ਮੁਕਤਸਰ ਤੋਂ ਅਬੋਹਰ ਵਾਇਆ ਪੰਨੀਵਾਲਾ ਜਾਣ ਵਾਲੀ ਸੜਕ ਦੀ ਹੋਈ ਊਠ ਦੇ ਬੁਲ੍ਹ ਡਿੱਗਣ ਵਾਲੀ ਗੱਲ
ਮੁਕਤਸਰ ਤੋਂ ਅਬੋਹਰ ਵਾਇਆ ਪੰਨੀਵਾਲਾ ਜਾਣ ਵਾਲੀ ਸੜਕ ਦੀ ਹੋਈ ਊਠ ਦੇ ਬੁਲ੍ਹ ਡਿੱਗਣ ਵਾਲੀ ਗੱਲ
Publish Date: Mon, 15 Sep 2025 06:27 PM (IST)
Updated Date: Mon, 15 Sep 2025 06:29 PM (IST)

ਸੜਕ ਦੀ ਹਾਲਤ ਖਸਤਾ ਰਾਹਗੀਰ ਤੇ ਦੁਕਾਨਦਾਰ ਪ੍ਰੇਸ਼ਾਨ ਬਲਕਰਨ ਜਟਾਣਾ. ਪੰਜਾਬੀ ਜਾਗਰਣ, ਮਲੋਟ : ਸ੍ਰੀ ਮੁਕਤਸਰ ਸਾਹਿਬ ਤੋਂ ਅਬੋਹਰ ਵਾਇਆ ਪੰਨੀਵਾਲਾ ਫੱਤਾ ਜਾਣ ਵਾਲੀ ਸੜਕ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਅਨੇਕਾਂ ਵਾਰ ਮੰਤਰੀਆਂ ਦੇ ਧਿਆਨ ’ਚ ਲਿਆਉਣ ਦੇ ਬਾਵਜੂਦ ਸੜਕ ਦਾ ਕੋਈ ਹੱਲ ਨਹੀਂ ਹੋਇਆ। ਇਸ ਸਾਲ ਮਈ ਦੇ ਪਹਿਲੇ ਹਫਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪ੍ਰੈਸ ਕਾਨਫਰੰਸ ਕਰਕੇ ਪੰਨੀਵਾਲਾ ਫੱਤਾ ਤੱਕ ਸੜਕ ਮਨਜੂਰ ਹੋਣ ਦੀ ਸੂਚਨਾ ਦਿੱਤੀ ਸੀ ਤੇ ਇਹ ਵੀ ਕਿਹਾ ਸੀ ਕਿ ਸੜਕ ਦੋ ਮਹੀਨਿਆਂ ਤੱਕ ਬਣਨੀ ਸ਼ੁਰੂ ਹੋ ਜਾਵੇਗੀ ਪਰ ਚਾਰ ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋਣ ਤੇ ਵੀ ਸੜਕ ਸ਼ੁਰੂ ਹੋਣ ਦਾ ਨਾਮੋ ਨਿਸ਼ਾਨ ਵੀ ਨਹੀਂ ਹੈ। ਬੀਤੇ ਦਿਨੀਂ ਮੰਤਰੀ ਬਲਜੀਤ ਕੌਰ ਨੂੰ ਸੜਕ ਨੂੰ ਅੱਗੇ ਅਬੋਹਰ ਤੱਕ ਮਨਜ਼ੂਰ ਕਰਵਾਉਣ ਦੀ ਗੱਲ ਕਹੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਨ ’ਚ ਕੋਈ ਵੀ ਵਿਤਕਰਾ ਨਹੀਂ ਹੈ ਤੇ ਉਹ ਜਲਦੀ ਹੀ ਇਸ ਨੂੰ ਅਬੋਹਰ ਤੱਕ ਮਨਜੂਰ ਕਰਵਾ ਦੇਣਗੇ। ਇਸ ਬਾਬਤ ਕੌਸ਼ਲ ਕੁਮਾਰ ਜੇਈ ਪੀ ਡਬਲਯੂ ਡੀ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਇਸ ਸੜਕ ਦਾ ਟੈਂਡਰ ਹੋ ਚੁੱਕਿਆ ਹੈ ਤੇ ਤਕਰੀਬਨ ਇੱਕ ਮਹੀਨੇ ਤੱਕ ਠੇਕੇਦਾਰ ਨੇ ਸੜਕ ਬਣਾਉਣੀ ਸ਼ੁਰੂ ਕਰ ਦੇਣੀ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਕੰਮਾਂ ਦੀ ਕੋਈ ਮਿਆਦ ਨਹੀਂ ਹੁੰਦੀ ਪਤਾ ਨਹੀਂ ਇਹ ਸੜਕ ਕਦੋਂ ਬਣੇਗੀ ਤੇ ਪਤਾ ਨਹੀਂ ਊਠ ਦਾ ਬੁਲ੍ਹ ਕਦੋਂ ਡਿੱਗੇਗਾ। ਮੰਤਰੀ ਡਾ. ਬਲਜੀਤ ਕੌਰ ਨੂੰ ਕੰਮ ਸ਼ੁਰੂ ਕਰਨ ਦੀ ਬੇਨਤੀ ਕਰਾਂਗੇ : ਲਵਲੀ ਮਾਨ ਇਸ ਬਾਬਤ ਗੁਰਵਿੰਦਰ ਸਿੰਘ ਲਵਲੀ ਮਾਨ ਨੇ ਕਿਹਾ ਕਿ ਹੜਾਂ ਕਾਰਨ ਸੜਕ ਦਾ ਕੰਮ ਸ਼ੁਰੂ ਹੋਣ ’ਚ ਦੇਰੀ ਹੋਈ ਹੈ ਤੇ ਸਾਰੇ ਮੰਤਰੀ, ਐਮਐਲਏ, ਅਫਸਰ, ਹੜਾਂ ਵਾਲੇ ਪਾਸੇ ਰੁਝ ਗਏ ਸਨ। ਇਸ ਲਈ ਜਿਉਂ ਹੀ ਹੜਾਂ ਦਾ ਕੰਮ ਠੀਕ ਹੁੰਦਾ ਹੈ ਤਾਂ ਸਭ ਕੰਮ ਸ਼ੁਰੂ ਹੋ ਜਾਣਗੇ। ਉਨਾਂ ਕਿਹਾ ਕਿ ਇਸ ਬਾਬਤ ਮੰਤਰੀ ਡਾ. ਬਲਜੀਤ ਕੌਰ ਨੂੰ ਮਿਲ ਕੇ ਕੰਮ ਜਲਦੀ ਸ਼ੁਰੂ ਕਰਨ ਦੀ ਬੇਨਤੀ ਕਰਾਂਗੇ ਕਿਉਂਕਿ ਹੁਣ ਤਾਂ ਕੰਮ ਠੇਕੇਦਾਰ ਨੇ ਹੀ ਕਰਨਾ ਹੈ। ਉਨਾਂ ਪਿੰਡਾਂ ਦੇ ਮੋਹਤਬਰਾਂ ਨੂੰ ਵੀ ਕਿਹਾ ਕਿ ਸੜਕ ਬਣਨ ਵੇਲੇ ਪੂਰਾ ਧਿਆਨ ਰੱਖਿਆ ਜਾਵੇ ਤਾਂ ਕਿ ਮਟੀਰੀਅਲ ’ਚ ਕਿਸੇ ਕਿਸਮ ਦੀ ਗੜਬੜ ਨਾ ਹੋਵੇ। ਪਤਾ ਨਹੀਂ ਕਦ ਸ਼ੁਰੂ ਹੋਵੇਗਾ ਸੜਕ ਦਾ ਨਿਰਮਾਣ ਕਾਰਜ : ਪੁਸ਼ਪਿੰਦਰ ਸਿੰਘ ਪੁਸ਼ਪਿੰਦਰ ਸਿੰਘ ਜਟਾਣਾ ਨੇ ਕਿਹਾ ਕਿ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਇਸ ਸੜਕ ਨੂੰ ਕਾਫੀ ਸਮਾਂ ਹੋ ਗਿਆ ਕਿਤੇ ਸੁਣਵਾਈ ਨਹੀਂ ਹੋਈ ਤੇ ਹੁਣ ਵੀ ਸੜਕ ਪੰਨੀਵਾਲਾ ਫੱਤਾ ਤੱਕ ਹੀ ਮਨਜ਼ੂਰ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਮੈਡਮ ਬਲਜੀਤ ਕੌਰ ਨੇ ਸਿਰਫ ਆਪਣੇ ਹਲਕੇ ’ਚ ਹੀ ਮਨਜ਼ੂਰ ਕਰਵਾਈ ਹੈ ਜਦਕਿ ਮੰਤਰੀ ਸਿਰਫ ਇੱਕ ਹਲਕੇ ਦਾ ਨਹੀਂ ਹੁੰਦਾ ਉਹ ਸੂਬੇ ਦਾ ਹੁੰਦਾ ਹੈ। ਇਸ ਸੜਕ ਨੂੰ ਅਬੋਹਰ ਤੱਕ ਮਨਜ਼ੂਰ ਕਰਵਾਉਣਾ ਚਾਹੀਦਾ ਸੀ ਪਰ ਪੰਨੀਵਾਲਾ ਫੱਤਾ ਤੱਕ ਵੀ ਪਤਾ ਨਹੀਂ ਸੜਕ ਕਦੋਂ ਬਣੇਗੀ ਕਿਉਂਕਿ ਸਰਕਾਰਾਂ ਆਉਣ ਵੇਲੇ ਤੇ ਜਾਣ ਵੇਲੇ ਅੰਬਰੋਂ ਤਾਰੇ ਤੋੜ ਕੇ ਲਿਆਉਣ ਦੀਆਂ ਗੱਲਾਂ ਕਰਦੀਆਂ ਨੇ ਪਰ ਅਮਲ ’ਚ ਕੁਝ ਨਹੀਂ ਹੁੰਦਾ। ਮਿੱਟੀ ਨਾਲ ਭਰ ਜਾਂਦੀਆਂ ਨੇ ਦੁਕਾਨਾਂ : ਅੰਮ੍ਰਿਤਪਾਲ ਸਿੰਘ ਜਟਾਣਾ ਅੰਮ੍ਰਿਤਪਾਲ ਸਿੰਘ ਜਟਾਣਾ ਦੁਕਾਨਦਾਰ ਨੇ ਕਿਹਾ ਕਿ ਜਦ ਕੋਈ ਵਹੀਕਲ ਲੰਘਦਾ ਹੈ ਤਾਂ ਸਾਡੀਆਂ ਦੁਕਾਨਾਂ ਮਿੱਟੀ ਨਾਲ ਭਰ ਜਾਂਦੀਆਂ ਹਨ ਤੇ ਸਾਡਾ ਸਾਰਾ ਸਮਾਨ ਖਰਾਬ ਹੋ ਜਾਂਦਾ ਹੈ ਤੇ ਸ਼ਾਮ ਤੱਕ ਤਾਂ ਸਾਡੀ ਆਪਣੀ ਪਹਿਚਾਣ ਵੀ ਨਹੀਂ ਰਹਿੰਦੀ। ਸੜਕ ਮਨਜੂਰ ਹੋਣ ਤੇ ਸਾਨੂੰ ਡਾਹਢੀ ਖੁਸ਼ੀ ਹੋਈ। ਉ ਡਾ. ਬਲਜੀਤ ਕੌਰ ਤੋਂ ਮੰਗ ਕਰਦੇ ਹਨ ਕਿ ਸੜਕ ਨੂੰ ਜਲਦੀ ਤੋਂ ਜਲਦੀ ਪੰਨੀਵਾਲਾ ਫੱਤਾ ਤੋਂ ਸ਼ੁਰੂ ਕਰਕੇ ਮੁਕਤਸਰ ਵੱਲ ਲਿਜਾਇਆ ਜਾਵੇ ਤੇ ਇਸ ਨੂੰ ਅੱਗੇ ਅਬੋਹਰ ਤੱਕ ਵੀ ਪਹੁੰਚਾਇਆ ਜਾਵੇ ਤੇ ਸੜਕ ਦਾ ਸਾਈਜ ਵੀ ਡਬਲ ਕੀਤਾ ਜਾਵੇ ਕਿਉਂਕਿ ਇਸ ਸੜਕ ’ਤੇ ਆਵਾਜਾਈ ਬਹੁਤ ਰਹਿੰਦੀ ਹੈ।