ਪਿੰਡ ਤਾਮਕੋਟ ਦਾ ਪਾਰਕ 6 ਸਾਲਾਂ ਤੋਂ ਪਿਆ ਅਧੂਰਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਪਿੰਡ ਤਾਮਕੋਟ ਵਿਖੇ ਬੱਸ ਅੱਡੇ ਦੇ ਬਿਲਕੁਲ ਸਾਹਮਣੇ ਦੋ ਏਕੜ ਤੋਂ ਵੱਧ ਬਹੁਤ ਹੀ ਕੀਮਤੀ ਥਾਂ ਜਿਸ ’ਚ ਪਾਰਕ ਅਤੇ ਹੋਰ ਖੇਡਣ ਵਾਲੀਆਂ ਸਹੂਲਤਾਂ ਤੋਂ ਇਲਾਵਾ ਸਵਿਮਿੰਗ ਪੂਲ ਤੇ ਹੋਰ ਖੇਡਾਂ ਲਈ ਬਣਨਾ ਸੀ ਪਰ ਅੱਜ ਤੱਕ ਅਧੂਰਾ ਹੀ ਪਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਛੇ ਸੱਤ ਸਾਲ ਪਹਿਲਾਂ ਜਦੋਂ ਪੰਚਾਇਤ ਭੰਗ ਹੋਈ ਸੀ ਅਤੇ ਪ੍ਰਬੰਧਕ ਨੇ ਇਸ ਪਾਰਕ ਦੀ ਅਧੂਰੀ ਚਾਰ ਦੀਵਾਰੀ ਜਿਸ ’ਚ ਮਾੜਾ ਮਟੀਰੀਅਲ ਲੱਗਿਆ ਹੋਇਆ ਸੀ ਲਵਾ ਦਿੱਤਾ ਅਤੇ ਦੋ ਕੁ ਝੌਂਪੜੀਆਂ ਜਿਹੀਆਂ ਬਣਾ ਦਿੱਤੀਆਂ ਪਰ ਕੋਈ ਵੀ ਕੰਮ ਇਸ ਪਾਰਕ ਦਾ ਪੂਰਾ ਨਾ ਕੀਤਾ ਗਿਆ। ਪਿੰਡ ਵਾਸੀਆਂ ਰਸ਼ਪਾਲ ਸਿੰਘ, ਮਨਜੀਤ ਸਿੰਘ, ਜਗਦੀਪ ਸਿੰਘ, ਗੁਰਭਗਤ ਸਿੰਘ ਪੰਚ, ਭੋਲਾ ਸਿੰਘ, ਰੇਸ਼ਮ ਸਿੰਘ, ਜਗਜੀਤ ਸਿੰਘ, ਲਾਡੀ ਸਿੰਘ, ਸ਼ਿੰਦਾ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨੂੰ ਕਿਹਾ ਅਤੇ ਆਰਟੀਆਈ ਵੀ ਪਾਈ ਫਿਰ ਚੰਡੀਗੜ੍ਹ ਤੋਂ ਆਈ ਇੱਕ ਟੀਮ ਨੇ ਵੀ ਕੋਈ ਖਾਸ ਇੰਤਜਾਮ ਨਾ ਕਰਦਿਆਂ 40 ਕੁ ਟਰਾਲੀਆਂ ਮਿੱਟੀ ਦੀਆਂ ਮਨਰੇਗਾ ਦੇ ਅਧੀਨ ਇਸ ’ਚ ਪਵਾ ਦਿੱਤੀਆਂ। ਪਿੰਡ ਵਾਸੀ ਦੱਸਦੇ ਨੇ ਕਿ ਇਸ ’ਚ ਕਾਂਗਰਸ ਦੀ ਸਰਕਾਰ ਸਮੇਂ ਜਦੋਂ ਅਜੈਬ ਸਿੰਘ ਭੱਟੀ ਮਲੋਟ ਹਲਕੇ ਦੇ ਵਿਧਾਇਕ ਸਨ ਉਦੋਂ ਸੱਤ ਸਾਲ ਪਹਿਲਾਂ ਇਥੇ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਅਧੂਰਾ ਕੰਮ ਰਹਿਣ ਕਰਕੇ ਪਹਿਲਾਂ ਵਾਲਾ ਮਟੀਰੀਅਲ ਵੀ ਮਿੱਟੀ ਹੋ ਗਿਆ ਹੁਣ ਇਸ ਥਾਂ ਤੇ ਇਕੱਲੀਆਂ ਝਾੜੀਆ ਕਿੱਕਰਾਂ ਖੜੀਆਂ ਹਨ ਅਤੇ ਇਹ ਸਿਰਫ ਅਮਲੀਆਂ ਅਤੇ ਮਾੜੇ ਬੰਦਿਆ ਦਾ ਅੱਡਾ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਬਾਰੇ ਉਨ੍ਹਾਂ ਨੇ ਅਧਿਕਾਰੀਆਂ ਸਰਕਾਰ ਨੂੰ ਵੀ ਪੁੱਛਿਆ ਅਤੇ ਸਮੇਂ ਦੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਵੀ ਲਿਖਿਆ ਕਿ ਇਹ ਪਾਰਕ ਅਧਵਟੇ ਕਿਉਂ ਛੱਡਿਆ ਗਿਆ ਹੈ ਇਸ ਨੂੰ ਚਾਰ ਦੀਵਾਰੀ ਤੇ ਇੱਕ ਝੌਪੜੀ ਬਣਾ ਕੇ ਹੀ ਕਿਉਂ ਛੱਡ ਦਿੱਤਾ ਗਿਆ। ਪਿੰਡ ਵਾਸੀ ਦੱਸਦੇ ਨੇ ਕਿ ਇਹ ਸਕੂਲ ਦਾ ਗਰਾਊਂਡ ਸੀ ਅਤੇ 50 ਲੱਖ ਤੋਂ ਵੱਧ ਰਕਮ ਇਸ ਲਈ ਗਰਾਂਟ ਵੀ ਸੀ ਪਰ ਇਸ ਉੱਪਰ ਸਹੀ ਵਰਤੋਂ ਨਹੀਂ ਕੀਤੀ ਗਈ ਜਿਸ ਕਰਕੇ ਇਹ ਪ੍ਰੋਜੈਕਟ ਅਧੂਰਾ ਰਹਿ ਗਿਆ ਅਤੇ ਅਧੂਰੇਪਣ ਨੇ ਜਿੱਥੇ ਪੈਸੇ ਦਾ ਨੁਕਸਾਨ ਕੀਤਾ ਉੱਥੇ ਇਹ ਪਹਿਲਾਂ ਵਾਲਾ ਲੱਗਿਆ ਪੈਸਾ ਵੀ ਬੇਅਰਥ ਗਿਆ ਜਾਪਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਬਹੁਤ ਅਧਿਕਾਰੀਆਂ ਕੋਲ ਗਏ ਬੜੇ ਵਾਰੀ ਗਏ ਪਰ ਕਿਸੇ ਨੇ ਵੀ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਨ ਦੀ ਹਾਮੀ ਨਹੀਂ ਭਰੀ ਤੇ ਅਖੀਰ ਇਹ ਪ੍ਰੋਜੈਕਟ ਮਿੱਟੀ ਹੁੰਦਾ ਜਾਪਦਾ ਹੈ।