ਭੁੱਬਾਂ ਮਾਰ ਰੋਏ ਸ਼ਬਜੀ ਕਾਸ਼ਤਕਾਰ ਕਿਸਾਨ, ਨਾ ਘਰ ਤੇ ਨਾ ਹੀ ਖੇਤ ਜਾਣ ਨੂੰ ਕਰਦਾ ਦਿਲ : ਪੀੜਤ
ਸੋਮਵਾਰ ਨੂੰ ਬਆਦ ਦਪੁਹਿਰ ਆਏ ਤੇਜ਼ ਤੁਫਾਨ
Publish Date: Tue, 12 May 2026 05:02 PM (IST)
Updated Date: Wed, 13 May 2026 04:03 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਸੋਮਵਾਰ ਨੂੰ ਬਆਦ ਦਪੁਹਿਰ ਆਏ ਤੇਜ਼ ਤੁਫਾਨ ਨਾਲ ਹੋਈ ਗੜੇਮਾਰੀ ਨੇ ਹਲਕਾ ਨਿਹਾਲ ਸਿੰਘ ਵਾਲਾ ਦੇ ਦਰਜਨਾਂ ਪਿੰਡਾਂ ਵਿਚ ਕਿਸਾਨਾਂ ਨੂੰ ਆਪਣੀ ਮਾਰ ਹੇਠ ਲੈਂਦਿਆਂ ਹਜਾਰਾਂ ਏਕੜ ਮੱਕੀ, ਮੂੰਗੀ ਅਤੇ ਸ਼ਬਜੀ ਦੀ ਫਸਲ ਨੂੰ ਬਿਲਕੁੱਲ ਤਬਾਹ ਕਰ ਦਿੱਤਾ ਹੈ। ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾੲਕ ਮਨਜੀਤ ਸਿੰਘ ਬਿਲਾਸਪੁਰ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਸਮੇਤ ਵੱਖ ਵੱਖ ਪਾਰਟੀਆਂ ਦੇ ਰਾਜਸੀ ਆਗੂਆਂ ਨੇ ਪੀੜਤ ਕਿਸਾਨਾਂ ਨਾਲ ਖੇਤਾਂ ਵਿਚ ਜਾ ਕਿ ਸਥਿਤੀ ਦਾ ਜਿੱਥੇ ਜਾਇਜ਼ਾ ਲਿਆ ਉੱਥੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਲੁਹਾਰਾ ਪਿੰਡ ਦੀ ਦੁੱਖ ਭਰੀ ਦਾਸਤਾਂ, ਪਸ਼ੂਆਂ ਲਈ ਹਰਾਚਾਰਾ ਵੀ ਨਹੀਂ ਬਚਿਆ ਨਿਹਾਲ ਸਿੰਘ ਵਾਲਾ ਦੇ ਪਿੰਡ ਲੁਹਾਰਾ ਵਿਖੇ ਜਿੱਥੇ ਗੜੇਮਾਰੀ ਨਾਲ ਆਏ ਤੁਫਾਨ ਨੇ ਸੈਂਕੜੇ ਦਰੱਖ਼ਤਾਂ ਨੂੰ ਵੀ ਪੁੱਟ ਦਿੱਤਾ ਉੱਥੇ ਕਈ ਘਰਾਂ ਨੂੰ ਵੀ ਨੁਕਸਾਨ ਦੀਆਂ ਖ਼ਬਰਾਂ ਹਨ। ਪੀੜਤ ਕਿਸਾਨ ਦਵਿੰਦਰ ਸਿੰਘ ਖੰਨਾ ਲੁਹਾਰਾ ਨੇ ਦੱਸਿਆ ਕਿ ਇਕੱਲੇ ਪਿੰਡ ਲੁਹਾਰਾ ਦੀ ਬਦ ਕਿਸਮਤੀ ਇਹ ਰਹੀ ਕਿ ਪਿੰਡ ਵਿਚ ਪਸ਼ੂਆਂ ਲਈ ਹਰਾਚਾਰਾ ਤੱਕ ਨਹੀਂ ਬਚਿਆ। ਉਨ੍ਹਾਂ ਇਲਾਕੇ ਦੇ ਪਿੰਡਾਂ ’ਚ ਕਿਸਾਨ ਭਾਈਚਾਰੇ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਇਸ ਵਕਤ ਲੁਹਾਰਾ ਪਿੰਡ ਦੇ ਲੋਕਾਂ ਦੀ ਬਾਂਹ ਫੜਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਪਿੰਡ ਵਿਚ ਕਿਸੇ ਵੀ ਖੇਤ ਵਿਚ ਕੋਈ ਫਸਲ ਇੱਥੋਂ ਤੱਕ ਕਿ ਪਸ਼ੂਆਂ ਲਈ ਹਰਾਚਾਰਾ ਤੱਕ ਨਹੀਂ ਹੈ, ਇਸ ਵਕਤ ਮਦਦ ਦੀ ਜ਼ਰੂਰਤ ਹੈ ਤਾਂ ਜੋ ਪਸ਼ੂਆਂ ਲਈ ਹਰੇ-ਚਾਰੇ ਦਾ ਪ੍ਰਬੰਧ ਹੋ ਸਕੇ। ਬਾਵਰੀਆ ਬਰਾਦਰੀ ਦੇ ਕਿਸਾਨਾਂ ਦਾ ਭਾਰੀ ਨੁਕਸਾਨ ਨਿਹਾਲ ਸਿੰਘ ਵਾਲਾ ਦੇ ਪਿੰਡ ਲੁਹਾਰਾ, ਮਾਛੀਕੇ, ਹਿੰਮਤਪੁਰਾ, ਤਖ਼ਤੂਪੁਰਾ, ਬਿਲਾਸਪੁਰ ਅਤੇ ਕੁੱਸਾ ਆਦਿ ਪਿੰਡਾਂ ਵਿਚ ਨੇੜਲੇ ਪਿੰਡਾਂ ਦੇ ਬਾਵਰੀਆ ਬਰਾਦਰੀ ਦੇ ਕਿਸਾਨਾਂ ਦਾ ਗੜੇਮਾਰੀ ਅਤੇ ਤੂਫਾਨ ਨੇ ਭਾਰੀ ਨੁਕਸਾਨ ਕੀਤਾ ਹੈ। ਭੁੱਬਾਂ ਮਾਰ ਰੋਅ ਰਹੇ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨੇ ਤੋਂ ਬੱਚਿਆਂ ਸਮੇਤ ਖੇਤ ਵਿਚ ਮਿੱਟੀ ਨਾਲ ਮਿੱਟੀ ਹੋ ਕਿ ਪਰਿਵਾਰ ਦੇ ਭਵਿੱਖ ਲਈ ਮਿਹਨਤ ਕਰ ਰਹੇ ਸੀ, ਪਰ ਤੂਫਾਨ ਨਾਲ ਹੋਈ ਗੜ੍ਹੇਮਾਰੀ ਨੇ ਕੁਝ ਪਲਾਂ ਵਿਚ ਹੀ ਸਭ ਕੁਝ ਤਬਾਹ ਕਰ ਦਿੱਤਾ। ਮੰਗਲਵਾਰ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਨਿਰਭੈ ਸਿੰਘ ਢੁੱਡੀਕੇ ਦੀ ਅਗਵਾਈ ’ਚ ਜਥੇਬੰਦੀ ਦੇ ਆਗੂਆਂ ਨੇ ਨੁਕਸਾਨੀ ਫਸਲ ਦੇ ਜਾਇਜ਼ੇ ਤੋਂ ਬਆਦ ਐੱਸਡੀਐੱਮ ਨਿਹਾਲ ਸਿੰਘ ਵਾਲਾ ਨੂੰ ਮੁਆਵਜ਼ੇ ਲਈ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ, ਭੁਪਿੰਦਰ ਸਿੰਘ ਸਾਹੋਕੇ, ਪਰਮਿੰਦਰ ਸਿੰਘ ਡਿੰਪਲ ਅਤੇ ਹੋਰ ਰਾਜਸੀ ਆਗੂਆਂ ਨੇ ਪੀੜਤ ਕਿਸਾਨਾਂ ਲਈ ਪੰਜਾਬ ਸਰਕਾਰ ਤੋਂ ਯੋਗ ਮੁਆਵਜੇ ਦੀ ਮੰਗ ਕੀਤੀ ਹੈ। ---------- ਪੀੜਤ ਕਿਸਾਨਾਂ ਦਾ ਵੇਰਵਾ ਨਿਹਾਲ ਸਿੰਘ ਵਾਲਾ ਦ ਪਿੰਡਾਂ ਵਿਚ ਤੁਫਾਨ ਨਾਲ ਤਬਾਹ ਹੋਈਆਂ ਫਸਲਾਂ ਦੇ ਪੀੜਤ ਕਿਸਾਨ ਗੁਰਲਾਲ ਸਿੰਘ ਲੁਹਾਰਾ ਦੀ ਸੌ ਏਕੜ ਮੂੰਗੀ ਅਤੇ ਮੱਕੀ, ਲਖਵੀਰ ਸਿੰਘ ਦੀ 120 ਏਕੜ ਮੂੰਗੀ ਅਤੇ ਮੱਕੀ, ਸਰਪੰਚ ਗੁਰਵਿੰਦਰ ਸਿੰਘ 70 ਏਕੜ ਮੱਕੀ ਅਤੇ ਮੂੰਗੀ, ਅਮਨਦੀਪ ਸਿੰਘ ਦੀ 50 ਏਕੜ ਮੱਕੀ ਅਤੇ ਮੂੰਗੀ, ਭੋਲਾ ਸਿੰਘ 80 ਏਕੜ, ਦਵਿੰਦਰ ਸਿੰਘ 15 ਏਕੜ। ਇਸੇ ਤਰ੍ਹਾਂ ਬਾਵਰੀਆ ਸਮਾਜ ਦੇ ਕਿਸਾਨਾਂ ਕੇਵਲ ਸਿੰਘ ਹਿੰਮਤਪੁਰਾ ਕਰੀਬ 5 ਏਕੜ, ਸਿੰਦਰ ਸਿੰਘ ਤਿੰਨ ਏਕੜ, ਸਤਨਾਮ ਸਿੰਘ ਬੁੱਟਰ ਕਰੀਬ ਪੰਜ ਏਕੜ, ਸਤਪਾਲ ਸਿੰਘ ਤਿੰਨ ਏਕੜ, ਸਮਸ਼ੇਰ ਸਿੰਘ 5 ਏਕੜ, ਜਗਸੀਰ ਸਿੰਘ ਹਿੰਮਤਪੁਰਾ 2 ਏਕੜ, ਕਾਕਾ ਸਿੰਘ ਹਿੰਮਤਪੁਰਾ 5 ਏਕੜ, ਦਰਸ਼ਨ ਸਿੰਘ ਰਣੀਆਂ 10 ਏਕੜ, ਸਤਨਾਮ ਸਿੰਘ 5 ਏਕੜ, ਅਜੈਬ ਸਿੰਘ 3 ਏਕੜ, ਜਗਮੋਹਣ ਸਿੰਘ 26 ਏਕੜ, ਸੁਖਜੀਤ ਸਿੰਘ 14 ਏਕੜ, ਚਰਨਜੀਤ ਸਿੰਘ 12 ਏਕੜ, ਲਖਵਿੰਦਰ ਸਿੰਘ 13 ਏਕੜ, ਬਲਜੀਤ ਸਿੰਘ 6 ਏਕੜ ਕੁਲਬੀਰ ਸਿੰਘ ਕਰੀਬ 8 ਏਕੜ ਅਤੇ ਜਗਤ ਸਿੰਘ 2 ਏਕੜ ਸ਼ਬਜੀਆਂ ਦੀ ਫਸਲ ਨੂੰ ਗੜ੍ਹੇਮਾਰੀ ਅਤੇ ਤੁਫਾਨ ਨੇ ਆਪਣੀ ਲਪੇਟ ਵਿਚ ਲੈ ਕਿ ਭਾਰੀ ਨੁਕਸਾਨ ਕੀਤਾ ਹੈ। ਪੰਜਾਬ ਸਰਕਾਰ ਪੀੜਤ ਕਿਸਾਨਾਂ ਨਾਲ ਖੜ੍ਹੀ ਹੈ : ਵਿਧਾਇਕ ਬਿਲਾਸਪੁਰ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਐੱਸਡੀਐੱਮ ਨਿਹਾਲ ਸਿੰਘ ਵਾਲਾ ਨਾਲ ਪੀੜਤ ਕਿਸਾਨਾਂ ਦੇ ਖੇਤਾਂ ਵਿਚ ਨੁਕਸਾਨੀ ਫਸਲ ਦਾ ਜਾਇਜ਼ਾ ਲੈਣ ਉਪਰੰਤ ਕਿਹਾ ਕਿ ਐੱਸਡੀਐੱਮ ਨਿਹਾਲ ਸਿੰਘ ਵਾਲਾ ਵੱਲੋਂ ਰਿਪਰੋਟ ਤਿਆਰ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਆਪ ਸਰਕਾਰ ਪੀੜਤ ਕਿਸਾਨ ਦੇ ਨਾਲ ਹੈ।