ਹਲਕਾ ਨਿਹਾਲ ਸਿੰਘ ਵਾਲਾ ਦੇ
- ਸਾਜ਼ਿਸ਼ ਤਹਿਤ ਪਿੰਡ ਦੇ ਵਿਕਾਸ ਕਾਰਜਾਂ ਨੂੰ ਰੋਕਣ ਲਈ ਵਿਰੋਧੀਆਂ ਦੀ ਕੋਸ਼ਿਸ਼ : ਸਰਪੰਚ
- ਪਿੰਡ ਵਾਸੀਆਂ ਨੇ ਸਰਪੰਚ ਨਾਲ ਡਟ ਕੇ ਖੜਨ ਦਾ ਦਿੱਤਾ ਭਰੋਸਾ
ਅਵਤਾਰ ਸਿੰਘ, ਪੰਜਾਬੀ ਜਾਗਰਣ
ਅਜੀਤਵਾਲ : ਹਲਕਾ ਨਿਹਾਲ ਸਿੰਘ ਵਾਲਾ ਦੇ ਅਖੀਰਲੇ ਅਤੇ ਵੱਡੇ ਪਿੰਡ ਕੋਕਰੀ ਕਲਾਂ ਵਿਖੇ ਬੀਤੇ ਦਿਨੀਂ ਹੋਏ ਲੜਾਈ-ਝਗੜੇ ਦੌਰਾਨ ਕੁਝ ਵਿਅਕਤੀਆਂ ਵੱਲੋਂ ਪਿੰਡ ਦੇ ਮੌਜੂਦਾ ਸਰਪੰਚ ਜਗਤਾਰ ਸਿੰਘ ਦੀ ਪੱਗ ਉਤਾਰ ਕੇ ਉਸ ਦੇ ਕੇਸਾਂ ਨੂੰ ਹੱਥ ਪਾਉਣ ’ਤੇ ਸਥਿਤੀ ਤਣਾਅ ਪੂਰਨ ਬਣੀ ਹੋਈ ਹੈ। ਵਿਰੋਧ ’ਚ ਥਾਣਾ ਅਜੀਤਵਾਲ ਦੇ ਸਾਹਮਣੇ ਮੌਜੂਦਾ ਸਰਪੰਚ ਜਗਤਾਰ ਸਿੰਘ ਦੇ ਹੱਕ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਕਾਮਰੇਡ ਨਿਰਭੈ ਸਿੰਘ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਤਾਂ ਸਰਪੰਚ ਦੀ ਕੁੱਟਮਾਰ ਕਰਨ, ਦਸਤਾਰ ਉਤਾਰਨ ਅਤੇ ਦਾੜੀ ਪੁੱਟ ਕੇ ਪਿੰਡ ਵਿਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਦੂਸਰਾ ਹੁਣ ਥਾਣਾ ਅਜੀਤਵਾਲ ਦੀ ਪੁਲਿਸ ਵੱਲੋਂ ਉਲਟਾ ਸਰਪੰਚ, ਉਸ ਦੇ ਲੜਕੇ ਅਤੇ ਹੋਰਨਾਂ ਖ਼ਿਲਾਫ਼ ਹੀ ਘਰ ਵਿਚ ਦਾਖਲ ਹੋਣ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦਕਿ ਸੱਚਾਈ ਇਸ ਦੇ ਬਿਲਕੁਲ ਉਲਟ ਹੈ, ਕਿਉਂਕਿ ਲੜਾਈ ਮੇਨ ਅੱਡੇ ਵਿਚ ਹੋਈ ਸੀ ਅਤੇ ਪੁਲਿਸ ਵੱਲੋਂ ਇਸ ਮਾਮਲੇ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਜਿਸ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਅਤੇ ਜੇਕਰ ਆਉਣ ਵਾਲੇ ਸਮੇਂ ਵਿਚ ਪੁਲਿਸ ਵੱਲੋਂ ਗਲਤ ਦਰਜ ਕੀਤੇ ਗਏ ਮੁਕੱਦਮੇ ਨੂੰ ਖਾਰਜ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਮੌਜੂਦਾ ਸਰਪੰਚ ਨੇ ਕਿਹਾ ਕਿ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਵਿਕਾਸ ਕਾਰਜਾਂ ਨੂੰ ਰੋਕਣ ਲਈ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਦੀ ਕੋਈ ਵੱਸ ਚੱਲਣ ’ਤੇ ਹੁਣ ਉਸ ਨਾਲ ਮੇਨ ਅੱਡੇ ਵਿਚ ਲੜਾਈ-ਝਗੜਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੀ ਦਸਤਾਰ ਉਤਾਰਨ ਉਪਰੰਤ ਉਨ੍ਹਾਂ ਦੇ ਕੇਸਾਂ ਨੂੰ ਵੀ ਹੱਥ ਪਾਇਆ ਗਿਆ ਸੀ। ਮੌਕੇ ’ਤੇ ਇਕੱਠ ਹੋਣ ’ਤੇ ਉਨ੍ਹਾਂ ਦਾ ਘਰ ਦੂਸਰੇ ਵਿਅਕਤੀਆਂ ਤੋਂ ਅੱਗੇ ਹੋਣ ਕਰ ਕੇ ਜਦੋਂ ਉਹ ਉੱਥੋਂ ਲੰਘਣ ਲੱਗਾ ਤਾਂ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਪੁਲਿਸ ਵੱਲੋਂ ਵੀ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਕੀਤੀ ਗਈ ਅਤੇ ਉਲਟਾ ਉਸ, ਉਸ ਦੇ ਲੜਕੇ ਅਤੇ ਉਸ ਦੀਆਂ ਦੋ ਸਾਥੀਆਂ ’ਤੇ ਹੀ ਮੁਕੱਦਮਾ ਦਰਜ ਕਰ ਦਿੱਤਾ ਗਿਆ। ਜੋ ਕਿ ਪੁਲਿਸ ਵੱਲੋਂ ਸਾਡੇ ਨਾਲ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਥਾਣਾ ਅਜੀਤਵਾਲ ਦੇ ਮੁਖੀ ਲਛਮਣ ਸਿੰਘ ਨਾਲ ਮਿਲ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਥਾਣਾ ਅਜੀਤਵਾਲ ਦੇ ਮੁਖੀ ਥਾਣਾ ਵਿਚ ਮੌਜੂਦ ਨਾ ਹੋਣ ਕਰ ਕੇ ਉਨ੍ਹਾਂ ਨੂੰ ਕੋਈ ਤਸੱਲੀ ਬਖਸ਼ ਜਵਾਬ ਨਾ ਮਿਲਿਆ। ਉਧਰ ਜਦੋਂ ਇਸ ਮਾਮਲੇ ਸਬੰਧੀ ਥਾਣਾ ਅਜੀਤਵਾਲ ਦੇ ਮੁੱਖੀ ਲਛਮਣ ਸਿੰਘ ਨਾਲ ਫੋਨ ’ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਬੰਧਿਤ ਧਿਰ ਦੀ ਦਰਖਾਸਤ ਪ੍ਰਾਪਤ ਹੋਣ ’ਤੇ ਅਸੀਂ ਸਾਰੇ ਮਾਮਲੇ ਦੀ ਪੜਤਾਲ ਮੁੜ ਤੋਂ ਕਰਾਂਗੇ ਅਤੇ ਸਰਪੰਚ ਨਾਲ ਹੋਈ ਧੱਕੇਸ਼ਾਹੀ ਦਾ ਇਨਸਾਫ਼ ਸਰਪੰਚ ਨੂੰ ਦਿਵਾਇਆ ਜਾਵੇਗਾ। ਇਸ ਸਮੇਂ ਹਰਜੀਤ ਸਿੰਘ, ਡਾ. ਇੰਦਰਜੀਤ ਸਿੰਘ ਪੱਪੂ, ਰੇਸ਼ਮ ਸਿੰਘ, ਸਾਬਕਾ ਪੰਚ ਜਸਵਿੰਦਰ ਸਿੰਘ, ਸਾਬਕਾ ਪੰਚ ਜੱਗਾ ਸਿੰਘ, ਜੱਗਾ ਸਿੰਘ ਡੀਪੂ ਵਾਲਾ, ਮੈਂਬਰ ਕੇਵਲ ਸਿੰਘ, ਮੈਂਬਰ ਪੱਪੂ ਸਿੰਘ ਮੈਂਬਰ, ਸਤਨਾਮ ਸਿੰਘ, ਲੱਡੂ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।