ਸਮਾਜ ਸੇਵਾ ਦੇ ਖੇਤਰ ’ਚ ਨੌਜਵਾਨਾਂ ਦੀ ਭੂਮਿਕਾ ਸ਼ਲਾਘਾਯੋਗ: ਐੱਸਐੱਸਪੀ
ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ
Publish Date: Tue, 12 May 2026 03:40 PM (IST)
Updated Date: Wed, 13 May 2026 04:00 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਮੋਗਾ ਵੱਲੋਂ ਨਵੇਂ ਨਿਯੁਕਤ ਐੱਸਐੱਸਪੀ ਮੋਗਾ ਸਰਤਾਜ ਸਿੰਘ ਚਾਹਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਸੰਸਥਾ ਦੇ ਮੈਂਬਰਾਂ ਨੇ ਐੱਸਐੱਸਪੀ ਸਾਹਿਬ ਨੂੰ ਸੰਸਥਾ ਵੱਲੋਂ ਕੀਤੀਆਂ ਜਾ ਰਹੀਆਂ ਲੋਕ ਭਲਾਈ ਅਤੇ ਸਮਾਜ ਸੇਵਾ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਪਿਛਲੇ ਕਾਫ਼ੀ ਸਮੇਂ ਤੋਂ ਲੋੜਵੰਦ ਮਰੀਜ਼ਾਂ ਲਈ ਖੂਨ ਦੀ ਪ੍ਰਬੰਧਨਾ, ਐਮਰਜੈਂਸੀ ਸਹਾਇਤਾ, ਗਰੀਬ ਪਰਿਵਾਰਾਂ ਦੀ ਮਦਦ ਅਤੇ ਨੌਜਵਾਨਾਂ ਨੂੰ ਸਮਾਜ ਸੇਵਾ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਮਨੁੱਖਤਾ ਦੀ ਸੇਵਾ ਕਰਨਾ ਅਤੇ ਨੌਜਵਾਨ ਪੀੜ੍ਹੀ ਨੂੰ ਚੰਗੇ ਕੰਮਾਂ ਵੱਲ ਪ੍ਰੇਰਿਤ ਕਰਨਾ ਹੈ। ਇਸ ਮੌਕੇ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਸੰਸਥਾ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਦੀ ਬਹੁਤ ਲੋੜ ਹੈ, ਜੋ ਮਨੁੱਖਤਾ ਦੀ ਸੇਵਾ ਲਈ ਨਿਸ਼ਕਾਮ ਭਾਵਨਾ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਜੇਕਰ ਸਮਾਜ ਸੇਵਾ ਨਾਲ ਜੁੜਨ ਤਾਂ ਸਮਾਜ ਵਿਚ ਸਕਾਰਾਤਮਿਕ ਬਦਲਾਅ ਲਿਆਇਆ ਜਾ ਸਕਦਾ ਹੈ। ਐੱਸਐੱਸਪੀ ਚਾਹਲ ਨੇ ਸੰਸਥਾ ਨੂੰ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਵੀ ਜਿਹੜੇ ਵੀ ਸਮਾਜ ਭਲਾਈ ਦੇ ਕੰਮ ਕੀਤੇ ਜਾਣਗੇ, ਪੁਲਿਸ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਸੰਸਥਾ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਸੇ ਤਰ੍ਹਾਂ ਸਮਾਜ ਸੇਵਾ ਦੇ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹਿਣ ਅਤੇ ਹੋਰ ਨੌਜਵਾਨਾਂ ਨੂੰ ਵੀ ਆਪਣੇ ਨਾਲ ਜੋੜ ਕੇ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰਨ। ਇਸ ਮੌਕੇ ਸੰਸਥਾ ਦੇ ਪ੍ਰਧਾਨ ਗੁਰਜੋਤ ਸਿੰਘ, ਚੇਅਰਮੈਨ ਰਾਘਵ ਸ਼ਰਮਾ ਅਤੇ ਸੀਨੀਅਰ ਮੈਂਬਰ ਬਲਤੇਜ ਸਿੰਘ ਮਹਿਰੋ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।