ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਖ਼ਿਆ ਸਿਆਸੀ ਅਖਾੜਾ
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਖਿਆ ਸਿਆਸੀ ਅਖਾੜਾ
Publish Date: Wed, 20 May 2026 04:03 PM (IST)
Updated Date: Wed, 20 May 2026 04:07 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ਦੀਆਂ ਤਿੰਨ ਨਗਰ ਕੌਂਸਲਾਂ ਮੁਕਤਸਰ, ਮਲੋਟ ਅਤੇ ਗਿੱਦੜਬਾਹਾ ’ਚ ਨਾਮਜ਼ਦਗੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਚੋਣ ਪ੍ਰਚਾਰ ਨੇ ਜ਼ੋਰ ਫੜ ਲਿਆ ਹੈ। ਕਾਂਗਰਸ, ਆਮ ਆਦਮੀ ਪਾਰਟੀ (ਆਪ), ਸ਼ੋ੍ਮਣੀ ਅਕਾਲੀ ਦਲ (ਸ਼ਿਅਦ) ਅਤੇ ਭਾਜਪਾ ਦੇ ਸੀਨੀਅਰ ਆਗੂ ਹੁਣ ਸਿੱਧੇ ਤੌਰ ’ਤੇ ਵੋਟਰਾਂ ਦੇ ਵਿਚਕਾਰ ਪਹੁੰਚ ਰਹੇ ਹਨ। ਸ਼ਹਿਰ ਦੇ ਵਾਰਡਾਂ ’ਚ ਚੋਣ ਸਰਗਰਮੀਆਂ ਸਪੱਸ਼ਟ ਰੂਪ ’ਚ ਨਜ਼ਰ ਆਉਣ ਲੱਗੀਆਂ ਹਨ। ਨੁੱਕੜ ਮੀਟਿੰਗਾਂ ਤੋਂ ਲੈ ਕੇ ਘਰ-ਘਰ ਜਾ ਕੇ ਜਨਸੰਪਰਕ ਮੁਹਿੰਮ ਤੱਕ, ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਸਵੇਰੇ ਤੋਂ ਲੈ ਕੇ ਦੇਰ ਰਾਤ ਤੱਕ ਵੋਟਰਾਂ ਨੂੰ ਆਪਣੇ ਪੱਖ ’ਚ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਪ੍ਰਮੁੱਖ ਸੜਕਾਂ, ਬਾਜ਼ਾਰਾਂ ਅਤੇ ਮੁਹੱਲਿਆਂ ’ਚ ਪੋਸਟਰ ਤੇ ਬੈਨਰ ਲੱਗ ਚੁੱਕੇ ਹਨ। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਲਈ ਇਹ ਨਗਰ ਕੌਂਸਲ ਚੋਣਾਂ ਬੇਹੱਦ ਅਹਿਮ ਮੰਨੀਆਂ ਜਾ ਰਹੀਆਂ ਹਨ। ਪ੍ਰਮੁੱਖ ਆਗੂਆਂ ਨੇ ਸੰਭਾਲਿਆ ਮੋਰਚਾ ਜ਼ਿਲ੍ਹਾ ਮੁਕਤਸਰ ’ਚ ਕਾਂਗਰਸ ਵੱਲੋਂ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ। ਦੋਵੇਂ ਆਗੂ ਮੁਕਤਸਰ, ਗਿੱਦੜਬਾਹਾ ਅਤੇ ਮਲੋਟ ’ਚ ਵੱਖ-ਵੱਖ ਮੀਟਿੰਗਾਂ ਰਾਹੀਂ ਉਮੀਦਵਾਰਾਂ ਲਈ ਸਮਰਥਨ ਜੁਟਾ ਰਹੇ ਹਨ। ਇਸ ਦੌਰਾਨ ਵੜਿੰਗ ਨੇ ਆਪ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੂਬੇ ’ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ ਅਤੇ ਵਿਕਾਸ ਕਾਰਜ ਠੱਪ ਪਏ ਹਨ। ਦੂਜੇ ਪਾਸੇ, ਆਪ ਵੱਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮਲੋਟ ਵਿੱਚ ਅਤੇ ਮੁਕਤਸਰ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਪ੍ਰਚਾਰ ਕਰ ਰਹੇ ਹਨ। ਗਿੱਦੜਬਾਹਾ ਵਿੱਚ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਆਪ ਸਰਕਾਰ ਦੇ ਵਿਕਾਸ ਕਾਰਜਾਂ ਦਾ ਹਵਾਲਾ ਦੇ ਕੇ ਵੋਟਾਂ ਮੰਗ ਰਹੇ ਹਨ। ਸ਼ਿਰੋਮਣੀ ਅਕਾਲੀ ਦਲ ਵੱਲੋਂ ਪੂਰਵ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੀ ਲਗਾਤਾਰ ਲੋਕ ਸੰਪਰਕ ਮੁਹਿੰਮ ਵਿੱਚ ਜੁਟੇ ਹੋਏ ਹਨ। ਕਈ ਵਾਰਡਾਂ ’ਚ ਮੁਕਾਬਲਾ ਬਣਿਆ ਦਿਲਚਸਪ ਨਾਮਜ਼ਦਗੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਸ੍ਰੀ ਮੁਕਤਸਰ ਸਾਹਿਬ, ਗਿੱਦੜਬਹਾ ਤੇ ਮਲੋਟ ਦੇ 77 ਵਾਰਡਾਂ ਲਈ 457 ਨਾਮਜਦਗੀ ਪੱਤਰ ਦਾਖਲ ਕੀਤੇ ਗਏ ਸਨ ਪੜਤਾਲ ਤੋਂ ਬਾਅਦ ਇਨ੍ਹਾਂ ਵਿਚੋਂ 436 ਸਹੀ ਪਾਏ ਗਏ ਅਤੇ 21 ਰੱਦ ਕਰ ਦਿੱਤੇ ਗਏ ਸਨ। ਹੁਣ 436 ਉਮੀਦਵਾਰ ਚੋਣ ਮੈਦਾਨ ’ਚ ਰਹਿ ਗਏ ਹਨ। ਫਿਲਹਾਲ ਸ਼ਹਿਰ ਦੇ ਕਈ ਵਾਰਡਾਂ ’ਚ ਮੁਕਾਬਲਾ ਬੇਹੱਦ ਸਖ਼ਤ ਹੋ ਗਿਆ ਹੈ। ਉਮੀਦਵਾਰ ਆਪਣੀ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਇਸ ਵਾਰ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਕਾਂਗਰਸ, ਅਕਾਲੀ ਦਲ, ਆਪ ਤੇ ਭਾਜਪਾ ਦੇ ਉਮੀਦਵਾਰ ਆਪਣੀ ਕਿਸਮਤ ਅਜਮਾਈ ਕਰ ਰਹੇ ਹਨ ਜਿਨ੍ਹਾਂ ਨੇ ਆਪਣੀ ਚੋਣ ਮੁਹਿੰਮ ਪੂਰੀ ਤਰ੍ਹਾਂ ਭਖਾਈ ਹੋਈ ਹੈ ਇਸ ਤੋਂ ਇਲਾਵਾ ਕਈ ਵਾਰਡਾਂ ’ਚ ਆਜ਼ਾਦ ਉਮੀਦਵਾਰ ਵੀ ਪੂਰੀ ਟੱਕਰ ਦੇ ਰਹੇ ਹਨ।