ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਹੜ੍ਹ ਪੀੜਤਾਂ ਲਈ ਇਕੱਤਰ ਕੀਤੀ ਲਗਪਗ 18 ਲੱਖ ਰੁਪਏ ਦੀ ਰਾਸ਼ੀ ਪਹੁੰਚਦੀ ਕਰਨ ਲਈ ਸੂਬਾ ਪੱਧਰੀ ਮੀਟਿੰਗ ਸੁਤੰਤਰਤਾ ਸੈਨਾਨੀ ਭਵਨ ਮੋਗਾ ਵਿਖੇ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਦੱਸਿਆ ਕਿ ਜਥੇਬੰਦੀ ਦੀ 9 ਸਤੰਬਰ ਦੀ ਮੀਟਿੰਗ ਦੇ ਫੈਸਲੇ ਨੂੰ ਲਾਗੂ ਕਰਦਿਆਂ, ਜਥੇਬੰਦੀ ਦੇ ਸਮੂਹ ਜ਼ਿਲਿ੍ਹਆਂ ਨੇ ਹੜ੍ਹ ਪੀੜਤਾਂ ਲਈ ਉਨ੍ਹਾਂ ਦੀ ਪੀੜਾ ਅਤੇ ਦੁਸ਼ਵਾਰੀਆਂ ਨੂੰ ਮਹਿਸੂਸ ਕਰਦਿਆਂ ਆਪਣੀ ਪੂਰੀ ਮਿਹਨਤ ਅਤੇ ਲਗਨ ਨਾਲ ਲਗਪਗ ਅਠਾਰਾਂ ਲੱਖ ਰੁਪਏ ਇਕੱਤਰ ਕੀਤਾ ਹੈ।
ਜਥੇਬੰਦੀ ਦੇ ਜ਼ਿਲ੍ਹਾ ਫਿਰੋਜਪੁਰ ਦੇ ਸਕੱਤਰ ਅਜੀਤ ਸਿੰਘ ਸੋਢੀ ਅਤੇ ਸੂਬਾ ਵਿੱਤ ਸਕੱਤਰ ਸੁਬੇਗ ਸਿੰਘ ਨੇ ਕਿਹਾ ਕਿ ਸਾਨੂੰ ਰਾਹਤ ਵੰਡ ਵਿਚੋਂ ਸਕੂਲੀ ਬੱਚਿਆਂ ਦੇ ਹੋਏ ਨੁਕਸਾਨ ਅਤੇ ਦਿਹਾੜੀਦਾਰ ਮਜ਼ਦੂਰਾਂ ਤਕ ਇਹ ਫੰਡ ਵੱਧ ਤੋਂ ਵੱਧ ਪਹੁੰਚਦਾ ਕਰਨਾ ਚਾਹੀਦਾ ਹੈ। ਕਪੂਰਥਲਾ ਤੋਂ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ, ਗੁਰਦੀਪ ਸਿੰਘ ਅਤੇ ਸੁੱਚਾ ਸਿੰਘ ਸੁਲਤਾਨਪੁਰ ਲੋਧੀ ਨੇ ਆਪਣੇ ਆਪਣੇ ਇਲਾਕੇ ਵਿਚ ਹੋਏ ਫਸਲਾਂ, ਘਰਾਂ ਅਤੇ ਸਕੂਲਾਂ ਦੇ ਨੁਕਸਾਨ ਦੀ ਦਿਲ ਦਹਿਲਾਊ ਹਾਲਤ ਬਿਆਨ ਕੀਤੀ ਅਤੇ ਦਿਹਾੜੀਦਾਰ ਕਾਮਿਆਂ ਦੀ ਤਰਾਸਦੀ ਬਿਆਨ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਘਰ ਬਾਰ ਤਬਾਹ ਹੋ ਗਏ, ਦਿਹਾੜੀਆਂ ਨਾ ਮਿਲਣ ਕਰ ਕੇ ਪਰਿਵਾਰਾਂ ਦੀ ਤਰਸਯੋਗ ਹਾਲਤ ਦੀ ਦਾਸਤਾਨ ਬਿਆਨ ਕੀਤੀ। ਆਤਮ ਤੇਜ ਸ਼ਰਮਾ, ਸੁਲੱਖਣ ਸਿੰਘ ਭਗਤਾ ਭਾਈ ਨੇ ਜਥੇਬੰਦੀ ਦੁਆਰਾ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰਦਿਆਂ ਇਸ ਫੰਡ ਨੂੰ ਹੋਰ ਇਕ ਮਹੀਨਾ ਜਾਰੀ ਰੱਖਣ ਦਾ ਸੁਝਾਅ ਦਿੱਤਾ ਤਾਂ ਕਿ ਵੱਧ ਤੋਂ ਵੱਧ ਹੜ੍ਹ ਪੀੜਤ ਪਰਿਵਾਰਾਂ ਦੇ ਜਖਮਾਂ ’ਤੇ ਮਲ੍ਹਮ ਲਾਈ ਜਾ ਸਕੇ। ਮੋਗਾ ਤੋਂ ਹਾਜ਼ਰ ਸਾਥੀਆਂ ਸੁਰਿੰਦਰ ਪਾਲ ਸਿੰਘ, ਬਿੱਕਰ ਸਿੰਘ ਮਾਛੀਕੇ, ਜਸਵੰਤ ਸਿੰਘ ਕੋਟਲਾ, ਇੰਦਰਜੀਤ ਸਿੰਘ ਮੋਗਾ ਨੇ ਵਿਸ਼ਵਾਸ ਦਿਵਾਇਆ ਕਿ ਉਹ ਜਥੇਬੰਦੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦੇ ਰਹਿਣਗੇ ਅਤੇ ਲੋੜਵੰਦ ਲੋਕਾਂ ਲਈ ਹੋਰ ਰਾਹਤ ਫੰਡ ਇਕੱਠਾ ਕਰਨ ਲਈ ਭਰਪੂਰ ਕੋਸ਼ਿਸ਼ਾਂ ਕਰਨਗੇ। ਇਸ ਮੌਕੇ ਜ਼ਿਲ੍ਹਾ ਮੋਗਾ ਦੇ ਪ੍ਰੈੱਸ ਸਕੱਤਰ ਗਿਆਨ ਸਿੰਘ ਸਾਬਕਾ ਡੀਪੀਆਰਓ ਨੇ ਆਪਣੇ ਵਿਚਾਰ ਪਰਗਟ ਕੀਤੇ। ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਹੜ੍ਹ ਪੀੜਤਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ, ਬੱਚਿਆਂ ਦੇ ਹੋਏ ਪੜ੍ਹਾਈ ਦੇ ਨੁਕਸਾਨ ਨੂੰ ਪੂਰਾ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ, ਕਿਸਾਨਾਂ ਦੇ ਨਾਲ-ਨਾਲ ਗ਼ਰੀਬ ਮਜ਼ਦੂਰ ਪਰਿਵਾਰਾਂ ਤਕ ਸਰਕਾਰੀ ਰਾਹਤ ਪਹੁੰਚਦੀ ਕੀਤੀ ਜਾਵੇ। ਇਸ ਮੌਕੇ ਸੁਰਿੰਦਰ ਸਿੰਘ ਹੁਸ਼ਿਆਰਪੁਰ, ਸਰਬਜੀਤ ਸਿੰਘ ਦਾਉਧਰ, ਬਲਦੇਵ ਕ੍ਰਿਸ਼ਨ ਮੁਕੇਰੀਆਂ, ਭਰਪੂਰ ਸਿੰਘ ਭੋਜੋਵਾਲ ਅਤੇ ਹੋਰ ਆਗੂ ਮੀਟਿੰਗ ਵਿਚ ਸ਼ਾਮਲ ਹੋਏ ਸਨ।