ਕਣਕ ਦੇ ਨਾੜ ਨੂੰ ਕਿਸਾਨਾਂ ਵੱਲੋਂ ਮਿੱਲਾਂ ਵਾਲਿਆਂ ਨੂੰ ਵੇਚਣ ਦੀ ਪ੍ਰਕਿਰਿਆ ਤੇਜ਼
ਜ਼ਿਲ੍ਹਾ ਮੋਗਾ ਦੇ ਪਿੰਡਾਂ ਵਿਚ ਕਣਕ
Publish Date: Tue, 05 May 2026 04:21 PM (IST)
Updated Date: Wed, 06 May 2026 04:03 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਜ਼ਿਲ੍ਹਾ ਮੋਗਾ ਦੇ ਪਿੰਡਾਂ ਵਿਚ ਕਣਕ ਦੀ ਕਟਾਈ ਤੋਂ ਬਾਅਦ ਹੁਣ ਨਾੜ (ਪਰਾਲੀ) ਨੂੰ ਗੱਠਾਂ ਵਿਚ ਬੰਨ੍ਹ ਕੇ ਮਿੱਲਾਂ ਵੱਲ ਭੇਜਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਖੇਤਾਂ ਵਿਚ ਵੱਡੀ ਗਿਣਤੀ ਵਿਚ ਨਾੜ ਦੇ ਗੱਠੇ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ਮਸ਼ੀਨਾਂ ਰਾਹੀਂ ਇਕੱਠਾ ਕਰਕੇ ਟਰਾਲੀਆਂ ਵਿਚ ਲੋਡ ਕਰਕੇ ਮਿੱਲਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਲਾਕੇ ਦੇ ਜਾਣਕਾਰਾਂ ਮੁਤਾਬਿਕ ਇਹ ਨਾੜ ਪੇਪਰ ਮਿੱਲਾਂ ਅਤੇ ਹੋਰ ਉਦਯੋਗਿਕ ਇਕਾਈਆਂ ਵਿਚ ਵਰਤੋਂ ਲਈ ਭੇਜਿਆ ਜਾਂਦਾ ਹੈ, ਜਿਸ ਨਾਲ ਉਦਯੋਗਾਂ ਨੂੰ ਵੀ ਕੱਚਾ ਮਾਲ ਮਿਲਦਾ ਹੈ ਅਤੇ ਇਸ ਮੌਕੇ ਕਿਸਾਨਾ ਨੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਵੇਂ ਤਰੀਕੇ ਨਾਲ ਉਨ੍ਹਾਂ ਨੂੰ ਦੋਹਰਾ ਲਾਭ ਹੋ ਰਿਹਾ ਹੈ। ਇਕ ਪਾਸੇ ਨਾੜ ਦੀ ਵਿਕਰੀ ਰਾਹੀਂ ਵਾਧੂ ਆਮਦਨ ਮਿਲ ਰਹੀ ਹੈ, ਦੂਜੇ ਪਾਸੇ ਪਰਾਲੀ ਸਾੜਨ ਦੀ ਲੋੜ ਖ਼ਤਮ ਹੋ ਰਹੀ ਹੈ, ਜਿਸ ਨਾਲ ਵਾਤਾਵਰਣ ਪ੍ਰਦੂਸ਼ਣ ਵਿਚ ਵੀ ਕਾਫ਼ੀ ਘਟਾਓ ਆ ਰਿਹਾ ਹੈ। ਮਸ਼ੀਨਾਂ ਰਾਹੀਂ ਗੱਠ ਬਣਾਉਣ ਦੀ ਪ੍ਰਕਿਰਿਆ ਤੇਜ਼ ਅਤੇ ਸੁਗਮ ਹੋਣ ਕਾਰਨ ਕਿਸਾਨਾਂ ਦਾ ਸਮਾਂ ਅਤੇ ਮਿਹਨਤ ਦੋਵੇਂ ਬਚ ਰਹੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਉਹ ਤੂੜੀ ਤਿਆਰ ਕਰਦੇ ਹਨ ਤਾਂ ਉਨ੍ਹਾਂ ਨੂੰ ਇਕ ਕਿੱਲੇ ਦੇ ਤੂੜੀ ਬਣਾਉਣ ਲਈ ਕਰੀਬ 1900 ਰੁਪਏ ਦੇਣੇ ਪੈਂਦੇ ਹਨ, ਇਸ ਨਾਲ ਖ਼ਰਚਾ ਵੀ ਕਾਫ਼ੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸਾਂਭ-ਸੰਭਾਲ ਅਤੇ ਟਰਾਲੀ ਮਜ਼ਦੂਰੀ ਲਈ ਕਰੀਬ 500 ਰੁਪਏ ਹੋਰ ਖ਼ਰਚ ਕਰਨੇ ਪੈਂਦੇ ਹਨ। ਇਸ ਤਰ੍ਹਾਂ ਤੂੜੀ ਬਣਾਉਣ ਵਿਚ ਨਫ਼ੇ ਦੀ ਬਜਾਏ ਮਿਹਨਤ ਅਤੇ ਖ਼ਰਚਾ ਜ਼ਿਆਦਾ ਹੋ ਜਾਂਦਾ ਹੈ। ਇਸਦੇ ਉਲਟ ਜਦੋਂ ਕਿਸਾਨ ਨਾੜ ਨੂੰ ਗੱਠਾਂ ਵਿਚ ਬੰਨ੍ਹ ਕੇ ਮਿੱਲਾਂ ਨੂੰ ਵੇਚਦੇ ਹਨ ਤਾਂ ਉਨ੍ਹਾਂ ਨੂੰ ਇਕ ਕਿਲ੍ਹੇ ਦੇ ਕਰੀਬ 1500 ਰੁਪਏ ਸਿੱਧੇ ਹੀ ਪ੍ਰਾਪਤ ਹੋ ਜਾਂਦੇ ਹਨ, ਬਿਨਾਂ ਵਾਧੂ ਖਰਚੇ ਦੇ। ਮਸ਼ੀਨ ਓਪਰੇਟਰ ਖੇਤਾਂ ਵਿਚੋਂ ਪੂਰੀ ਸਫ਼ਾਈ ਨਾਲ ਨਾੜ ਇਕੱਠਾ ਕਰਦੇ ਹਨ, ਜਿਸ ਨਾਲ ਖੇਤ ਸਾਫ਼ ਰਹਿੰਦੇ ਹਨ ਅਤੇ ਕਿਸਾਨਾਂ ਨੂੰ ਬਾਅਦ ਵਿਚ ਅੱਗ ਲਗਾਉਣ ਦੀ ਲੋੜ ਵੀ ਨਹੀਂ ਪੈਂਦੀ। ਮਜ਼ਦੂਰਾਂ ਅਤੇ ਮਸ਼ੀਨ ਚਾਲਕਾਂ ਦਾ ਕਹਿਣਾ ਹੈ ਕਿ ਬੇਲਰ ਮਸ਼ੀਨਾਂ ਦੀ ਵਰਤੋਂ ਨਾਲ ਨਾੜ ਨੂੰ ਗੱਠਾਂ ਵਿਚ ਬੰਨ੍ਹਣਾ ਹੁਣ ਬਹੁਤ ਆਸਾਨ ਹੋ ਗਿਆ ਹੈ ਅਤੇ ਇਹ ਕੰਮ ਥੋੜੇ ਸਮੇਂ ਵਿਚ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ। ਤਿਆਰ ਕੀਤੇ ਗੱਠੇ ਪੇਪਰ ਮਿੱਲਾਂ ਅਤੇ ਹੋਰ ਉਦਯੋਗਾਂ ਵਿਚ ਕੱਚੇ ਮਾਲ ਵਜੋਂ ਵਰਤੇ ਜਾਂਦੇ ਹਨ, ਜਿਸ ਨਾਲ ਉਦਯੋਗਿਕ ਖੇਤਰ ਨੂੰ ਵੀ ਲਗਾਤਾਰ ਸਪਲਾਈ ਮਿਲ ਰਹੀ ਹੈ। ਖੇਤੀਬਾੜੀ ਮਾਹਿਰਾਂ ਦੇ ਅਨੁਸਾਰ ਇਹ ਤਬਦੀਲੀ ਭਵਿੱਖ ਲਈ ਬਹੁਤ ਮਹੱਤਵਪੂਰਨ ਹੈ। ਜੇਕਰ ਇਸ ਮਾਡਲ ਨੂੰ ਹੋਰ ਵੱਡੇ ਪੱਧਰ ’ਤੇ ਅਪਣਾਇਆ ਜਾਵੇ ਤਾਂ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਵੱਡੀ ਕਮੀ ਆ ਸਕਦੀ ਹੈ, ਜਿਸ ਨਾਲ ਹਵਾ ਪ੍ਰਦੂਸ਼ਣ ’ਤੇ ਕਾਬੂ ਪਾਇਆ ਜਾ ਸਕੇਗਾ ਅਤੇ ਵਾਤਾਵਰਣ ਦੀ ਸੁਰੱਖਿਆ ਵੀ ਹੋਵੇਗੀ। ਵਾਤਾਵਰਣ ਪ੍ਰਦੂਸ਼ਣ ਤੋਂ ਵੀ ਬਚਾਅ ਹੋ ਰਿਹਾ ਹੈ। ਇਸ ਦੇ ਨਾਲ ਹੀ ਨਾੜ ਦੀ ਵਿਕਰੀ ਕਰਕੇ ਕਿਸਾਨਾਂ ਨੂੰ ਵਾਧੂ ਆਮਦਨ ਦਾ ਸਰੋਤ ਵੀ ਮਿਲ ਰਿਹਾ ਹੈ।ਇਲਾਕੇ ਦੇ ਜਾਣਕਾਰਾਂ ਮੁਤਾਬਿਕ ਇਹ ਨਾੜ ਪੇਪਰ ਮਿੱਲਾਂ ਅਤੇ ਹੋਰ ਉਦਯੋਗਿਕ ਇਕਾਈਆਂ ਵਿਚ ਵਰਤੋਂ ਲਈ ਭੇਜਿਆ ਜਾਂਦਾ ਹੈ, ਜਿਸ ਨਾਲ ਉਦਯੋਗਾਂ ਨੂੰ ਵੀ ਕੱਚਾ ਮਾਲ ਮਿਲਦਾ ਹੈ ਅਤੇ ਕਿਸਾਨਾਂ ਨੂੰ ਲਾਭ ਹੁੰਦਾ ਹੈ। ਜੇਕਰ ਇਸ ਤਰ੍ਹਾਂ ਨਾੜ ਦੀ ਸੰਭਾਲ ਕੀਤੀ ਜਾਵੇ ਤਾਂ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਵੱਡੀ ਘਟੋਤਰੀ ਆ ਸਕਦੀ ਹੈ, ਜੋ ਵਾਤਾਵਰਣ ਲਈ ਇਕ ਸਕਾਰਾਤਮਿਕ ਕਦਮ ਹੈ।