ਜੋਧੂ ਕਾਲੋਨੀ ਨੇੜੇ ਵਾਟਰ ਵਰਕਸ ਦੀ ਕੰਧ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ
ਜੋਧੂ ਕਲੋਨੀ ਗਲੀ ਨੰਬਰ 7 ਨੇੜੇ ਵਾਟਰ ਵਰਕਸ ਦੀ ਕੰਧ ਡਿੱਗੀ
Publish Date: Sat, 14 Mar 2026 06:13 PM (IST)
Updated Date: Sat, 14 Mar 2026 06:15 PM (IST)
- ਸੜਕ ’ਤੇ ਪਈਆਂ ਇੱਟਾਂ ਵੀ ਹਾਦਸਿਆਂ ਦਾ ਕਾਰਨ ਬਣ ਸਕਦੀਆਂ
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਜੋਧੂ ਕਾਲੋਨੀ ਗਲੀ ਨੰਬਰ 7 ਨੇੜੇ ਵਾਟਰ ਵਰਕਸ ਦੀ ਕੰਧ ਡਿੱਗ ਗਈ। ਖੁਸ਼ਕਿਸਮਤੀ ਨਾਲ ਜਦੋਂ ਕੰਧ ਡਿੱਗੀ ਤਾਂ ਉਸ ਵਕਤ ਕੋਈ ਵੀ ਰਾਹਗੀਰ ਨੇੜੇ ਤੋਂ ਨਹੀਂ ਲੰਘ ਰਿਹਾ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਦੱਸਣਯੋਗ ਹੈ ਕਿ ਇਸ ਕੰਧ ਦੇ ਬਿਲਕੁਲ ਨਾਲ ਇੱਕ ਸ਼ਹਿਤੂਤ ਦਾ ਦਰੱਖਤ ਲੱਗਾ ਹੈ, ਜਿੱਥੇ ਵਿਦਿਆਰਥੀ ਅਕਸਰ ਸਕੂਲ ਜਾਂਦੇ-ਜਾਂਦੇ ਸ਼ਹਿਤੂਤ ਖਾਣ ਲਈ ਕੰਧ ਦੇ ਕੋਲ ਖੜ੍ਹੇ ਹੁੰਦੇ ਹਨ, ਉੱਥੇ ਰਾਹਗੀਰ ਵੀ ਫਲ ਤੋੜਨ ਲਈ ਇੱਥੇ ਖੜ੍ਹੇ ਹੁੰਦੇ ਹਨ। ਜਿਸ ਸਮੇਂ ਇਹ ਕੰਧ ਡਿੱਗੀ, ਉਸ ਸਮੇਂ ਕੋਈ ਵੀ ਨੇੜੇ ਨਹੀਂ ਸੀ, ਜਿਸ ਕਾਰਨ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਦੁਕਾਨਦਾਰਾਂ ਸੰਜੇ ਵਾਲੀਆ, ਸੋਨੀ ਸਿੰਘ ਸੱਗੂ ਅਤੇ ਮੌਕੇ ’ਤੇ ਮੌਜੂਦ ਹੋਰਨਾਂ ਨੇ ਦੱਸਿਆ ਕਿ ਕੰਧ ਕਈ ਦਿਨਾਂ ਤੋਂ ਡਿੱਗਣ ਦੀ ਕਗਾਰ ’ਤੇ ਸੀ, ਪਰ ਆਖਰਕਾਰ ਇਹ ਡਿੱਗ ਗਈ।
ਵਾਟਰ ਵਰਕਸ ਦੀ ਇਹ ਕੰਧ ਸਿਰਫ਼ ਇੱਥੇ ਹੀ ਨਹੀਂ ਸਗੋਂ ਅੱਗੇ ਕਈ ਥਾਵਾਂ ’ਤੇ ਡਿੱਗ ਗਈ ਹੈ। ਜਦਕਿ ਵਿਭਾਗ ਇਸ ਨੂੰ ਦੁਬਾਰਾ ਬਣਾਉਣ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ। ਕੰਧ ਦਾ ਇੱਕ ਹਿੱਸਾ ਇਸ ਸਮੇਂ ਪਾਵਰਕਾਮ ਦੇ ਟਰਾਂਸਫਾਰਮਰ ਦਾ ਸਹਾਰਾ ਲੈ ਕੇ ਖੜ੍ਹਾ ਹੈ, ਜੇਕਰ ਇਹ ਡਿੱਗਦਾ ਹੈ ਤਾਂ ਇਹ ਟਰਾਂਸਫਾਰਮਰ ਨਾਲ ਜੁੜੇ ਬਿਜਲੀ ਮੀਟਰਾਂ ਨੂੰ ਆਪਣੇ ਨਾਲ ਲੈ ਜਾਵੇਗਾ। ਇਸ ਦੇ ਲਈ ਵਾਟਰਵਰਕਸ ਵਿਭਾਗ ਜਾਂ ਪਾਵਰਕਾਮ ਵਿਭਾਗ ਜ਼ਿੰਮੇਵਾਰ ਹੈ। ਇਹ ਕੋਈ ਨਹੀਂ ਦੱਸ ਰਿਹਾ। ਉਹ ਇਸ ਸਬੰਧੀ ਦੋਵਾਂ ਵਿਭਾਗਾਂ ਨੂੰ ਸੂਚਿਤ ਕਰ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਹੁਣ ਕੰਧ ਕਈ ਥਾਵਾਂ ’ਤੇ ਡਿੱਗ ਗਈ ਹੈ ਅਤੇ ਮਲਬਾ ਅਤੇ ਇੱਟਾਂ ਸੜਕ ’ਤੇ ਪਈਆਂ ਹਨ। ਵਿਭਾਗ ਇਸ ਮਲਬੇ ਅਤੇ ਇੱਟਾਂ ਨੂੰ ਨਹੀਂ ਹਟਾ ਰਿਹਾ ਹੈ, ਜਿਸ ਨਾਲ ਸੰਭਾਵੀ ਰੁਕਾਵਟ ਪੈਦਾ ਹੋ ਰਹੀ ਹੈ ਅਤੇ ਹਾਦਸਿਆਂ ਦਾ ਖ਼ਤਰਾ ਹੈ।