ਮਮਤਾ ਤੇ ਪਿਆਰ ਦਾ ਨਿੱਘ ਸਿਰਫ਼ ਮਾਂ ਦੀ ਬੁੱਕਲ ’ਚੋਂ ਹੀ ਮਿਲਦਾ ਹੈ : ਅਸ਼ਵਨੀ ਗਰਗ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਮਾਂ ਦਿਵਸ ਸਬੰਧੀ ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਚਿਟਿਊਟ ਬਨੂੜ (ਚੰਡੀਗੜ੍ਹ), ਸ਼ਿਵਾਲਿਕ ਕਿਡਜ਼ ਸਕੂਲ, ਸਹਾਮਣੇ ਸ੍ਰੀ ਹਨੂੰਮਾਨ ਮੰਦਰ (ਪੰਚਾਇਤੀ ਗਾਉਸ਼ਾਲਾ ਰੋਡ) ਜੈਤੋ ਅਤੇ ਅਲਾਇੰਸ ਇੰਟਰਨੈਸ਼ਨਲ ਸਕੂਲ, ਸਹਾਮਣੇ ਸ੍ਰੀ ਹਨੂੰਮਾਨ ਮੰਦਰ (ਪੰਚਾਇਤੀ ਗਾਉਸ਼ਾਲਾ ਰੋਡ) ਜੈਤੋ ਦੇ ਚੇਅਰਮੈਨ ਅਸ਼ਵਨੀ ਕੁਮਾਰ ਗਰਗ (ਗੋਰੀਆ) ਨੇ ਕਿਹਾ ਕਿ ਮਾਂ ਦਿਵਸ ਹਰ ਸਾਲ ਮਈ ਮਹੀਨੇ ਦੇ ਦੂਸਰੇ ਐਤਵਾਰ ਨੂੰ ਮਨਾਇਆ ਜਾਂਦਾ ਹੈ, ਪਹਿਲੀ ਵਾਰ ਮਾਂ ਦਿਵਸ 1908 ਵਿਚ ਮਨਾਇਆ ਗਿਆ ਸੀ ਪ੍ਰੰਤੂ ਸਾਡਾ ਹਰ ਦਿਨ ਮਾਂ ਨੂੰ ਹੀ ਸਮਰਪਿਤ ਹੋਣਾ ਚਾਹੀਦਾ ਹੈ, ਕਿਉਕਿ ਮਾਂ ਹੀ ਸਾਡੇ ਸਾਰੇ ਪਰਿਵਾਰ ਨੂੰ ਇਕ ਡੋਰ ਵਿਚ ਪਰੋ ਕੇ ਰੱਖਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਮਾਂ ਦਾ ਰਿਸ਼ਤਾ ਹੀ ਦੁਨੀਆ ਵਿਚ ਸਭ ਰਿਸ਼ਤਿਆਂ ਤੋਂ ਪਵਿੱਤਰ ਅਤੇ ਉੱਚਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਮਾਂ ਬਾਪ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ ਪ੍ਰੰਤੂ ਬਹੁਤ ਦੁੱਖ ਦੀ ਗੱਲ ਹੈ ਕਿ ਮਾਤਾ-ਪਿਤਾ ਦਾ ਸਤਿਕਾਰ ਦਿਨੋਂ ਦਿਨ ਘਟ ਰਿਹਾ ਹੈ ਅਤੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਮਾਤਾ-ਪਿਤਾ ਦੀ ਟੋਕਾ ਟੋਕੀ-ਪਸੰਦ ਨਹੀਂ ਅਤੇ ਕਈ ਤਾਂ ਆਪਣੇ ਮਾਤਾ-ਪਿਤਾ ਨੂੰ ਬਿਰਧ ਆਸ਼ਰਮ ਭੇਜਣ ਤੋਂ ਵੀ ਸੰਕੋਚ ਨਹੀਂ ਕਰਦੇ। ਅਸ਼ਵਨੀ ਕੁਮਾਰ ਗਰਗ ਨੇ ਕਿਹਾ ਕਿ ਮਾਂ ਆਪਣੇ ਬੱਚਿਆਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਆਪਣੇ ਗਲ ਨਾਲ ਲਗਾਉਂਦੀ ਹੈ। ਸਾਨੂੰ ਇਕ ਗੱਲ ਕਦੇ ਵੀ ਭੁੱਲਣੀ ਨਹੀਂ ਚਾਹੀਦੀ ਕਿ ਜੇਕਰ ਮਾਂ ਨੇ ਕਿਸੇ ਗੱਲ ਨੂੰ ਹਾਂ ਕਰ ਦਿੱਤੀ ਤਾਂ ਉਸ ਨੂੰ ਰੱਬ ਵੀ ਨਹੀਂ ਮੋੜ ਸਕਦਾ। ਸਾਨੂੰ ਆਪਣੀ ਮਾਂ ਦਾ ਕਹਿਣਾ ਹਮੇਸਾ ਮੰਨਣਾ ਚਾਹੀਦਾ ਹੈ। ਮਮਤਾ ਅਤੇ ਪਿਆਰ ਦਾ ਨਿੱਘ ਸਿਰਫ਼ ਮਾਂ ਦੀ ਬੁੱਕਲ ਵਿਚੋਂ ਹੀ ਮਿਲਦਾ ਹੈ। ਮਾਂ ਦੀ ਜਿਨੀ ਤਰੀਫ਼ ਕੀਤੀ ਜਾਵੇ ਉਨ੍ਹੀ ਹੀ ਘੱਟ ਹੈ। ਮਾਵਾਂ ਤਾਂ ਠੰਡੀਆਂ ਛਾਂਵਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਾਤਾ-ਪਿਤਾ ਨੇ ਬੱਚਿਆਂ ਨੂੰ ਉਂਗਲ ਫੜ ਕੇ ਤੁਰਨਾ ਸਿਖਾਇਆ ਉਹੀ ਬੱਚੇ ਬੁਢਾਪੇ ਵਿਚ ਆਪਣੇ ਮਾਂ ਪਿਓ ਨੂੰ ਬੋਝ ਸਮਝਣ ਲੱਗ ਜਾਂਦੇ ਹਨ। ਇੱਥੋਂ ਤੱਕ ਕਿ ਜਦੋਂ ਬਜ਼ੁਰਗ ਮਾਤਾ-ਪਿਤਾ ਖੰਗਦੇ ਹਨ ਤਾਂ ਔਲਾਦ ਉਸ ਨੂੰ ਵੀ ਪਸੰਦ ਨਹੀਂ ਕਰਦੀ। ਮਾਪੇ ਤਾਂ ਇਕ ਖਜ਼ਾਨੇ ਵਾਂਗ ਹੁੰਦੇ ਹਨ ਜਿਹੜੀ ਚੀਜ਼ ਬੱਚੇ ਚਾਹਣ ਉਹ ਉਨ੍ਹਾਂ ਨੂੰ ਤੁਰੰਤ ਮਿਲ ਜਾਂਦੀ। ਮਾਂ ਬਿਨ੍ਹਾਂ ਘਰ ਹਮੇਸ਼ਾ ਸੁੰਨਾ-ਸੁੰਨਾ ਲੱਗਦਾ ਹੈ, ਮਾਂ ਦੇ ਵਿਛੋੜੇ ਦਾ ਦੁੱਖ ਉਹ ਇਨਸਾਨ ਹੀ ਦੱਸ ਸਕਦਾ ਹੈ। ਜਿਸ ਦੀ ਮਾਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਹੋਵੇ ਅਸੀ ਸਾਰੀ ਉਮਰ ਆਪਣੀ ਮਾਂ ਦਾ ਕਰਜ਼ ਨਹੀਂ ਉਤਾਰ ਸਕਦੇ। ਅੱਜ ਕੱਲ੍ਹ ਸਾਰੀ ਦੁਨੀਆ ਦੇ ਰਿਸ਼ਤੇ ਮਤਲਬੀ ਹੋ ਗਏ ਹਨ ਪ੍ਰੰਤੂ ਇਕ ਮਾਂ ਦਾ ਰਿਸ਼ਤਾ ਹੀ ਹੈ ਜੋ ਕਿ ਬਿਨ੍ਹਾਂ ਲਾਲਚ, ਮਤਲਬ ਅਤੇ ਸਭ ਤੋਂ ਸੁੱਚਾ ਰਿਸ਼ਤਾ ਹੈ। ਜਿਹੜੇ ਇਨਸਾਨ ਮਾਂ ਦੀ ਕਦਰ ਕਰਦੇ ਹਨ ਉਹ ਹਮੇਸ਼ਾ ਖੁਸ਼ ਰਹਿੰਦੇ ਹਨ ਜਦੋਂ ਸਾਰੀ ਦੁਨੀਆ ਇਨਸਾਨ ਨੂੰ ਬੇਗਾਨਾ ਸਮਝਣ ਲੱਗ ਜਾਂਦੀ ਹੈ ਤਾਂ ਇਕ ਮਾਂ ਹੀ ਉਸ ਲਈ ਆਸ ਦੀ ਕਿਰਨ ਹੁੰਦੀ ਹੈ। ਅਸ਼ਵਨੀ ਕੁਮਾਰ ਗਰਗ ਨੇ ਕਿਹਾ ਕਿ ਮਾਂ ਦਿਵਸ ਦੇ ਸਹੀ ਮਾਹਨੇ ਤਾਂ ਹੀ ਸਾਰਥਿਕ ਸਿੱਧ ਹੋ ਸਕਦੇ ਹਨ ਜੇਕਰ ਹਰ ਇਨਸਾਨ ਆਪਣੀ ਮਾਂ ਦਾ ਸਤਿਕਾਰ ਕਰੇ। ਮੇਰੀ ਤਾਂ ਪਰਮਾਤਮਾ, ਵਹਿਗੁਰੂ ਅਤੇ ਅੱਲਾ ਅੱਗੇ ਇਹੀ ਪਰਾਥਨਾ ਹੈ ਕਿ ਕਦੇ ਵੀ ਕਿਸੇ ਦੀ ਮਾਂ ਨਾ ਵਿਛੜੇ ਅਤੇ ਸਾਨੂੰ ਸਭ ਨੂੰ ਆਪਣੀ ਮਾਂ ਦਾ ਪਿਆਰ ਅਤੇ ਅਸ਼ੀਰਵਾਦ ਮਿਲਦਾ ਰਹੇ।