ਡੀਸੀ ਦਫਤਰ ਮੋਗਾ ਅੱਗੇ ਧਰਨੇ ’ਚ ਸ਼ਮੂਲੀਅਤ ਦਾ ਕੀਤਾ ਐਲਾਨ
ਕਿਰਤੀ ਕਿਸਾਨ ਯੂਨੀਅਨ ਬਲਾਕ
Publish Date: Thu, 28 May 2026 04:09 PM (IST)
Updated Date: Fri, 29 May 2026 04:02 AM (IST)

ਕਿਰਤੀ ਕਿਸਾਨ ਯੂਨੀਅਨ ਬਲਾਕ ਨਿਹਾਲ ਸਿੰਘ ਵਾਲਾ ਦੀ ਮੀਟਿੰਗ ਹੋਈ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਕਿਰਤੀ ਕਿਸਾਨ ਯੂਨੀਅਨ ਬਲਾਕ ਨਿਹਾਲ ਸਿੰਘ ਵਾਲਾ ਦੀ ਅਹਿਮ ਮੀਟਿੰਗ ਪਿੰਡ ਲੋਪੋਂ ਵਿਖੇ ਬਲਾਕ ਪ੍ਰਧਾਨ ਬੇਅੰਤ ਸਿੰਘ ਮੱਲੇਆਣਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਸੂਬਾ ਆਗੂ ਅਤੇ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇ ਖ਼ੁਰਦ ਤੇ ਜ਼ਿਲ੍ਹਾ ਮੀਤ ਪ੍ਰਧਾਨ ਨਾਜ਼ਰ ਸਿੰਘ ਖਾਈ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਦੇਸ਼ ਵਿਚ ਮਹਿੰਗਾਈ ਦੀ ਮਾਰ ਨਾਲ ਲੋਕਾਂ ਦੇ ਘਰੇਲੂ ਜੀਵਨ ਤਹਿਸ-ਨਹਿਸ ਹੋ ਗਿਆ ਹੈ। ਆਗੂਆਂ ਨੇ ਕਿਹਾ ਕਿ ਲਗਾਤਾਰ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਤੋਂ ਹਰ ਵਰਗ ਪ੍ਰਸ਼ਾਨ ਹੈ ਅਤੇ ਇੰਟਰਨੈਸ਼ਨਲ ਪੱਧਰ ’ਤੇ ਰੁਪਿਆ ਮੂਧੇ-ਮੂੰਹ ਗਿਰ ਗਿਆ ਹੈ। ਦੇਸ਼ ਵਿਚ ਹਰ ਪਾਸੇ ਮਹਿੰਗਾਈ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਹੈ। ਦੂਜੇ ਪਾਸੇ ਕਿਸਾਨਾਂ ਨੂੰ ਯੂਰੀਆਂ ਅਤੇ ਡੇਏਪੀ ਖ਼ਾਦ ਦੀ ਵੱਡੀ ਪੱਧਰ ’ਤੇ ਕਿੱਲਤ ਕਾਰਨ ਅੱਜ ਖੇਤੀ ਵੀ ਖ਼ਤਰੇ ਵਿਚ ਹੈ। ਉਨ੍ਹਾਂ ਕਿਹਾ ਦੇਸ਼ ਦੀ ਇਸ ਹਾਲਤ ਦੀ ਜ਼ਿੰਮੇਵਾਰ ਕੇਂਦਰ ਦੀ ਭਾਜਪਾ ਸਰਕਾਰ ਹੈ। ਅੱਜ ਮੋਦੀ ਸਰਕਾਰ ਨੇ ਦੇਸ਼ ਦੀ ਉੱਨਤੀ ਵੱਲ੍ਹ ਧਿਆਨ ਦੇਣ ਦੀ ਥਾਂ ਕਾਰਪੋਰੇਟ ਦੇ ਉੱਨਤੀ ਵੱਲ੍ਹ ਵੱਧ ਧਿਆਨ ਦਿੱਤਾ ਹੈ। ਅੱਜ ਕੇਂਦਰ ਦੀ ਮੋਦੀ ਸਰਕਾਰ ਅਮਰੀਕਨ ਸਾਮਰਾਜ ਦੇ ਹੇਠ ਲੱਗ ਚੁੱਕੀ ਹੈ। ਜਿੱਥੋਂ ਟਰੰਪ ਤਹਿ ਕਰਦਾ ਸਾਡਾ ਦੇਸ਼ ਉੱਥੋਂ ਹੀ ਤੇਲ ਖ਼ਰੀਦਦਾ ਹੈ। ਸਾਡੇ ਦੇਸ਼ ਨੂੰ ਅਮਰੀਕਨ ਸਾਮਰਾਜ ਚੱਲਾ ਰਿਹਾ ਹੈ। ਇਸੇ ਕਰਕੇ ਅੱਜ ਦੇਸ਼ ਦੀ ਹਾਲਤ ਦਿਵਾਲੀਆ ਹੋਣ ਕਿਨਾਰੇ ਹੈ। ਉਨ੍ਹਾਂ ਦੱਸਿਆ ਇਸ ਮਹਿੰਗਾਈ ਦੀ ਮਾਰ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 2 ਜੂਨ ਨੂੰ ਡੀਸੀ ਦਫ਼ਤਰ ਮੋਗਾ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਧਰਨੇ, ਪ੍ਰਦਰਸ਼ਨ ਵਿਚ ਬਲਾਕ ਵੱਲੋਂ ਵੱਡੀ ਪੱਧਰ ’ਤੇ ਸ਼ਮੂਲੀਅਤ ਕੀਤੀ ਜਾਵੇਗੀ। ਇਸ ਦੌਰਾਨ ਬਲਾਕ ਪ੍ਰਧਾਨ ਬੇਅੰਤ ਸਿੰਘ ਮੱਲੇਆਣਾ, ਬਲਾਕ ਸਕੱਤਰ ਅਵਤਾਰ ਸਿੰਘ ਖਾਈ, ਬਲਾਕ ਖਜ਼ਾਨਚੀ ਬਲਕਰਨ ਸਿੰਘ ਮੱਲੇਅਆਣਾ, ਬਲਾਕ ਮੀਤ ਪ੍ਰਧਾਨ ਬਲਦੇਵ ਸਿੰਘ ਭੰਗੂ ਬੱਧਨੀ ਕਲਾਂ, ਬਲਾਕ ਮੀਤ ਪ੍ਰਧਾਨ ਬਲਦੇਵ ਸਿੰਘ ਲੋਪੋਂ ਤੇ ਬਲਾਕ ਪ੍ਰੈੱਸ ਸਕੱਤਰ ਨਛੱਤਰ ਸਿੰਘ ਦੌਧਰ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਬਲਾਕ ਨਿਹਾਲ ਸਿੰਘ ਵਾਲਾ ਪਿੰਡਾਂ ’ਚ ਪਿਛਲੇ ਦਿਨਾਂ ਦੌਰਾਨ ਬੇ-ਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਫ਼ਸਲ ਤਬਾਹ ਹੋ ਗਈਆਂ ਸਨ। ਇਸ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਜਲਦ ਤੋਂ ਜਲਦ ਗਿਰਦਾਵਰੀ ਕਰਕੇ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਉਨ੍ਹਾਂ ਦੇ ਖਾਤਿਆਂ ਵਿਚ ਪਾਇਆ ਜਾਵੇ। ਉਨ੍ਹਾਂ ਜੇਕਰ ਪੰਜਾਬ ਸਰਕਾਰ ਨੇ ਗੜੇਮਾਰੀ ਦੇ ਮੁਆਵਜ਼ਾ ਦੇਣ ਵਿਚ ਆਨਾ-ਕਾਨੀ ਕੀਤਾ ਤਾਂ ਕਿਰਤੀ ਕਿਸਾਨ ਯੂਨੀਅਨ ਵੱਲੋਂ 5 ਜੂਨ ਨੂੰ ਐੱਸਡੀਐੱਮ ਦਫ਼ਤਰ ਨਿਹਾਲ ਸਿੰਘ ਵਾਲਾ ਅੱਗੇ ਧਰਨਾ ਲਗਾਇਆ ਜਾਵੇਗਾ। ਇਸ ਮੀਟਿੰਗ ਵਿਚ ਬਲਾਕ ਆਗੂ ਛਿੰਦਰ ਸਿੰਘ ਮੱਲੇਆਣਾ, ਬਲਜਿੰਦਰ ਸਿੰਘ ਮਾਛੀਕੇ, ਚਮਕੌਰ ਸਿੰਘ ਲੋਪੋਂ ਅਤੇ ਜਗਦੀਪ ਸਿੰਘ ਦੌਧਰ ਫੋਰਮੈਨ ਹਾਜ਼ਰ ਸਨ।