ਖੇਤੀਬਾੜੀ ਮੰਤਰੀ ਦੇ ਹਲਕੇ ’ਚ ਲਿਫਟਿੰਗ ਦੀ ਰਫ਼ਤਾਰ ਸੁਸਤ
ਖੇਤੀਬਾੜੀ ਮੰਤਰੀ ਦੇ ਹਲਕੇ ’ਚ ਲਿਫਟਿੰਗ ਦੀ ਰਫ਼ਤਾਰ ਸੁਸਤ
Publish Date: Mon, 27 Apr 2026 06:57 PM (IST)
Updated Date: Mon, 27 Apr 2026 06:58 PM (IST)

ਚੇਤਨ ਭੂਰਾ, ਪੰਜਾਬੀ ਜਾਗਰਣ ਲੰਬੀ : ਪੰਜਾਬ ਭਰ ’ਚ ਕਣਕ ਦੀ ਸਰਕਾਰੀ ਖਰੀਦ ਪ੍ਰਕਿਰਿਆ 1 ਅਪ੍ਰੈਲ ਤੋਂ ਸ਼ੁਰੂ ਹੋਣ ਦੇ ਬਾਵਜੂਦ ਅਨਾਜ ਮੰਡੀਆਂ ’ਚ ਲਿਫਟਿੰਗ ਦੀ ਗੰਭੀਰ ਸਮੱਸਿਆ ਬਰਕਰਾਰ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਆਪਣੇ ਹਲਕੇ ਲੰਬੀ ਅਧੀਨ ਆਉਂਦੀ ਮਾਰਕੀਟ ਕਮੇਟੀ ਕਿੱਲਿਆਂਵਾਲੀ ਦੀਆਂ ਮੰਡੀਆਂ ’ਚ ਲਿਫਟਿੰਗ ਦੀ ਚਾਲ ਬਹੁਤ ਮੱਠੀ ਚੱਲ ਰਹੀ ਹੈ, ਜਿਸ ਕਾਰਨ ਮੰਡੀਆਂ ’ਚ ਕਣਕ ਦੀਆਂ ਬੋਰੀਆਂ ਦੇ ਵੱਡੇ-ਵੱਡੇ ਅੰਬਾਰ ਲੱਗ ਗਏ ਹਨ ਮਾਰਕੀਟ ਕਮੇਟੀ ਦੇ ਮੰਡੀ ਸੁਪਰਵਾਈਜ਼ਰ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਕਿੱਲਿਆਂਵਾਲੀ ਕਮੇਟੀ ਅਧੀਨ 23 ਅਨਾਜ ਮੰਡੀਆਂ ਅਤੇ 7 ਖਰੀਦ ਕੇਂਦਰ ਆਉਂਦੇ ਹਨ। ਹੁਣ ਤੱਕ ਮੰਡੀਆਂ ’ਚ ਕੁੱਲ 10,08,295 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 89,300 ਮੀਟ੍ਰਿਕ ਟਨ (ਕਰੀਬ 82%) ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਲਿਫਟਿੰਗ ਦੀ ਸੁਸਤ ਰਫ਼ਤਾਰ ਖਰੀਦੀ ਗਈ ਕਣਕ ਵਿੱਚੋਂ ਹੁਣ ਤੱਕ ਸਿਰਫ਼ 27,696 ਮੀਟ੍ਰਿਕ ਟਨ ਦੀ ਲਿਫਟਿੰਗ ਹੋਈ ਹੈ, ਜੋ ਕਿ ਕੁੱਲ ਖਰੀਦ ਦਾ ਮਹਿਜ਼ 30 ਪ੍ਰਤੀਸ਼ਤ ਬਣਦਾ ਹੈ। ਕਿਸਾਨਾਂ ਤੇ ਆੜ੍ਹਤੀਆਂ ਦੀਆਂ ਵਧੀਆਂ ਮੁਸ਼ਕਲਾਂ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ’ਚ ਤਿਲ ਧਰਨ ਦੀ ਵੀ ਥਾਂ ਨਹੀਂ ਬਚੀ, ਜਿਸ ਕਾਰਨ ਨਵੀਂ ਆ ਰਹੀ ਫ਼ਸਲ ਨੂੰ ਉਤਾਰਨ ’ਚ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਸ਼ੱਕ ਪ੍ਰਸ਼ਾਸਨ ਲਿਫਟਿੰਗ ’ਚ ਤੇਜ਼ੀ ਲਿਆਉਣ ਦੇ ਦਾਅਵੇ ਕਰ ਰਿਹਾ ਹੈ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਲਿਫਟਿੰਗ ਰਫ਼ਤਾਰ ਤੇਜ਼ ਕਰਨ ਦੇ ਯਤਨ ਜਾਰੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਿਫਟਿੰਗ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਉਮੀਦ ਜਤਾਈ ਕਿ ਅਗਲੇ 10 ਤੋਂ 15 ਦਿਨਾਂ ਦੇ ਅੰਦਰ ਲਿਫਟਿੰਗ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਅਤੇ ਮੰਡੀਆਂ ਨੂੰ ਜਲਦ ਖਾਲੀ ਕਰਵਾ ਲਿਆ ਜਾਵੇਗਾ।