ਰਾਜਾ ਟੋਡਰਮੱਲ ਦੀ ਜੈਅੰਤੀ ਖੱਤਰੀ ਸਭਾ ਨੇ ਮਨਾਈ
ਖੱਤਰੀ ਬਿਰਾਦਰੀ ਦੇ ਟੰਡਨ ਖੱਤਰੀ
Publish Date: Tue, 10 Feb 2026 04:49 PM (IST)
Updated Date: Wed, 11 Feb 2026 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਖੱਤਰੀ ਬਿਰਾਦਰੀ ਦੇ ਟੰਡਨ ਖੱਤਰੀ ਕੁੱਲ ਵਿਚ ਜਨਮੇ ਰੈਵਨਿਊ ਵਿਵਸਥਾ ਦੇ ਜਨਮਦਾਤਾ ਰਾਜਾ ਟੋਡਰਮੱਲ ਦੀ 526ਵੀਂ ਜੈਅੰਤੀ ਖੱਤਰੀ ਸਭਾ ਨੇ ਅੱਜ ਇੱਥੇ ਖੱਤਰੀ ਭਵਨ ਦੇ ਮੀਟਿੰਗ ਹਾਲ ਵਿਚ ਖੱਤਰੀ ਸਭਾ ਚੇਅਰਮੈਨ ਵਿਜੇ ਧੀਰ ਐਡਵੋਕੇਟ ਅਤੇ ਪ੍ਰਧਾਨ ਡਾ. ਐੱਮਐੱਲ ਜੈਦਕਾ ਦੀ ਅਗਵਾਈ ਵਿਚ ਸ਼ਰਧਾਪੂਰਵਕ ਮਨਾਈ। ਇਸ ਮੌਕੇ ਮਹਾਨ ਸ਼ਖ਼ਸੀਅਤ ਰਾਜਾ ਟੋਡਰਮੱਲ ਦੀ ਫ਼ੋਟੋ ’ਤੇ ਮੈਂਬਰਾਂ ਨੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਅਤੇ ਸਨਮਾਨਪੂਰਵਕ ਨਤਮਸਤਿਕ ਹੋਏ। ਇਸ ਮੌਕੇ ਚੇਅਰਮੈਨ ਵਿਜੇ ਧੀਰ ਐਡਵੋਕੇਟ ਅਤੇ ਪ੍ਰਧਾਨ ਡਾ. ਐੱਮਐੱਲ ਜੈਦਕਾ ਨੇ ਰਾਜਾ ਟੋਡਰਮੱਲ ਦੇ ਜੀਵਨ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਾ ਟੋਡਰਮੱਲ ਨੇ ਸੰਨ 1572 ਵਿਚ ਰੈਵੀਨਿਊ ਵਿਵਸਥਾ ਨੂੰ ਜਨਮ ਦਿੱਤਾ ਜਿਸ ਰੈਵੀਨਿਊ ਵਿਵਸਥਾ ਕਾਰਨ ਸਾਡਾ ਰੈਵੀਨਿਊ ਸਿਸਟਮ ਅੱਜ ਤਕ ਸਫ਼ਲਤਾਪੂਰਵਕ ਚੱਲ ਰਿਹਾ ਹੈ। ਧੀਰ ਅਤੇ ਜੈਦਕਾ ਨੇ ਜਾਣਕਾਰੀ ਦਿੱਤੀ ਕਿ ਰਾਜਾ ਟੋਡਰ ਮੱਲ ਵੱਲੋਂ ਸਥਾਪਿਤ ਕੀਤੀ ਰੈਵੀਨਿਊ ਵਿਵਸਥਾ ਵਿਚ ਭੂਮੀ ਬੰਦੋਬਸਤ, ਭੂਮੀ ਪੈਮਾਇਸ਼, ਭੂਮੀ ਨਿਸ਼ਾਣ ਦੇਹੀ, ਚੱਕਬੰਦੀ, ਖਸਰਾ ਨੰਬਰ, ਖਤੌਨੀ ਅਤੇ ਰਾਜਕੋਸ਼ ਸ਼ਾਮਿਲ ਹੈ। ਧੀਰ ਅਤੇ ਜੈਤਕਾ ਨੇ ਦੱਸਿਆ ਕਿ ਰਾਜਾ ਟੋਡਰਮਲ ਦਾ ਜਨਮ ਸੰਨ 1500 ਵਿਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸੀਤਾਪੁਰ ਦੇ ਸ਼ਹਿਰ ਲਹਿਰਪੁਰ ਵਿਚ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਸ਼ਹਿਰ ਲਹਿਰਪੁਰ ਵਿਚ ਰਾਜਾ ਟੋਡਰਮੱਲ ਦੇ ਨਾਮ ’ਤੇ ਰਾਜਾ ਟੋਡਰਮੱਲ ਪਾਰਕ ਬਣਿਆ ਹੋਇਆ ਹੈ ਅਤੇ ਰਾਜਾ ਟੋਡਰਮੱਲ ਦੀ ਮੂਰਤੀ ਬਣੀ ਹੋਈ ਹੈ । ਜਿਸ ਦਾ ਪ੍ਰਬੰਧਨ ਅਖਿਲ ਭਾਰਤੀ ਖੱਤਰੀ ਮਹਾਂਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਰਾਜਾ ਟੋਡਰਮੱਲ ਸਮਾਰਕ ਸਮਿਤੀ ਦੇ ਪ੍ਰਧਾਨ ਸੰਜੇ ਪੁਰੀ ਦੀ ਅਗਵਾਈ ਵਿਚ ਕੀਤਾ ਜਾਂਦਾ ਹੈ। ਇਸ ਮੌਕੇ ਖੱਤਰੀ ਸਭਾ ਨੇ ਪੰਜਾਬ ਸਰਕਾਰ ਤੋਂ ਰੈਵਨਿਊ ਵਿਵਸਥਾ ਦੀ ਉੱਚ ਸਿੱਖਿਆ ਲਈ ਪੰਜਾਬ ਵਿਚ ਰਾਜਾ ਟੋਡਰਮੱਲ ਦੇ ਨਾਮ ’ਤੇ ਰਾਜਾ ਟੋਡਰਮੱਲ ਰੈਵੀਨਿਊ ਯੂਨੀਵਰਸਿਟੀ ਸਥਾਪਿਤ ਕਰਨ ਦੀ ਮੰਗ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਰੋਤਮ ਪੁਰੀ, ਜ਼ਿਲ੍ਹਾ ਜਨਰਲ ਸਕੱਤਰ ਵਿਕਾਸ ਕਪੂਰ, ਖੱਤਰੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਨਿਸ਼ੀ ਰਕੇਸ਼ ਵਿੱਜ, ਖੱਤਰੀ ਮੈਰਿਜ ਬਿਊਰੋ ਦੇ ਕਨਵੀਨਰ ਸੁਸ਼ੀਲ ਸਿਆਲ, ਯੁਵਾ ਖੱਤਰੀ ਸਭਾ ਦੇ ਚੇਅਰਮੈਨ ਜਗਜੀਵ ਧੀਰ, ਪ੍ਰਚਾਰ ਸਕੱਤਰ ਰਾਕੇਸ਼ ਸਿਤਾਰਾ ਬਰਾਂਡ ਅੰਬੈਸਡਰ, ਸਕੱਤਰ ਸੰਜੀਵ ਕੌੜਾ ਜੀਐੱਸਟੀ, ਵਿੱਤ ਸਕੱਤਰ ਸਰਬਜੀਤ ਮੈਂਗੀ, ਮੁੱਖ ਸਲਾਹਕਾਰ ਸੁਮਨ ਕਾਂਤ ਵਿੱਜ, ਸਲਾਹਕਾਰ ਸ਼ਿਵ ਟੰਡਨ, ਸਲਾਹਕਾਰ ਜੀਵਨ ਕੌੜਾ ਅਤੇ ਪ੍ਰਿਤਪਾਲ ਸਿੰਘ ਹਾਜ਼ਰ ਸਨ।