਾ ਗਿਆ। ਵਿਸ਼ੇਸ਼ ਗੱਲ ਇਹ ਹੈ ਕਿ ਤੁਲਸੀ ਰਾਮ ਬਾਂਸਲ ਲਗਾਤਾਰ ਦੂਜੀ ਵਾਰ ਨਗਰ ਕੌਂਸਲਰ ਬਣਨ ਵਿਚ ਸਫ਼ਲ ਰਹੇ ਹਨ। ਸਿਆਸੀ ਮਾਹਿਰਾਂ ਅਤੇ ਵਾਰਡ ਵਾਸੀਆਂ ਦਾ ਮੰਨਣਾ ਹੈ ਕਿ ਇਹ ਜਿੱਤ ਉਨ੍ਹਾਂ ਵੱਲੋਂ ਪਿਛਲੇ ਕਾਰਜਕਾਲ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ, ਲੋਕ-ਹਿੱਤ ਨੀਤੀਆਂ ਅਤੇ ਆਮ ਲੋਕਾਂ ਨਾਲ ਬਣਾਏ ਗਏ ਨੇੜਲੇ ਰਿਸ਼ਤਿਆਂ ਦੀ ਪ੍ਰਤੀਕ ਹੈ। ਵੋਟਰਾਂ ਨੇ ਇਕ ਵਾਰ ਫਿਰ ਉਨ੍ਹਾਂ ਉੱਤੇ ਭਰੋਸਾ ਜਤਾਉਂਦਿਆਂ ਵਿਕਾਸ ਦੀ ਰਾਹ ਨੂੰ ਅੱਗੇ ਵਧਾਉਣ ਦਾ ਮੌਕਾ ਦਿੱਤਾ ਹੈ। ਇਸ ਮੌਕੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਕਾਮਰੇਡ ਦਰਸ਼ਨ ਸਿੰਘ ਢਿੱਲਵਾਂ, ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ, ਸੰਜੀਵ ਭਾਰਦਵਾਜ ‘ਰਾਜਾ’ ਸਮੇਤ ਕਈ ਆਗੂਆਂ ਅਤੇ ਵਰਕਰਾਂ ਨੇ ਤੁਲਸੀ ਰਾਮ ਬਾਂਸਲ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੀ ਜਿੱਤ ਨੂੰ ਪਾਰਟੀ ਲਈ ਵੱਡੀ ਉਪਲਬਧੀ ਕਰਾਰ ਦਿੱਤਾ। ਆਪਣੀ ਜਿੱਤ ਤੋਂ ਬਾਅਦ ਗੱਲਬਾਤ ਕਰਦਿਆਂ ਤੁਲਸੀ ਰਾਮ ਬਾਂਸਲ ਨੇ ਕਿਹਾ ਕਿ ਇਹ ਜਿੱਤ ਕਿਸੇ ਇਕ ਵਿਅਕਤੀ ਦੀ ਨਹੀਂ, ਸਗੋਂ ਸਮੁੱਚੇ ਵਾਰਡ ਵਾਸੀਆਂ, ਕਾਂਗਰਸੀ ਆਗੂਆਂ, ਵਰਕਰਾਂ ਅਤੇ ਸਮਰਥਕਾਂ ਦੀ ਸਾਂਝੀ ਜਿੱਤ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਗਏ ਪਿਆਰ, ਸਤਿਕਾਰ ਅਤੇ ਵਿਸ਼ਵਾਸ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿਚ ਵੀ ਉਹ ਵਾਰਡ ਦੇ ਸਰਵਪੱਖੀ ਵਿਕਾਸ, ਬੁਨਿਆਦੀ ਸਹੂਲਤਾਂ ਦੇ ਵਿਸਥਾਰ ਅਤੇ ਲੋਕ-ਭਲਾਈ ਦੇ ਕੰਮਾਂ ਲਈ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ। ਉਨ੍ਹਾਂ ਆਪਣੀ ਜਿੱਤ ਲਈ ਸਮੂਹ ਵੋਟਰਾਂ, ਕਾਂਗਰਸੀ ਆਗੂਆਂ, ਵਰਕਰਾਂ ਅਤੇ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਹੀ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਇਸ ਮੌਕੇ ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਮਿਹਰ ਸਿੰਘ ਕਰੀਰਵਾਲੀ, ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ ਤੇ ਸਾਬਕਾ ਵਾਈਸ ਚੇਅਰਮੈਨ ਜਗਦੀਸ਼ ਰਾਏ ਗਰਗ ਘਣੀਆਂ, ਨਗਰ ਕੌਂਸਲ ਜੈਤੋ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਬਾਬਾ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ‘ਸ਼ੰਮ੍ਹੀ ਰੰਧਾਵਾ’ ਭਗਤੂਆਣਾ, ਜ਼ਿਲ੍ਹਾ ਜਨਰਲ ਸਕੱਤਰ ਵਿਨੀਤ ਕੁਮਾਰ ‘ਆਸ਼ੂ ਮਿੱਤਲ’, ਕਾਂਗਰਸ ਪਾਰਟੀ ਐੱਸ.ਸੀ. ਵਿੰਗ ਦੇ ਸਟੇਟ ਕੋਆਰਡੀਨੇਟਰ ਬਲਕਰਨ ਸਿੰਘ ‘ਡੀਸਰ’ ਸੂਰਘੁਰੀ, ਸਾਬਕਾ ਕੌਂਸਲਰ ਵਿਕਾਸ ਸਿੰਗਲਾ ‘ਘੰਟੀ ਡੋਡ’, ਸਾਬਕਾ ਸਰਪੰਚ ਭਗਵੰਤ ਸਿੰਘ ਬਰਾੜ ਚੈਨਾ, ਸੀਨੀਅਰ ਕਾਂਗਰਸੀ ਆਗੂ ਸੁਖਜੀਤ ਸਿੰਘ ਕੈਰੋਂ, ਕਾਂਗਰਸੀ ਆਗੂ ਸੱਤਾ ਸਿੰਘ ਭਾਊ ਕਾਸਮ ਭੱਟੀ, ਸੁਨੀਲ ਗਰਗ, ਨਵਨੀਤ ਕੁਮਾਰ ਬਾਂਸਲ, ਨਰਿੰਦਰ ਬਾਂਸਲ ‘ਕੱਦੂ’, ਲਲਿਤ ਗਰਗ, ਸੁਧੀਰ ਗਰਗ, ਨਹਿਰੂ ਸਿੰਘ ਬਰਾੜ ਰੋੜੀਕਪੂਰਾ, ਅਵਤਾਰ ਸਿੰਘ ਬਰਾੜ ਚੈਨਾ, ਕੁਲਰਾਜ ਸਿੰਘ ਭਾਊ ਕਾਸਮ ਭੱਟੀ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ।