ਜਨਗਣਨਾ ਸਬੰਧੀ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ
ਜਨਗਣਨਾ-2027 ਹਲਕਾ ਜੈਤੋ ਦੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਟਰੇਨਿੰਗ ਆਯੋਜਿਤ
Publish Date: Wed, 29 Apr 2026 04:03 PM (IST)
Updated Date: Thu, 30 Apr 2026 04:02 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਜ਼ਿਲ੍ਹਾ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਜਨਗਣਨਾ-2027 ਦੇ ਪਹਿਲੇ ਪੜਾਅ ਸਬੰਧੀ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦੇ ਦੂਜੇ ਬੈਂਚ ਦੀ ਟਰੇਨਿੰਗ ਐੱਚ.ਐੱਸ.ਐੱਨ ਸਕੂਲ ਆਫ਼ ਅਮੀਂਨੈਂਸ ਜੈਤੋ ਵਿਖੇ ਸਫ਼ਲਤਾ ਪੂਰਵਕ ਕਰਵਾਈ ਜਾ ਰਹੀ ਹੈ। ਇਸ ਟਰੇਨਿੰਗ ਦਾ ਇੱਕ ਤਿੰਨ ਰੋਜ਼ਾ ਬੈਂਚ ਖ਼ਤਮ ਹੋ ਚੁੱਕਾ ਹੈ। ਇਸ ਟਰੇਨਿੰਗ ਦਾ ਮਕਸਦ ਜਨਗਣਨਾ ਦੀ ਪ੍ਰਕਿਰਿਆ ਨੂੰ ਸੁਚਾਰੂ, ਪਾਰਦਰਸ਼ੀ ਅਤੇ ਸਮੇਂ ਸਿਰ ਮੁਕੰਮਲ ਕਰਨਾ ਹੈ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਜੈਤੋ ਬਿਕਰਮਜੀਤ ਬਾਂਸਲ ਨੇ ਦੱਸਿਆ ਕਿ ਜਨਗਣਨਾ-2027 ਦੇ ਪਹਿਲੇ ਪੜਾਅ ਤਹਿਤ 15 ਮਈ ਤੋਂ 13 ਜੂਨ 2026 ਤੱਕ ਘਰਾਂ ਦੀ ਸੂਚੀਕਰਨ ਪ੍ਰਕਿਰਿਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੀ ਪਹਿਲੀ ਡਿਜ਼ੀਟਲ ਜਨਗਣਨਾ ਹੋਵੇਗੀ, ਜਿਸ ਲਈ ਕਰਮਚਾਰੀਆਂ ਨੂੰ ਆਧੁਨਿਕ ਤਕਨੀਕੀ ਪ੍ਰਕਿਰਿਆਵਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ। ਟਰੇਨਿੰਗ ਦੌਰਾਨ ਮਾਸਟਰ ਟਰੇਨਰਾਂ ਵੱਲੋਂ ਗਿਣਤੀਕਾਰਾਂ ਨੂੰ ਸੈਲਫ਼ ਇਨਿਊਮਰੇਸ਼ਨ ਪ੍ਰਕਿਰਿਆ, ਡਾਟਾ ਇਕੱਠਾ ਕਰਨ ਦੇ ਤਰੀਕੇ, ਆਨਲਾਈਨ ਪੋਰਟਲ ਦੀ ਵਰਤੋਂ ਅਤੇ ਨਾਗਰਿਕਾਂ ਨੂੰ ਜਾਗਰੂਕ ਕਰਨ ਸਬੰਧੀ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ 30 ਅਪ੍ਰੈਲ ਤੋਂ 14 ਮਈ 2026 ਤੱਕ ਨਾਗਰਿਕਾਂ ਲਈ ਸੈਲਫ਼ ਇਨਿਊਮਰੇਸ਼ਨ ਦੀ ਸਹੂਲਤ ਉਪਲਬਧ ਰਹੇਗੀ, ਜਿਸ ਤਹਿਤ ਲੋਕ ਸਰਕਾਰੀ ਪੋਰਟਲ ’ਤੇ ਆਪਣੇ ਪਰਿਵਾਰ ਦੀ ਜਾਣਕਾਰੀ ਖੁਦ ਦਰਜ ਕਰ ਸਕਣਗੇ। ਉਨ੍ਹਾਂ ਟਰੇਨਿੰਗ ਪ੍ਰਾਪਤ ਗਿਣਤੀਕਾਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਸਿਖਲਾਈ ਦੇਣ ਅਤੇ ਜਨਗਣਨਾ ਪ੍ਰਕਿਰਿਆ ਨੂੰ ਬਿਨਾਂ ਕਿਸੇ ਗਲਤੀ ਦੇ ਮੁਕੰਮਲ ਕਰਨ ਲਈ ਤਿਆਰ ਕਰਨ। ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਕਿਹਾ ਕਿ ਜਨਗਣਨਾ ਨੀਤੀ ਨਿਰਮਾਣ ਅਤੇ ਵਿਕਾਸ ਯੋਜਨਾਵਾਂ ਦਾ ਅਹਿਮ ਆਧਾਰ ਹੈ, ਇਸ ਲਈ ਹਰ ਅਧਿਕਾਰੀ ਅਤੇ ਕਰਮਚਾਰੀ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਏ ਤਾਂ ਜੋ ਜ਼ਿਲ੍ਹੇ ਵਿਚ ਜਨਗਣਨਾ ਦਾ ਕੰਮ ਸਫ਼ਲਤਾਪੂਰਵਕ ਸੰਪੰਨ ਕੀਤਾ ਜਾ ਸਕੇ। ਇਸ ਮੌਕੇ ਤਹਿਸੀਲਦਾਰ ਜੈਤੋ ਰਣਜੀਤ ਸਿੰਘ ਖਹਿਰਾ, ਜਨਗਣਨਾ ਜ਼ਿਲ੍ਹਾ ਫ਼ਰੀਦਕੋਟ ਦੇ ਕੋਆਰਡੀਨੇਟਰ ਪੰਕਜ ਕੁਮਾਰ, ਸਟੇਟ ਟਰੇਨਰ ਜਨਗਣਨਾ ਪੰਜਾਬ ਵਿਨੇ ਕੁਮਾਰ, ਜ਼ਿਲ੍ਹਾ ਮਾਸਟਰ ਟਰੇਨਰ ਜਨਗਣਨਾ ਰੰਗ ਹਰਜਿੰਦਰ, ਰਣਜੀਤ ਸਿੰਘ ਖੱਚੜਾਂ, ਸੁਰਿੰਦਰ ਕੁਮਾਰ, ਚਰਨਜੀਤ ਸ਼ਰਮਾ, ਸੁਪਰਜਨ ਜੋਹਨ, ਜਸਪ੍ਰੀਤ ਸਿੰਘ, ਅਮੋਲਕ ਸਿੰਘ, ਭੁਪਿੰਦਰ ਦੁੱਗਲ, ਪ੍ਰਮੋਦ ਧੀਰ, ਗੋਰੀ ਸ਼ੰਕਰ, ਪੰਕਜ ਕੁਮਾਰ, ਨਵਦੀਪ ਸਿੰਘ, ਜੋਗਿੰਦਰ ਪਾਲ ਆਦਿ ਵੀ ਹਾਜ਼ਰ ਸਨ।