'ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ਵਿਰੋਧੀ ਧਿਰ ਨੂੰ ਦਬਾਇਆ', ਸ਼੍ਰੋਮਣੀ ਅਕਾਲੀ ਦਲ ਦਾ ਨਗਰ ਕੌਂਸਲ ਚੋਣਾਂ 'ਚ 'ਆਪ' 'ਤੇ ਧੱਕੇਸ਼ਾਹੀ ਦਾ ਦੋਸ਼
ਰੋਜ਼ੀ ਬਰਕੰਦੀ ਨੇ ਕਿਹਾ ਕਿ ਆਪ ਨੇ ਭਾਵੇਂ ਨਗਰ ਕੌਂਸਲ ਬਣਾ ਲਈ ਹੈ, ਪਰ ਸੱਤਾਧਾਰੀ ਪਾਰਟੀ ਨੇ ਵੋਟਾਂ ਦੀ ਗਿਣਤੀ ਦੌਰਾਨ ਸਰਕਾਰੀ ਮਸ਼ੀਨਰੀ ’ਤੇ ਦਬਾਅ ਪਾ ਕੇ ਉਸਦੀ ਰੱਜ ਕੇ ਦੁਰਵਰਤੋਂ ਕੀਤੀ ਹੈ। ਉਨ੍ਹਾਂ ਆਰੋਪ ਲਗਾਇਆ ਕਿ ਜਨਤਾ ਇਸ ਵਾਰ ‘ਆਪ’ ਦੇ ਖ਼ਿਲਾਫ਼ ਸੀ, ਇਸ ਲਈ ਸਰਕਾਰ ਨੇ ਦਬਾਅ ਬਣਾ ਕੇ ਚੋਣਾਂ ਕਰਵਾਈਆਂ।
Publish Date: Sun, 31 May 2026 05:34 PM (IST)
Updated Date: Sun, 31 May 2026 05:43 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ਼ੋ੍ਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਐਤਵਾਰ ਨੂੰ ਬਠਿੰਡਾ ਰੋਡ ਬਾਈਪਾਸ ਸਥਿਤ ਪਾਰਟੀ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨਗਰ ਕੌਂਸਲ ਚੋਣਾਂ ’ਚ ਆਮ ਅੰਦਮੀ ਪਾਰਟੀ ਦੀ ਸਰਕਾਰ ’ਤੇ ਗੰਭੀਰ ਆਰੋਪ ਲਗਾਏ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵਰਕਰਾਂ ਨੂੰ ਤਿਆਰ ਰਹਿਣ ਦਾ ਸੱਦਾ ਦਿੱਤਾ।
ਰੋਜ਼ੀ ਬਰਕੰਦੀ ਨੇ ਕਿਹਾ ਕਿ ਆਪ ਨੇ ਭਾਵੇਂ ਨਗਰ ਕੌਂਸਲ ਬਣਾ ਲਈ ਹੈ, ਪਰ ਸੱਤਾਧਾਰੀ ਪਾਰਟੀ ਨੇ ਵੋਟਾਂ ਦੀ ਗਿਣਤੀ ਦੌਰਾਨ ਸਰਕਾਰੀ ਮਸ਼ੀਨਰੀ ’ਤੇ ਦਬਾਅ ਪਾ ਕੇ ਉਸਦੀ ਰੱਜ ਕੇ ਦੁਰਵਰਤੋਂ ਕੀਤੀ ਹੈ। ਉਨ੍ਹਾਂ ਆਰੋਪ ਲਗਾਇਆ ਕਿ ਜਨਤਾ ਇਸ ਵਾਰ ‘ਆਪ’ ਦੇ ਖ਼ਿਲਾਫ਼ ਸੀ, ਇਸ ਲਈ ਸਰਕਾਰ ਨੇ ਦਬਾਅ ਬਣਾ ਕੇ ਚੋਣਾਂ ਕਰਵਾਈਆਂ। ਚੋਣਾਂ ’ਚ ਹਾਰ ਦੇ ਡਰੋਂ ਪਹਿਲਾਂ ਹੀ ਵਾਰਡਾਂ ’ਚ ਫੇਰਬਦਲ ਕਰ ਦਿੱਤਾ ਗਿਆ ਸੀ।
ਸਾਬਕਾ ਵਿਧਾਇਕ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ’ਚ ਆਪ ਦੀ ਕਰਾਰੀ ਹਾਰ ਹੋਈ ਸੀ, ਜਿਸ ਕਾਰਨ ਹੋਈ ਬਦਨਾਮੀ ਨੂੰ ਛੁਪਾਉਣ ਲਈ ਹੁਣ ਨਗਰ ਕੌਂਸਲ ਚੋਣਾਂ ’ਚ ਜੰਮ ਕੇ ਧੱਕੇਸ਼ਾਹੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼ੋ੍ਮਣੀ ਅਕਾਲੀ ਦਲ ਦੇ ਚਾਰ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਬਿਨਾਂ ਕਿਸੇ ਵਜ੍ਹਾ ਦੇ ਰੱਦ ਕਰਵਾ ਦਿੱਤੇ ਗਏ, ਜਦਕਿ ਉਨ੍ਹਾਂ ਵਿੱਚੋਂ ਤਿੰਨ ਦੀ ਜਿੱਤ ਪੱਕੀ ਮੰਨੀ ਜਾ ਰਹੀ ਸੀ। ਇਸਦੇ ਬਾਵਜੂਦ ਅਕਾਲੀ ਦਲ ਦੇ ਚਾਰ ਉਮੀਦਵਾਰ ਜੇਤੂ ਰਹੇ। ਰੋਜ਼ੀ ਬਰਕੰਦੀ ਨੇ ਦਾਅਵਾ ਕੀਤਾ ਕਿ ਨਗਰ ਕੌਂਸਲ ਚੋਣਾਂ ’ਚ ਸ਼ੋ੍ਮਣੀ ਅਕਾਲੀ ਦਲ ਦਾ ਪ੍ਰਦਰਸ਼ਨ ਹੋਰ ਵਿਰੋਧੀ ਪਾਰਟੀਆਂ ਦੇ ਮੁਕਾਬਲੇ ਬਹੁਤ ਸ਼ਾਨਦਾਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਨਤਾ ਹੁਣ ਆਪ ਸਰਕਾਰ ਦੀ ਕਾਰਜਸ਼ੈਲੀ ਤੋਂ ਦੁਖੀ ਹੋ ਚੁੱਕੀ ਹੈ ਅਤੇ ਬਦਲਾਅ ਚਾਹੁੰਦੀ ਹੈ। ਉਨ੍ਹਾਂ ਵਰਕਰਾਂ ਨੂੰ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਹੁਣ ਕੁਝ ਹੀ ਮਹੀਨੇ ਬਾਕੀ ਹਨ, ਇਸ ਲਈ ਹੁਣੇ ਤੋਂ ਹੀ ਡਟ ਕੇ ਤਿਆਰੀ ਸ਼ੁਰੂ ਕਰ ਦਿੱਤੀ ਜਾਵੇ। ਪਾਰਟੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸਰਕਾਰ ਦੀਆਂ ਨਾਕਾਮੀਆਂ ਤੋਂ ਜਾਣੂ ਕਰਵਾਏਗੀ।
ਇਸ ਮੌਕੇ ਜੇਤੂ ਕੌਂਸਲਰ ਹਰਪਾਲ ਸਿੰਘ ਬੇਦੀ, ਵੰਦਨਾ ਸ਼ਰਮਾ, ਟੀਨੂੰ ਸੋਢੀ, ਗਗਨਦੀਪ ਸਿੰਘ ਤੋਂ ਇਲਾਵਾ ਪਵਨ ਸ਼ਰਮਾ, ਜਗਤਾਰ ਸਿੰਘ ਪੱਪੀ, ਮਨਜੀਤ ਸਿੰਘ ਫੱਤਣਵਾਲਾ, ਬਿੰਦਰ ਗੋਨਿਆਣਾ, ਛਿੰਦੂ ਕੇਬਲ ਵਾਲਾ, ਜਗਦੀਸ਼ ਕੁਮਾਰ, ਸਿਕੰਦਰ, ਬਿੰਦਰ ਸਿੰਘ, ਹਰਮੀਤ ਸੱਕਾਂਵਾਲੀ, ਰਣਜੀਤ ਸਿੰਘ, ਕੇਐਲ ਮਹਿੰਦਰਾ ਸਮੇਤ ਕਈ ਹੋਰ ਵਰਕਰ ਤੇ ਆਗੂ ਹਾਜ਼ਰ ਸਨ।