ਗਊਸ਼ਾਲਾ ਰੱਤਾ ਟਿੱਬਾ ’ਚ ਭੁੱਖ ਨਾਲ ਮਰ ਰਹੀਆਂ ਰੋਜ਼ਾਨਾ 10 ਤੋਂ 15 ਗਾਵਾਂ : ਮਿੱਡਾ
ਰੱਤਾ ਟਿੱਬਾ ਗਊਸ਼ਾਲਾ ਦੇ ਹਾਲਾਤ ਬਦ ਤੋਂ ਬਦਤਰ, ਨਹੀਂ ਕੋਈ ਸੁਣਵਾਈ : ਬੀਜੇਪੀ ਆਗੂ
Publish Date: Sun, 19 Oct 2025 03:27 PM (IST)
Updated Date: Sun, 19 Oct 2025 03:29 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰੱਤਾ ਟਿੱਬਾ ਵਿਖੇ ਬਣੀ 25 ਏਕੜ ’ਚ ਗਊਸ਼ਾਲਾ ਦੇ ਹਾਲਾਤ ਬਹੁਤ ਹੀ ਬਦਤਰ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾ ਬੀਜੇਪੀ ਆਗੂ ਕਾਰਜ ਸਿੰਘ ਮਿੱਡਾ ਨੇ ਗਊਸ਼ਾਲਾ ਦਾ ਦੌਰਾ ਕਰਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਗਊਸ਼ਾਲਾ ’ਚ ਰੋਜਾਨਾ ਔਸਤ 10 ਤੋਂ 15 ਗਾਵਾਂ ਭੁੱਖ ਨਾਲ ਮਰਦੀਆਂ ਹਨ, ਜੋ ਵੀ ਗਾਵਾਂ ਵਾਸਤੇ ਰਾਸ਼ਨ ਪਹੁੰਚਦਾ ਹੈ ਉਹ ਇਧਰ ਓਧਰ ਕਰ ਦਿੱਤਾ ਜਾਂਦਾ ਹੈ ਅਤੇ ਸਾਰਾ ਕਸੂਰ ਉਥੇ ਕੰਮ ਕਰ ਰਹੇ ਲੇਬਰ ਵਾਲਿਆਂ ਦਾ ਕੱਢ ਦਿੱਤਾ ਜਾਂਦਾ ਹੈ, ਜਦੋਂਕਿ ਲੇਬਰ ਵਾਲੇ ਸਿਰਫ ਨੌ ਜਣੇ ਨਿਗੂਣੀ ਤਨਖਾਹ ’ਤੇ ਕੰਮ ਕਰਦੇ ਹਨ। ਜੇ ਉਨ੍ਹਾਂ ਨੂੰ ਕੁਝ ਗਾਵਾਂ ਨੂੰ ਪਾਉਣ ਲਈ ਦਿੱਤਾ ਜਾਵੇਗਾ ਤਾਂ ਫਿਰ ਹੀ ਉਹ ਗਾਵਾਂ ਨੂੰ ਪਾਉਣਗੇ ਉਹ ਆਪਣੇ ਘਰੋਂ ਲਿਆ ਕੇ ਤਾਂ ਪਾ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਅਫਸਰ ਸ਼ਾਹੀ ਵੱਲੋਂ ਸਿਰਫ ਕਾਮਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਗਾਵਾਂ ਨੂੰ ਮਿੱਟੀ ਰਲੀ ਹੋਈ ਕਾਲੀ ਤੂੜੀ ਪਾਈ ਜਾਂਦੀ ਹੈ ਜੋ ਕਿ ਸ਼ੈੱਡਾਂ ਤੋਂ ਬਾਹਰ ਪਈ ਹੈ ਅਤੇ ਬਰਸਾਤਾਂ ਕਾਰਨ ਗਲ ਸੜ ਗਈ ਹੈ ਇਸ ਕਰਕੇ ਗਾਵਾਂ ਭੁੱਖ ਨਾਲ ਮਰਦੀਆਂ ਹਨ। ਉਨ੍ਹਾਂ ਕਿਹਾ ਕਿ ਜੇ ਕਾਮਿਆਂ ਨੂੰ ਤਰਪਾਲਾਂ ਲਿਆ ਕੇ ਦਿੱਤੀਆਂ ਜਾਣ ਤਾਂ ਹੀ ਉਹ ਤੂੜੀ ਨੂੰ ਢੱਕ ਸਕਦੇ ਹਨ। ਉਨ੍ਹਾਂ ਨੇ ਗਊਸ਼ਾਲਾ ਦੇ ਮੈਨੇਜਰ ’ਤੇ ਵੀ ਸਵਾਲ ਉਠਾਏ ਕਿ ਮੈਨੇਜਰ ਆਪਣੀ ਜਿੰਮੇਵਾਰੀ ਨਹੀਂ ਸਮਝਦਾ ਅਤੇ ਬਾਹਰੋਂ ਆਉਣ ਵਾਲੇ ਵਿਅਕਤੀਆਂ ਨਾਲ ਮੰਦਾ ਵਿਵਹਾਰ ਕਰਦਾ ਹੈ। ਗਾਵਾਂ ਦੇ ਬਦਤਰ ਹਾਲਾਤ ਦੇਖ ਕੇ ਉਨ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਡੀਸੀ ਸਾਹਿਬ ਨੂੰ ਫੋਨ ਲਗਾਇਆ ਤਾਂ ਡੀਸੀ ਸਾਹਿਬ ਨੇ ਫੋਨ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਕੁਨ ਇਸ ਤਰ੍ਹਾਂ ਗਾਵਾਂ ਨੂੰ ਮਰਦੀਆਂ ਨਹੀਂ ਦੇਖ ਸਕਦੇ ਅਤੇ ਪਾਰਟੀ ਵੱਲੋਂ ਸਖਤ ਐਕਸ਼ਨ ਲਿਆ ਜਾਵੇਗਾ। ਉਧਰ ਜਦ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਸ੍ਰੀ ਮੁਕਤਸਰ ਸਾਹਿਬ ਨਾਲ ਫੋਨ ’ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।