ਨੌਜਵਾਨਾਂ ’ਚ ਨਸ਼ਿਆਂ ਦਾ ਵਧ ਰਿਹਾ ਰੁਝਾਨ ਚਿੰਤਾਜਨਕ
ਨੌਜਵਾਨਾਂ ’ਚ ਨਸ਼ਿਆਂ ਦਾ ਵਧ ਰਿਹਾ ਰੁਝਾਨ ਚਿੰਤਾਜਨਕ
Publish Date: Mon, 31 Mar 2025 05:53 PM (IST)
Updated Date: Mon, 31 Mar 2025 05:58 PM (IST)
ਨੌਜਵਾਨਾਂ ’ਚ ਨਸ਼ਿਆਂ ਦਾ ਵਧ ਰਿਹਾ ਰੁਝਾਨ ਚਿੰਤਾਜਨਕ
ਸਵਰਨ ਨਿਆਮੀਵਾਲਾ, ਪੰਜਾਬੀ ਜਾਗਰਣ, ਬਾਜਾਖਾਨਾ : ਅੱਜ ਸਾਡੇ ਦੇਸ਼ ’ਚ ਨਸ਼ਿਆਂ ਪ੍ਰਤੀ ਨੌਜਵਾਨਾਂ ਦਾ ਰੁਝਾਨ ਜਿਸ ਤਰ੍ਹਾਂ ਵਧ ਰਿਹਾ ਹੈ ਇਹ ਸਚਮੁੱਚ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ, ਉਹ ਨੌਜਵਾਨ ਪੀੜ੍ਹੀ ਜਿਸ ਨੂੰ ਅਸੀਂ ਆਪਣੇ ਦੇਸ਼ ਦੀ ਸ਼ਕਤੀ ਤੇ ਸੁਨਹਿਰਾ ਭਵਿੱਖ ਮੰਨਦੇ ਹਾਂ ਪਰ ਉਹ ਨਸ਼ਿਆਂ ਦੀ ਦਲਦਲ ਵਿੱਚ ਧੱਸਦੇ ਹੀ ਜਾ ਰਹੇ ਹਨ। ਨਸ਼ਾਖੋਰੀ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ, ਇਹ ਉਹ ਸਮਾਜਿਕ ਬੁਰਾਈ ਅਤੇ ਗੰਭੀਰ ਸਮੱਸਿਆ ਹੈ ਜਿਸ ਨਾਲ ਨਿੱਜੀ, ਪਰਿਵਾਰਕ, ਸਮਾਜਿਕ ਅਤੇ ਹੋਰ ਕਈ ਸੰਸਥਾਵਾਂ ਪ੍ਰਭਾਵਿਤ ਹਨ। ਨਸ਼ੇ ਦੀ ਸ਼ੁਰੂਆਤ ਭਾਵੇਂ ਨਕਲ, ਸ਼ੌਂਕ ਜਾਂ ਫੁਕਰਾਪਣ ਵਿੱਚ ਕੀਤੀ ਜਾਂਦੀ ਹੈ ਪਰ ਬਾਅਦ ਵਿੱਚ ਇਹ ਆਦਤ ਬਣ ਜਾਂਦੀ ਹੈ ਅਤੇ ਉਸ ਵਕਤ ਲੱਗੀ ਨਸ਼ੇ ਦੀ ਲੱਤ ਅੱਖਾਂ ਅੱਗੇ ਹਨੇਰਾ ਕਰ ਦਿੰਦੀ ਹੈ, ਜਦੋਂ ਨਸ਼ੇ ਦੀ ਪੂਰਤੀ ਨਹੀਂ ਹੁੰਦੀ ਤਾਂ ਨੌਜਵਾਨ ਅਤੇ ਕਿਸ਼ੋਰ ਬੇਖੌਫ ਚੋਰੀ, ਡਾਕਾ ਅਤੇ ਲੁੱਟਾਂ-ਖੋਹਾਂ ਦਾ ਰਸਤਾ ਅਖਤਿਆਰ ਕਰ ਲੈਂਦੇ ਹਨ। ਨਸ਼ਿਆਂ ਨੇ ਕਈ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ, ਅਨੇਕਾਂ ਘਰਾਂ ਦੇ ਚੁੱਲ੍ਹੇ ਠੰਢੇ ਕਰ ਛੱਡੇ ਹਨ। ਨਸ਼ੇ ਖ਼ਤਮ ਕਰਨ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ : ਗੁਰਮੇਜ ਸੰਧੂ ਬਰਗਾੜੀ ਪੁਲਿਸ ਚੌਕੀ ਦੇ ਇੰਚਾਰਜ ਏ.ਐਸ.ਆਈ ਗੁਰਮੇਜ ਸਿੰਘ ਸੰਧੂ ਨੇ ਪਿੰਡਾ ਦੀਆ ਗ੍ਰਾਮ ਪੰਚਾਇਤਾ ਅਤੇ ਨੌਜਵਾਨ ਕਲੱਬਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੇ ਸੁਦਾਗਰਾਂ ਨੂੰ ਫੜਨ ਲਈ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ ਤਾਂ ਜੋ ਆਪਣੇ ਇਲਾਕੇ ਦੇ ਪਿੰਡਾ ਨੂੰ ਨਸ਼ਾ ਮੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿਚੋਂ ਅਨਾਉਸਮੈਂਟਾ ਕਰਵਾਈਆਂ ਜਾਣ ਤਾਂ ਕਿ ਜੋ ਵੀ ਵਿਅਕਤੀ ਨਸ਼ਾ ਵੇਚਦਾ ਹੈ ਉਹ ਵਿਅਕਤੀ ਨਸ਼ਾ ਵੇਚਣਾ ਬੰਦ ਕਰ ਦੇਵੇ ਨਹੀ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅੰਤ ਵਿਚ ਉਨ੍ਹਾ ਕਿਹਾ ਕਿ ਜੇਕਰ ਕੋਈ ਨਸ਼ਾ ਵੇਚਣ ਵਾਲੇ ਵਿਅਕਤੀ ਸਬੰਧੀ ਪੁਲਿਸ ਨੂੰ ਸੂਚਨਾ ਦੇਵੇਗਾ ਉਸ ਦਾ ਨਾਮ ਗੁੱਪਤ ਰੱਖਿਆ ਜਾਵੇਗਾ। ਨਸ਼ੇ ਦੇ ਸ਼ਿਕਾਰ ਨੂੰ ਪਿਆਰ ਨਾਲ ਸਮਝਾਉਣ ਦੀ ਲੋੜ : ਸਰਪੰਚ ਅੰਮ੍ਰਿਤਪਾਲ ਸਿੰਘ ਨਸ਼ਾ ਇੱਕ ਮਾਨਸਿਕ ਬਿਮਾਰੀ ਹੈ। ਚਿੱਟੇ ਵਰਗੇ ਨਸ਼ੇ ਇਨਸਾਨ ਨੂੰ ਅੰਦਰੋ-ਅੰਦਰੀ ਖੋਖਲਾ ਕਰ ਦਿੰਦੇ ਹਨ। ਬੇਰੁਜ਼ਗਾਰੀ ਖ਼ਾਸਕਰ ਪੜ੍ਹ ਲਿਖ ਕੇ ਇਨਸਾਨ ਨੂੰ ਨੌਕਰੀ ਨਾ ਮਿਲਣਾ, ਮਾੜੀ ਸੰਗਤ, ਘਰੇਲੂ ਕਲੇਸ਼, ਮਾਂ ਬਾਪ ਦਾ ਬੱਚੇ ਵੱਲ ਧਿਆਨ ਨਾ ਦੇਣਾ ਅਤੇ ਕਈ ਵਾਰ ਬੱਚੇ ਕੋਲ ਪੈਸਿਆਂ ਦੀ ਬਹੁਤਾਤ ਵੀ ਉਸ ਦੇ ਨਸ਼ੇ ਵਿਚ ਫਸਣ ਦਾ ਕਾਰਨ ਬਣਦੀ ਹੈ। ਨਸ਼ੇ ਛੱਡ ਖੇਡਾਂ ਵੱਲ ਧਿਆਨ ਦੇਣ ਨੌਜਵਾਨ : ਸਤਨਾਮ ਸਿੰਘ ਸਿੱਧੂ ਸਮਾਜ ਸੇਵੀ ਡਾ. ਸਤਨਾਮ ਸਿੰਘ ਸਿੱਧੂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਖੇਡਾਂ ਸਾਨੂੰ ਆਪਸੀ ਪਿਆਰ ਤੇ ਸਰੀਰਕ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ, ਜਦੋਂ ਕਿ ਨਸ਼ਾ ਸਰੀਰ ਨੂੰ ਖਾਂਦਾ ਹੈ ਤੇ ਇਨਸਾਨ ਵਿਚ ਸਮਾਜਕ ਬੁਰਾਈਆਂ ਪੈਦਾ ਕਰਦਾ ਹੈ। ਨਸ਼ਾ ਇਨਸਾਨ ਨੂੰ ਘੁਣ ਵਾਂਗ ਖਾ ਕੇ ਜਲਦੀ ਹੀ ਮੌਤ ਕਿਨਾਰੇ ਲੈ ਜਾਂਦਾ ਹੈ। ਇਸ ਲਈ ਨੌਜਵਾਨ ਪੀੜ੍ਹੀ ਨੂੰ ਨਸ਼ੇ ਤਿਆਗਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਨਸ਼ਿਆਂ ਦੀ ਦਲ-ਦਲ ਵਿਚੋਂ ਨਿਕਲ ਕੇ ਖੇਡਾਂ ਵੱਲ ਧਿਆਨ ਦੇਣ, ਜਿੱਥੇ ਖੇਡਾਂ ਵਿਚ ਰੋਜ਼ਗਾਰ ਦੇ ਮੌਕੇ ਵੀ ਜ਼ਿਆਦਾ ਹਨ ਅਤੇ ਨਾਲ ਹੀ ਸਰੀਰਿਕ ਪੱਖੋਂ ਮਨੁੱਖ ਤੰਦੁਰਸਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਖਿਡਾਰੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕਈ ਠੋਸ ਉਪਰਾਲੇ ਕਰ ਰਹੀ ਹੈ।