ਮੁਕਤਸਰ ਸ਼ਹਿਰ ’ਚ ਜਗ੍ਹਾ-ਜਗ੍ਹਾ ਲੱਗ ਰਹੇ ਜਾਮ, ਪ੍ਰਸ਼ਾਸਨ ਸੁੱਤਾ
ਮੁਕਤਸਰ ਸ਼ਹਿਰ ’ਚ ਜਗ੍ਹਾ-ਜਗ੍ਹਾ ਲੱਗ ਰਹੇ ਜਾਮ ਨੇ ਲੋਕਾਂ ਦਾ ਜਿਉਣਾ ਕੀਤਾ ਮੁਹਾਲ, ਪ੍ਰਸ਼ਾਸਨ ਮੂਕ ਦਰਸ਼ਕ
Publish Date: Sun, 17 May 2026 06:20 PM (IST)
Updated Date: Sun, 17 May 2026 06:21 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਥਾਨਕ ਸ਼ਹਿਰ ਵਿੱਚ ਦਿਨੋਂ-ਦਿਨ ਵਧ ਰਹੀ ਟਰੈਫਿਕ ਦੀ ਸਮੱਸਿਆ ਅਤੇ ਜਗ੍ਹਾ-ਜਗ੍ਹਾ ਲੱਗ ਰਹੇ ਜਾਮ ਨੇ ਆਮ ਸ਼ਹਿਰੀਆਂ ਅਤੇ ਰਾਹਗੀਰਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਸੜਕਾਂ ਤੇ ਪੈਦਲ ਚੱਲਣਾ ਵੀ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਰਿਹਾ। ਇਸ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਬਾਜ਼ਾਰਾਂ ’ਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਅਤੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਹੈ। ਦੁਕਾਨਦਾਰਾਂ ਦੇ ਨਜਾਇਜ਼ ਕਬਜ਼ੇ ਤੇ ਰੇਹੜੀਆਂ ਦੀ ਭਰਮਾਰ ਸ਼ਹਿਰ ਦੇ ਤਕਰੀਬਨ ਸਾਰੇ ਪ੍ਰਮੁੱਖ ਬਾਜ਼ਾਰਾਂ ’ਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦਾ ਸਮਾਨ ਸੜਕਾਂ ਤੇ ਅੱਗੇ ਤੱਕ ਰੱਖ ਕੇ ਸ਼ਰੇਆਮ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਰਹੀ-ਸਹੀ ਕਸਰ ਹਰ ਮੁੱਖ ਚੌਂਕ ਅਤੇ ਮੋੜ ਤੇ ਖੜ੍ਹਨ ਵਾਲੇ ਰੇਹੜੀ-ਫੜੀ ਵਾਲਿਆਂ ਨੇ ਪੂਰੀ ਕਰ ਦਿੱਤੀ ਹੈ। ਇਨ੍ਹਾਂ ਅਸਥਾਈ ਅੱਡਿਆਂ ਕਾਰਨ ਸੜਕਾਂ ਸੁੰਗੜ ਕੇ ਬੇਹੱਦ ਭੀੜੀਆਂ ਹੋ ਚੁੱਕੀਆਂ ਹਨ। ਖ਼ਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਨੂੰ ਆਪਣੇ ਵਾਹਨ ਪਾਰਕ ਕਰਨ ਲਈ ਜਗ੍ਹਾ ਨਹੀਂ ਮਿਲਦੀ, ਜਿਸ ਕਾਰਨ ਵਾਹਨ ਸੜਕਾਂ ਦੇ ਵਿਚਕਾਰ ਖੜ੍ਹਦੇ ਹਨ ਅਤੇ ਮਿੰਟਾਂ ਵਿੱਚ ਹੀ ਲੰਮਾ ਟਰੈਫਿਕ ਜਾਮ ਲੱਗ ਜਾਂਦਾ ਹੈ। ਸਕੂਲਾਂ ’ਚ ਛੁੱਟੀ ਵੇਲੇ ਜਾਮ ’ਚ ਫਸੇ ਰਹਿੰਦੇ ਵਾਹਨ ਇਹ ਸਮੱਸਿਆ ਦੁਪਹਿਰ ਵੇਲੇ ਉਸ ਸਮੇਂ ਹੋਰ ਵੀ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ, ਜਦੋਂ ਸ਼ਹਿਰ ਦੇ ਵੱਖ-ਵੱਖ ਸਕੂਲਾਂ ’ਚ ਛੁੱਟੀ ਹੁੰਦੀ ਹੈ। ਸਕੂਲੀ ਬੱਸਾਂ, ਵੈਨਾਂ, ਆਟੋ ਅਤੇ ਆਪਣੇ ਬੱਚਿਆਂ ਨੂੰ ਲੈਣ ਆਏ ਮਾਪਿਆਂ ਦੇ ਵਾਹਨਾਂ ਦੀ ਭਾਰੀ ਗਿਣਤੀ ਕਾਰਨ ਪੂਰਾ ਸ਼ਹਿਰ ਬੰਦ ਹੋ ਜਾਂਦਾ ਹੈ। ਕਈ-ਕਈ ਘੰਟੇ ਵਾਹਨ ਇਸ ਜਾਮ ’ਚ ਫਸੇ ਰਹਿੰਦੇ ਹਨ, ਜਿਸ ਵਿੱਚ ਸਕੂਲੀ ਬੱਚੇ ਗਰਮੀ ਕਾਰਨ ਬੇਹਾਲ ਹੁੰਦੇ ਹਨ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਕਈ ਵਾਰ ਹਸਪਤਾਲ ਜਾ ਰਹੀਆਂ ਐਂਬੂਲੈਂਸਾਂ ਵੀ ਇਸ ਜਾਮ ਦੀ ਲਪੇਟ ’ਚ ਆ ਜਾਂਦੀਆਂ ਹਨ। ਟ੍ਰੈਫਿਕ ਨਿਯਮਾਂ ਤੋਂ ਕੋਰੇ ਈ-ਰਿਕਸ਼ਾ ਚਾਲਕ ਬਣਦੇ ਹਾਦਸਿਆਂ ਦਾ ਕਾਰਨ ਸ਼ਹਿਰ ’ਚ ਬਿਨਾਂ ਕਿਸੇ ਰਜਿਸਟ੍ਰੇਸ਼ਨ ਅਤੇ ਯੋਜਨਾ ਦੇ ਈ-ਰਿਕਸ਼ਿਆਂ ਦੀ ਹੜ੍ਹ ਵਾਂਗ ਆਈ ਭਰਮਾਰ ਨੇ ਬਲਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਇਨ੍ਹਾਂ ਈ-ਰਿਕਸ਼ਿਆਂ ਦੇ ਜ਼ਿਆਦਾਤਰ ਚਾਲਕ ਟਰੈਫਿਕ ਨਿਯਮਾਂ ਤੋਂ ਪੂਰੀ ਤਰ੍ਹਾਂ ਕੋਰੇ ਹਨ। ਇਹ ਚਾਲਕ ਸਵਾਰੀਆਂ ਲੱਦਣ ਦੇ ਚੱਕਰ ਵਿੱਚ ਬਾਜ਼ਾਰਾਂ ਦੇ ਵਿਚਕਾਰ ਹੀ ਅਚਾਨਕ ਬ੍ਰੇਕ ਲਗਾ ਦਿੰਦੇ ਹਨ, ਜਿਸ ਕਾਰਨ ਰੋਜ਼ਾਨਾ ਛੋਟੇ-ਮੋਟੇ ਹਾਦਸੇ ਵਾਪਰ ਰਹੇ ਹਨ। ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਭੀੜ-ਭੜੱਕੇ ਵਾਲੇ ਤੰਗ ਬਾਜ਼ਾਰਾਂ ਵਿੱਚ ਇਹ ਈ-ਰਿਕਸ਼ੇ ਸਵਾਰੀਆਂ ਢੋਹਣ ਦੇ ਨਾਲ-ਨਾਲ ਦੁਕਾਨਾਂ ਦਾ ਭਾਰੀ ਸਮਾਨ ਅਤੇ ਲੋਹੇ ਦੇ ਗਾਡਰ ਤੱਕ ਲੱਦ ਕੇ ਲੰਘਦੇ ਹਨ। ਇਸ ਕਾਰਨ ਪੈਦਲ ਚੱਲਣ ਵਾਲੇ ਗਾਹਕਾਂ ਅਤੇ ਔਰਤਾਂ ਨੂੰ ਲੰਘਣ ਵਿੱਚ ਭਾਰੀ ਦਿੱਕਤ ਆਉਂਦੀ ਹੈ ਅਤੇ ਬਾਜ਼ਾਰਾਂ ਵਿੱਚ ਹਰ ਵੇਲੇ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਹੈ। ਸ਼ਹਿਰ ਵਾਸੀਆਂ ਅਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲ ਅਤੇ ਟਰੈਫਿਕ ਪੁਲਿਸ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸ਼ਹਿਰ ਨੂੰ ਇਸ ਨਰਕ ਵਰਗੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ। ਲੋਕਾਂ ਅਨੁਸਾਰ ਬਾਜ਼ਾਰਾਂ ਵਿੱਚੋਂ ਨਜਾਇਜ਼ ਕਬਜ਼ੇ ਹਟਾਉਣ ਲਈ ਇੱਕ ਨਿਰੰਤਰ ਅਤੇ ਸਖ਼ਤ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ, ਰੇਹੜੀ ਵਾਲਿਆਂ ਲਈ ਨੋ-ਵੈਂਡਿੰਗ ਜ਼ੋਨ ਤੈਅ ਕੀਤੇ ਜਾਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਈ-ਰਿਕਸ਼ਾ ਚਾਲਕਾਂ ਤੇ ਦੁਕਾਨਦਾਰਾਂ ਦੇ ਮੋਟੇ ਚਲਾਨ ਕੱਟੇ ਜਾਣ ਤਾਂ ਜੋ ਟਰੈਫਿਕ ਵਿਵਸਥਾ ਨੂੰ ਮੁੜ ਲੀਹ ’ਤੇ ਲਿਆਂਦਾ ਜਾ ਸਕੇ।