ਮੋਗਾ ਦੀ ਅਨਾਜ਼ ਮੰਡੀ ਵਿਚ

ਮੋਗਾ ਮੰਡੀ ’ਚ ਭਿੱਜ ਲੱਖਾਂ ਕੁਇੰਟਲ ਕਣਕ, ਕਰੋੜਾਂ ਦੇ ਨੁਕਸਾਨ ਦਾ ਖ਼ਦਸ਼ਾ
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਮੋਗਾ ਦੀ ਅਨਾਜ਼ ਮੰਡੀ ਵਿਚ ਐਤਵਾਰ ਸਵੇਰੇ ਹੋਈ ਬਰਸਾਤ ਨੇ ਸਰਕਾਰੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਲਾਪਰਵਾਹੀ ਅਤੇ ਸੁਸਤ ਲਿਫ਼ਟਿੰਗ ਪ੍ਰਕਿਰਿਆ ਕਾਰਨ ਮੰਡੀ ਵਿਚ ਖੁੱਲ੍ਹੇ ਆਸਮਾਨ ਹੇਠ ਲੱਖਾਂ ਕਵਿੰਟਲ ਕਣਕ ਭਿੱਜ ਗਈ, ਜਿਸ ਨਾਲ ਆੜ੍ਹਤੀਆਂ, ਕਿਸਾਨਾਂ ਅਤੇ ਅਨਾਜ਼ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਭਾਰੀ ਆਰਥਿਕ ਝਟਕਾ ਲੱਗਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਢਾਈ ਤੋਂ ਤਿੰਨ ਲੱਖ ਕਵਿੰਟਲ ਤੱਕ ਕਣਕ ਭਿੱਜ ਗਈ ਹੈ। ਜਿਸ ਨੂੰ ਸੰਭਾਲਣ ਲਈ ਹੀ ਲਗਭਗ 5 ਲੱਖ ਰੁਪਏ ਤੋਂ ਵੱਧ ਦਾ ਵਾਧੂ ਖਰਚਾ ਆ ਸਕਦਾ ਹੈ। ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਕਰੀਬ 5:30 ਵਜੇ ਸਵੇਰੇ ਸਵੇਰੇ ਤੇਜ਼ ਹਵਾਵਾਂ ਨਾਲ ਸ਼ੁਰੂ ਹੋਈ ਬਰਸਾਤ ਨੇ ਕੁੱਝ ਮਿੰਟਾਂ ਵਿਚ ਹੀ ਮੰਡੀ ਦਾ ਦ੍ਰਿਸ਼ ਬਦਲ ਦਿੱਤਾ, ਜਿੱਥੇ ਤੱਕ ਨਜ਼ਰ ਜਾਂਦੀ ਸੀ, ਉੱਥੇ ਤੱਕ ਕਣਕ ਦੀਆਂ ਬੋਰੀਆਂ ਹੀ ਬੋਰੀਆਂ ਦਿਖਾਈ ਦੇ ਰਹੀਆਂ ਸਨ। ਮੰਡੀ ਦੇ ਅੰਦਰ ਹੀ ਨਹੀਂ, ਸੜਕਾਂ ਤੱਕ ਬੋਰੀਆਂ ਦੇ ਅੰਬਾਰ ਲੱਗੇ ਹੋਏ ਸਨ, ਜਿਸ ਕਾਰਨ ਬਰਸਾਤ ਦਾ ਪਾਣੀ ਬੋਰੀਆਂ ਵਿਚ ਵੜ ਗਿਆ ਅਤੇ ਬੋਰੀਆਂ ਵਿਚ ਭਰੀ ਹੋਈ ਕਣਕ ਭਿੱਜ ਗਈ। ਬਰਸਾਤ ਸ਼ੁਰੂ ਹੋਣ ਦੇ ਨਾਲ ਹੀ ਮੌਕੇ ’ਤੇ ਮੌਜੂਦ ਮਜ਼ਦੂਰਾਂ ਅਤੇ ਕਰਮਚਾਰੀਆਂ ਨੇ ਤਿਰਪਾਲਾਂ ਨਾਲ ਬਚਾਅ ਦੀ ਕੋਸ਼ਿਸ਼ ਕੀਤੀ ਗਈ ਪਰ ਕਣਕ ਦੀ ਬੇਹਿਸਾਬ ਮਾਤਰਾ ਅੱਗੇ ਇਹ ਉਪਰਾਲੇ ਨਾਕਾਫ਼ੀ ਸਾਬਤ ਹੋਏ। ਬਰਸਾਤ ਰੁਕਣ ਤੋਂ ਬਾਅਦ ਸਾਰਾ ਦਿਨ ਮਜ਼ਦੂਰ ਭਿੱਜੀਆਂ ਬੋਰੀਆਂ ਨੂੰ ਸੁਕਾਉਣ, ਪਾਣੀ ਕੱਢਣ ਅਤੇ ਕਣਕ ਨੂੰ ਬਚਾਉਣ ਵਿਚ ਜੁਟੇ ਰਹੇ। ਕਈ ਥਾਵਾਂ ’ਤੇ ਬੋਰੀਆਂ ਦੇ ਥੱਲੇ ਆਇਆ ਪਾਣੀ ਝਾੜੂਆਂ ਨਾਲ ਇਕੱਠਾ ਕਰਨਾ ਪਿਆ ਜੋ ਕਿ ਸਿੱਧਾ ਹੀ ਨੁਕਸਾਨ ਦਰਸਾਉਂਦਾ ਹੈ।
ਚਿਤਾਵਨੀ ਦੇ ਬਾਵਜੂਦ ਨਾ ਹੋਈ ਕਾਰਵਾਈ
ਇਸ ਮੌਕੇ ਮੋਗਾ ਆੜ੍ਹਤੀ ਐਸੋਸੀਏਸ਼ਨ ਵੱਲੋਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਮੌਸਮ ਖ਼ਰਾਬ ਹੋਣ ਦੀ ਸੰਭਾਵਨਾ ਬਾਰੇ ਜਾਣਕਾਰੀ ਦਿੱਤੀ ਗਈ ਸੀ ਅਤੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਕਣਕ ਦੀ ਲਿਫ਼ਟਿੰਗ ਤੇਜ਼ ਕਰਨ ਦੀ ਮੰਗ ਵੀ ਕੀਤੀ ਗਈ ਸੀ ਪਰ ਜ਼ਮੀਨੀ ਹਕੀਕਤ ਵਿਚ ਕੋਈ ਸੁਧਾਰ ਨਹੀਂ ਆਇਆ। ਨਤੀਜੇ ਵਜੋਂ, ਬਰਸਾਤ ਨੇ ਵੱਡੇ ਨੁਕਸਾਨ ਦਾ ਰੂਪ ਧਾਰ ਲਿਆ।
72 ਘੰਟਿਆਂ ਦਾ ਨਿਯਮ ਕਾਗਜ਼ਾਂ ਤੱਕ ਸੀਮਤ
ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਖ਼ਰੀਦ ਤੋਂ 72 ਘੰਟਿਆਂ ਦੇ ਅੰਦਰ ਕਣਕ ਦੀ ਲਿਫ਼ਟਿੰਗ ਹੋ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਜ਼ਿੰਮੇਵਾਰੀ ਖ਼ਰੀਦ ਏਜੰਸੀਆਂ ਅਤੇ ਸੰਬੰਧਤ ਵਿਭਾਗਾਂ ਦੀ ਬਣਦੀ ਹੈ ਪਰ ਮੋਗਾ ਮੰਡੀ ਵਿਚ ਹਕੀਕਤ ਇਹ ਹੈ ਕਿ ਕਣਕ 15, 20 ਦਿਨਾਂ ਤੋਂ ਖੁੱਲ੍ਹੇ ਅਸਮਾਨ ਵਿ ਚ ਪਈ ਹੈ।
ਫਟਿਆ ਬਾਰਦਾਨਾ ਤੇ ਸੁਸਤ ਲਿਫ਼ਟਿੰਗ ਬਣੀ ਵੱਡੀ ਸਮੱਸਿਆ
ਇਸ ਮੌਕੇ ਅਨਾਜ ਕਾਰੋਬਾਰੀਆਂ ਨੇ ਦੱਸਿਆ ਕਿ ਸਾਈਲੋਆਂ ਲਈ ਦਿੱਤਾ ਗਿਆ ਬਾਰਦਾਨਾ ਵੀ ਫਟਿਆ ਹੋਇਆ ਹੈ, ਜਿਸ ਕਾਰਨ ਕਣਕ ਡੁੱਲ੍ਹਦੀ ਰਹਿੰਦੀ ਹੈ, ਜਿਸ ਨਾਲ ਬਹੁਤ ਸਾਰੀਆਂ ਦਿੱਕਤ ਆਉਂਦੀ ਹੈ ਅਤੇ ਨੁਕਸਾਨ ਹੋਰ ਵੱਧਦਾ ਹੈ। ਇਸ ਤੋਂ ਇਲਾਵਾ ਗੋਦਾਮਾਂ ਵਿਚ ਮਜ਼ਦੂਰਾਂ ਦੀ ਘਾਟ ਕਾਰਨ ਉਤਰਾਈ ਦੀ ਰਫ਼ਤਾਰ ਬਹੁਤ ਹੌਲੀ ਹੈ, ਜਿਸ ਨਾਲ ਮੰਡੀ ’ਚ ਬੋਰੀਆਂ ਦੇ ਢੇਰ ਲੱਗੇ ਰਹਿੰਦੇ ਹਨ।
ਐਤਵਾਰ ਨੂੰ ਮੰਡੀ ’ਚ ਪ੍ਰਸ਼ਾਸਨ ਗਾਇਬ
ਹੈਰਾਨੀਜਨਕ ਤੌਰ ’ਤੇ ਐਤਵਾਰ ਨੂੰ ਮਾਰਕੀਟਿੰਗ ਕਮੇਟੀ ਦਾ ਦਫ਼ਤਰ ਬੰਦ ਮਿਲਿਆ ਅਤੇ ਮੰਡੀ ਵਿਚ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਮੌਜੂਦ ਨਹੀਂ ਸੀ। ਖ਼ਰੀਦ ਏਜੰਸੀਆਂ ਦੇ ਨੁਮਾਇੰਦੇ ਵੀ ਗੈਰਹਾਜ਼ਰ ਰਹੇ। ਬਰਸਾਤ ਤੋਂ ਬਾਅਦ ਵੀ ਲਿਫ਼ਟਿੰਗ ਦਾ ਕੰਮ ਸ਼ੁਰੂ ਨਾ ਹੋਣ ਨਾਲ ਨੁਕਸਾਨ ਹੋਰ ਵਧਣ ਦਾ ਖ਼ਤਰਾ ਬਣਿਆ ਹੋਇਆ ਹੈ।
ਆੜ੍ਹਤੀਆਂ ਦੀ ਚਿੰਤਾ, ਕੌਣ ਭਰੇਗਾ ਨੁਕਸਾਨ
ਇਸ ਮੌਕੇ ਆੜ੍ਹਤੀਆਂ ਅਤੇ ਕਾਰੋਬਾਰੀਆਂ ਨੇ ਸਵਾਲ ਉਠਾਇਆ ਹੈ ਕਿ ਜਦੋਂ ਉਨ੍ਹਾਂ ਵੱਲੋਂ ਵਾਰ-ਵਾਰ ਚੇਤਾਵਨੀ ਦਿੱਤੀ ਗਈ ਸੀ ਤਾਂ ਇਸ ਨੁਕਸਾਨ ਦੀ ਜ਼ਿੰਮੇਵਾਰੀ ਕੌਣ ਲਵੇਗਾ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਅਤੇ ਲਿਫ਼ਟਿੰਗ ਪ੍ਰਕਿਰਿਆ ਨੂੰ ਤੁਰੰਤ ਤੇਜ਼ ਕੀਤਾ ਜਾਵੇ ਤਾਂ ਜੋ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ।
ਨਤੀਜਾ:
ਮੋਗਾ ਮੰਡੀ ਵਿਚ ਭਿੱਜ ਗਈ ਕਣਕ ਇਹ ਮਾਮਲਾ ਸਿਰਫ਼ ਇਕ ਕੁਦਰਤੀ ਆਫ਼ਤ ਨਹੀਂ, ਸਗੋਂ ਪ੍ਰਬੰਧਕੀ ਨਾਕਾਮੀ ਦਾ ਸਪੱਸ਼ਟ ਉਦਾਹਰਨ ਬਣ ਕੇ ਸਾਹਮਣੇ ਆਇਆ ਹੈ। ਜੇ ਸਮੇਂ ਸਿਰ ਕਾਰਵਾਈ ਕੀਤੀ ਜਾਂਦੀ ਤਾਂ ਸ਼ਾਇਦ ਲੱਖਾਂ ਕਵਿੰਟਲ ਅਨਾਜ਼ ਅਤੇ ਕਰੋੜਾਂ ਰੁਪਏ ਦਾ ਨੁਕਸਾਨ ਟਲ ਸਕਦਾ ਸੀ। ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸਨ ਇਸ ਮਾਮਲੇ ਵਿਚ ਕੀ ਕਦਮ ਚੁੱਕਦਾ ਹੈ।