ਵਿਗਿਆਨਕ ਚੇਤਨਾ ਦਾ ਸਮੇਂ ਵਕਤ ਦੀ ਲੋੜ : ਰਾਜਿੰਦਰ ਭਦੌੜ
ਗੁਰੂਸਰ ’ਚ ਤਰਕਸ਼ੀਲ ਨਾਟ ਮੇਲਾ ਬਿਖੇਰ ਗਿਆ ਚੇਤਨਾ ਦੀ ਲੋਅ
Publish Date: Wed, 11 Mar 2026 06:07 PM (IST)
Updated Date: Wed, 11 Mar 2026 06:09 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪਿੰਡ ਗੁਰੂਸਰ ਦੇ ਸਮਾਜ ਪਰਿਵਰਤਨ ਮੰਚ ਗੁਰੂਸਰ ਵੱਲੋਂ ਸ਼ਹੀਦ ਏ ਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਯਾਦ ਵਿੱਚ ਕਰਵਾਇਆ ਗਿਆ ਚੇਤਨਾ ਦੀ ਲੋਅ ਬਿਖੇਰ ਗਿਆ। ਨਾਟ ਮੇਲੇ ’ਚ ਚੰਡੀਗੜ੍ਹ ਸਕੂਲ ਆਫ ਡਰਾਮਾ ਦੀ ਟੀਮ ਵਲੋਂ ਲੋਕ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦਾ ਲਿਖਿਆ ਪ੍ਰਸਿੱਧ ਨਾਟਕ ਨਾਟਕ ਤੇ ਦੇਵ ਪੁਰਸ਼ ਹਾਰ ਗਏ ਦਾ ਸਫਲ ਮੰਚਨ ਕੀਤਾ ਗਿਆ। ਜਿਸ ਵਿੱਚ ਅੰਧਵਿਸ਼ਵਾਸ ਤੇ ਵਹਿਮ ਭਰਮ ਫੈਲਾਉਣ ਵਾਲੇ ਦੇਵ ਪੁਰਸ਼ਾਂ ਦੀ ਅਸਲੀਅਤ ਜੱਗ ਜਾਹਰ ਕੀਤੀ ਗਈ ਸੀ। ਨਾਟਕ ਟੀਮ ਵੱਲੋਂ ਪੇਸ਼ ਕੀਤੀ ਗਈ ਕੋਰੀਓਗ੍ਰਾਫੀ ਘੋੜੀ ਦੇਸ਼ ਭਗਤਾਂ ਕੁਰਬਾਨੀਆਂ ਦੀ ਯਾਦ ਤਾਜ਼ਾ ਕਰਵਾ ਗਈ। ਮੇਲੇ ’ਚ ਲੋਕ ਸੰਗੀਤ ਮੰਡਲੀ ਜੀਦਾ ਤੇ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਵੱਲੋਂ ਪੇਸ਼ ਕੀਤੇ ਗਏ ਗੀਤਾਂ ਤੇ ਕਵੀਸ਼ਰੀਆਂ ਨੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸੁਪਨਿਆਂ, ਆਦਰਸ਼ਾਂ ਦੀ ਗੱਲ ਛੇੜੀ। ਮੇਲੇ ਵਿੱਚ ਬੋਲਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਨੇ ਭਰਮ ਮੁਕਤ ਤੇ ਬਰਾਬਰੀ ਦੇ ਸਮਾਜ ਦੀ ਸਿਰਜਣਾ ਲਈ ਵਿਗਿਆਨਕ ਚੇਤਨਾ ਦੇ ਚਾਨਣ ਨੂੰ ਹਰ ਦਰ ਤੇ ਲਿਜਾਣਾ ਸਮੇਂ ਦੀ ਲੋੜ ਦੱਸਿਆ। ਉਨ੍ਹਾਂ ਅਜੋਕੇ ਦੌਰ ਵਿੱਚ ਸਰਕਾਰਾਂ ਵੱਲੋਂ ਅੰਧਵਿਸ਼ਵਾਸ ਤੇ ਅਗਿਆਨਤਾ ਦੇ ਪ੍ਰਚਾਰ ਕਰਨ ਸਿਲੇਬਸ ਤੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਲੋਕ ਵਿਰੋਧੀ ਕਦਮਾਂ ਨੂੰ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਆਖਿਆ। ਨਾਟਕ ਟੀਮ ਵੱਲੋਂ ਖੇਡਿਆ ਗਿਆ ਨਾਟਕ ਠੱਗੀ ਨੌਜੁਆਨਾਂ ਦੀਆਂ ਸੋਚਾਂ ਸੁਪਨਿਆਂ ਦੀ ਤਰਜਮਾਨੀ ਕਰਦਾ ਵਿਦੇਸ਼ ਜਾਣ ਦੀ ਤਾਂਘ ਨੂੰ ਆਪਣੇ ਘਰ, ਸਮਾਜ ਨਾਲ ਜੋੜਨ ਦਾ ਸੁਨੇਹਾ ਦੇਣ ਵਿੱਚ ਸਫ਼ਲ ਰਿਹਾ। ਜਾਦੂ ਕਲਾ ਦੀਆਂ ਪੇਸ਼ਕਾਰੀਆਂ ਨੇ ਭਰਮ ਭੁਲੇਖੇ ਦੂਰ ਕੀਤੇ। ਮੇਲੇ ਵਿੱਚ ਆਏ ਲੋਕਾਂ ਨੇ ਪੁਸਤਕਾਂ ਤੇ ਮੈਗਜ਼ੀਨ ਖਰੀਦਣ ਵਿੱਚ ਵੀ ਰੁਚੀ ਵਿਖਾਈ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਵੀਰ ਸਿੰਘ ਨੇ ਬਾਖੂਬੀ ਨਿਭਾਈ ਜਦਕਿ ਮੇਲੇ ਦੀ ਸਫਲਤਾ ਲਈ ਪਰਿਵਰਤਨ ਮੰਚ ਦੇ ਨੌਜੁਆਨਾਂ ਹਰਜੀਤ ਸਿੰਘ, ਗੁਰਜੀਤ ਸਿੰਘ, ਸਤਵੀਰ ਸਿੰਘ, ਸ਼ਿਵਰਾਜ ਸਿੰਘ,ਦਲਜੀਤ ਸਿੰਘ, ਲਖਵੀਰ ਸਿੰਘ ਤੇ ਗੁਰਮੇਲ ਸਿੰਘ ਨੇ ਭਰਵਾਂ ਯੋਗਦਾਨ ਪਾਇਆ।