ਸਰਾਫਾ ਕਾਰੋਬਾਰੀਆਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਕੀਤਾ ਪ੍ਰਦਰਸ਼ਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ
Publish Date: Wed, 13 May 2026 04:03 PM (IST)
Updated Date: Thu, 14 May 2026 04:00 AM (IST)

ਪ੍ਰਧਾਨ ਮੰਤਰੀ ਦੇ ਸੋਨਾ ਨਾ ਖਰੀਦਣ ਸਬੰਧੀ ਬਿਆਨ ਦਾ ਵਿਰੋਧ ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦੇਸ਼ ਦੇ ਨਾਗਰਿਕਾਂ ਨੂੰ ਸੰਬੋਧਨ ਕਰਦਿਆਂ ਇਕ ਸਾਲ ਤੱਕ ਸੋਨਾ ਨਾ ਖ਼ਰੀਦਣ ਦੇ ਦਿੱਤੇ ਬਿਆਨ ਤੋਂ ਬਾਅਦ ਸਰਾਫ਼ਾ ਕਾਰੋਬਾਰੀਆਂ ਵਿਚ ਨਾਰਾਜ਼ਗੀ ਅਤੇ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਵਿਰੋਧ ਵਿਚ ਸਰਾਫ਼ਾ ਮਾਰਕੀਟਾਂ ਨੂੰ ਬੰਦ ਕਰਨ ਦੇ ਫ਼ੈਸਲੇ ’ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਾਫ਼ਾ ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਅਤੇ ਸਵਰਨਕਾਰ ਸੰਘ ਦੇ ਸੂਬਾ ਸੈਕਟਰੀ ਸੁਖਚੈਨ ਸਿੰਘ ਰਾਮੂੰਵਾਲੀਆ ਨੇ ਕਰਦਿਆਂ ਕਿਹਾ ਕਿ ਸਰਾਫ਼ਾ ਕਾਰੋਬਾਰੀ ਪਹਿਲਾਂ ਹੀ ਆਰਥਿਕ ਮੰਦਹਾਲੀ ਦੇ ਦੌਰ ’ਚੋਂ ਗੁਜ਼ਰ ਰਹੇ ਹਨ। ਸੋਨੇ ਦੇ ਉਤਰਾ ਚੜ੍ਹਾ ਅਤੇ ਰੇਟਾਂ ਨੇ ਕਾਰੋਬਾਰ ਨੂੰ ਪਹਿਲਾਂ ਹੀ ਆਰਥਿਕ ਮੰਦੀ ਦੀ ਚਪੇਟ ਵਿਚ ਖੜ੍ਹਾ ਕਰ ਰੱਖਿਆ ਹੈ, ਕਾਰੋਬਾਰ ਅੱਧੇ ਰਹੇ ਚੁੱਕੇ ਹਨ, ਉੱਪਰੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਬਿਆਨ ਸੋਨਾ ਨਾ ਖ਼ਰੀਦਣ ਦੀ ਕੀਤੀ ਅਪੀਲ ਨੇ ਵਪਾਰੀਆਂ ਅਤੇ ਸਮੂਹ ਸਰਾਫ਼ਾ ਕਾਰੋਬਾਰੀਆਂ ਦੇ ਲੱਕ ਤੋੜਣ ਦਾ ਕੰਮ ਕੀਤਾ ਹੈ। ਜਿਸ ਨਾਲ ਸੋਨੇ ਦਾ ਕਾਰੋਬਾਰ ਖ਼ਤਮ ਹੋਣ ਦੇ ਕਗਾਰ ’ਤੇ ਪੁੰਹਚ ਜਾਵੇਗਾ। ਛੋਟੇ ਦੁਕਾਨਦਾਰ ਤਾਂ ਪਹਿਲਾਂ ਹੀ ਮੰਦੀ ਦੀ ਮਾਰ ਹੇਠ ਆ ਚੁੱਕੇ ਹਨ, ਹੁਣ ਸੋਨਾ ਨਾ ਖ਼ਰੀਦਣ ਦੇ ਦਿੱਤੇ ਬਿਆਨ ਕਾਰਨ ਉਹ ਕੰਮ ਛੱਡਣ ਲਈ ਮਜ਼ਬੂਰ ਹੋਣਗੇ।ਉਨ੍ਹਾਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਇਕ ਸਾਲ ਤੱਕ ਸੋਨਾ ਨਾ ਖ਼ਰੀਦਣ ਦੀ ਅਪੀਲ ਕਰ ਸਕਦੀ ਹੈ ਤਾਂ ਫਿਰ ਸਰਕਾਰ ਇਕ ਸਾਲ ਤੱਕ ਕਿਸੇ ਵੀ ਸਰਾਫ਼ਾ ਕਾਰੋਬਾਰੀ ਤੋਂ ਇਕ ਸਾਲ ਲਈ ਜੀਐੱਸਟੀ ਅਤੇ ਇਨਕਮ ਟੈਕਸ ਜਾਂ ਹੋਰ ਟੈਕਸ ਮਾਫ਼ ਕਰੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਖ਼ਰਚਿਆਂ ਦੀ ਜ਼ਿੰਮੇਵਾਰੀ ਵੀ ਚੁੱਕੇ। ਉਨ੍ਹਾਂ ਕਿਹਾ ਕਿ ਚੌਣਾ ਨੇੜੇ ਹੋਣ ਕਾਰਨ ਸਰਕਾਰਾਂ ਨੂੰ ਇਹੋ ਜਿਹੇ ਬਿਆਨਾਂ ’ਤੇ ਰੋਕ ਲਗਾਉਣੀ ਚਾਹੀਦੀ ਹੈ ਨਹੀਂ ਤਾਂ ਯਕੀਨਨ ਇਸ ਦਾ ਗਲਤ ਸਿੱਟਾ ਨਿਕਲੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਸੈਕਟਰੀ ਯਸ਼ਪਾਲ ਪਾਲੀ, ਖਜਾਨਚੀ ਸੰਜੀਵ ਕੁਮਾਰ ਗੀਟਾ, ਰਾਜੂ ਸਦਿਉੜਾ, ਦਲਜੀਤ ਸਿੰਘ ਬੱਬੂ, ਜਸਵੰਤ ਸਿੰਘ,ਕਪਿਲ ਕੰਡਾ, ਸ਼ਰੇਸ਼ ਭੱਲਾ, ਬਿੱਟਾ ਬਿਜਾਨੀਆਂ,ਰੁਹਲ ਵਰਮਾ, ਰਾਕੇਸ਼ ਭੱਲਾ, ਵਿਜੇ ਕੰਡਾ, ਗੁਰਮੇਲ ਸਿੰਘ ਧੁੰਨਾ, ਬੱਬਲੂ ਸਦਿਓੜਾ, ਸੋਨੂੰ ਭੰਮ,ਟੋਨੀ ਸਤਿਅਮ, ਬਿੰਦਰੀ ਘੱਲਾ ਵਾਲੇ, ਦੀਪਕ ਕੁਮਾਰ, ਦੀਪੂ ਕੰਡਾ, ਪਾਲੀ ਲੋਪੋਂ, ਅਜਰਾਈਲ ਅਲੀ, ਸ਼ਿਵਮ ਗੇਨਸ਼, ਸਨੀ ਅਰੋੜਾ, ਉਮ ਪ੍ਰਕਾਸ਼, ਪ੍ਰੇਮ ਸਿੰਘ ਅਤੇ ਰਾਜੂ ਆਦਿ ਹਾਜ਼ਰ ਸਨ।