ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰੈਕਟਰ ਟਰਾਲੀ ਨੂੰ ਲੱਗੀ ਅੱਗ
ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰੈਕਟਰ ਟਰਾਲੀ ਨੂੰ ਲੱਗੀ ਅੱਗ
Publish Date: Fri, 17 Oct 2025 04:32 PM (IST)
Updated Date: Fri, 17 Oct 2025 04:32 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੇ ਮਲੋਟ-ਬਠਿੰਡਾ ਰੋਡ ਬਾਈਪਾਸ ’ਤੇ ਵੀਰਵਾਰ ਦੀ ਰਾਤ ਕਰੀਬ 8 ਵਜੇ ਪਰਾਲੀ ਦੀਆਂ ਗੱਠਾਂ ਨਾਲ ਲੋਡ ਇੱਕ ਟਰੈਕਟਰ ਟਰਾਲੀ ’ਚ ਅੱਗ ਲੱਗ ਗਈ। ਗੱਠਾਂ ਭਾਰੀ ਮਾਤਰਾ ’ਚ ਹੋਣ ਦੇ ਕਾਰਨ ਅੱਗ ਕਾਫੀ ਤੇਜ ਹੋ ਗਈ। ਇਸਤੋਂ ਬਾਅਦ ਫਾਇਰ ਬ੍ਰਗੇਡ ਦੀਆਂ ਦੋ ਗੱਡੀਆਂ ਨੇ ਆ ਕੇ ਅੱਗ ’ਤੇ ਬੜੀ ਮੁਸ਼ਕਿਲ ਦੇ ਨਾਲ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਹਾਲਾਂਕਿ ਟਰੈਕਟਰ ਟਰਾਲੀ ਚਾਲਕ ਦਾ ਕਹਿਣਾ ਕੀ ਇਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਲਾਈ ਗਈ ਹੈ। ਸਰਵਨ ਸਿੰਘ ਵਾਸੀ ਸੰਗਰਾਣਾ ਨੇ ਦੱਸਿਆ ਕਿ ਜਵਾਹਰਵਾਲਾ ਵਾਸੀ ਟਰੈਕਟਰ ਟਰਾਲੀ ਚਾਲਕ ਵੱਲੋਂ ਪਿੰਡ ਬੁੜਾ ਗੁੱਜਰ ਤੋਂ ਪਰਾਲੀ ਦੀਆਂ ਗੱਠਾਂ ਲੋਡ ਕਰਕੇ ਪਿੰਡ ਰੁਪਾਣਾ ਵਿਖੇ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਮਲੋਟ ਬਠਿੰਡਾ ਰੋਡ ਬਾਈਪਾਸ ’ਤੇ ਟਰੈਕਟਰ ਚਾਲਕ ਪਾਣੀ ਦੀ ਬੋਤਲ ਲੈਣ ਦੇ ਲਈ ਇੱਕ ਦੁਕਾਨ ’ਤੇ ਚਲਾ ਗਿਆ। ਪਿੱਛੋਂ ਟਰੈਕਟਰ ਟਰਾਲੀ ’ਚ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਕੁਝ ਲੋਕ ਇੱਥੇ ਸ਼ਾਰਟ ਸਰਕਟ ਨਾਲ ਅੱਗ ਲੱਗਣ ਦਾ ਕਾਰਨ ਦੱਸ ਰਹੇ ਹਨ ਪਰ ਇਥੋਂ ਹੋਰ ਵੀ ਵਾਹਨ ਲੰਘ ਰਹੇ ਹਨ, ਸ਼ਾਰਟ ਸਰਕਟ ਦੀ ਕਿਸੇ ਤਰ੍ਹਾਂ ਦੀ ਗੱਲ ਦੇਖਣ ਨੂੰ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਅੱਗ ਲਾਈ ਹੈ। ਟਰੈਕਟਰ ਟਰਾਲੀ ਚਾਲਕ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਟਰਾਲੀ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਇਸ ਨਾਲ ਉਸ ਦਾ 50,000 ਤੋਂ ਜ਼ਿਆਦਾ ਦਾ ਨੁਕਸਾਨ ਹੋ ਗਿਆ ਹੈ। ਓਧਰ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ’ਤੇ ਪਹੁੰਚੀਆਂ ਤੇ ਬੜੀ ਮੁਸ਼ਕਿਲ ਦੇ ਨਾਲ ਅੱਗ ’ਤੇ ਕਾਬੂ ਪਾਇਆ। ਓਧਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਐਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਅੱਗ ਤੇ ਕਾਬੂ ਪਾ ਲਿਆ ਗਿਆ ਹੈ ਤੇ ਆਵਾਜਾਈ ਵੀ ਚਾਲੂ ਕਰ ਦਿੱਤੀ ਗਈ ਹੈ।