ਸ੍ਰੀ ਮੁਕਤਸਰ ਸਾਹਿਬ 'ਚ ਸਫ਼ਾਈ ਵਿਵਸਥਾ ਦਾ ਨਿਕਲਿਆ ਜਨਾਜ਼ਾ
ਸ੍ਰੀ ਮੁਕਤਸਰ ਸਾਹਿਬ 'ਚ ਸਫ਼ਾਈ ਵਿਵਸਥਾ ਦਾ ਨਿਕਲਿਆ ਜਨਾਜ਼ਾ, ਦੋ ਹਫ਼ਤਿਆਂ ਤੋਂ ਸ਼ਹਿਰ ਬਣਿਆ ਨਰਕ
Publish Date: Wed, 20 May 2026 04:06 PM (IST)
Updated Date: Wed, 20 May 2026 04:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਰਾਜ ਪੱਧਰੀ ਹੜਤਾਲ ਕਾਰਨ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ’ਚ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕੀ ਹੈ। ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਸ਼ਹਿਰ ਨਰਕ ਦਾ ਰੂਪ ਧਾਰਨ ਕਰ ਚੁੱਕਾ ਹੈ। ਸਾਰੇ ਮੁਹੱਲਿਆਂ, ਮੁੱਖ ਬਾਜ਼ਾਰਾਂ ਤੇ ਜਨਤਕ ਥਾਵਾਂ ’ਤੇ ਲੱਗੇ ਕੂੜੇ ਦੇ ਵਿਸ਼ਾਲ ਢੇਰਾਂ ਤੇ ਉਸ ਵਿੱਚੋਂ ਆ ਰਹੀ ਅਸਹਿ ਬਦਬੂ ਨੇ ਸਥਾਨਕ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਹਾਲਾਤ ਇਹ ਹਨ ਕਿ ਲੋਕਾਂ ਦੀ ਸੈਰਗਾਹ ਵਜੋਂ ਜਾਣੇ ਜਾਂਦੇ ਗੁਰੂ ਗੋਬਿੰਦ ਸਿੰਘ ਪਾਰਕ ’ਚ ਹਰਿਆਵਲ ਦੀ ਬਜਾਏ ਹੁਣ ਕੂੜੇ ਦੇ ਢੇਰ ਨਾਗਰਿਕਾਂ ਦਾ ਸੁਆਗਤ ਕਰਦੇ ਹਨ। ਪਾਰਕ ਦੇ ਨਾਲ ਲੱਗਦੀ ਮੁੱਖ ਸੜਕ, ਜਿੱਥੇ ਲੜਕਿਆਂ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਸਥਿਤ ਹਨ, ਦਾ ਅੱਧੇ ਤੋਂ ਵੱਧ ਹਿੱਸਾ ਗੰਦਗੀ ਨੇ ਮੱਲਿਆ ਹੋਇਆ ਹੈ। ਸਕੂਲ ਦੇ ਮਾਸੂਮ ਬੱਚੇ ਅਤੇ ਦਫ਼ਤਰੀ ਮੁਲਾਜ਼ਮ ਰੋਜ਼ਾਨਾ ਇਸੇ ਬਦਬੂਦਾਰ ਮਾਹੌਲ ਵਿੱਚੋਂ ਲੰਘਣ ਲਈ ਮਜਬੂਰ ਹਨ, ਜਿਸ ਕਾਰਨ ਉਨ੍ਹਾਂ ਦੀ ਸਿਹਤ ਤੇ ਭਾਰੀ ਖ਼ਤਰਾ ਮੰਡਰਾ ਰਿਹਾ ਹੈ। ਇਸਤੋਂ ਇਲਾਵਾ, ਨਗਰ ਕੌਂਸਲ ਦੇ ਬਿਲਕੁਲ ਸਾਹਮਣੇ ਵੀ ਕੂੜੇ ਦੇ ਵੱਡੇ ਢੇਰ ਸੜਕ ਦੇ ਵਿਚਕਾਰ ਤੱਕ ਖਿੱਲਰੇ ਪਏ ਹਨ। ਪ੍ਰਸ਼ਾਸਨਿਕ ਨਾਕਾਮੀ ਤੇ ਸਰਕਾਰ ਦੀ ਬੇਰੁਖ਼ੀ ਹੜਤਾਲ ਦੇ 15ਵੇਂ ਦਿਨ ’ਚ ਸ਼ਾਮਲ ਹੋਣ ਦੇ ਬਾਵਜੂਦ ਸਥਾਨਕ ਨਗਰ ਕੌਂਸਲ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੂੜੇ ਦੇ ਨਿਪਟਾਰੇ ਲਈ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਗਿਆ। ਰੋਜ਼ਾਨਾ ਸਫ਼ਾਈ ਦੀਆਂ ਦੁਹਾਈਆਂ ਦੇਣ ਵਾਲੀ ਸਰਕਾਰ ਦੇ ਨੁਮਾਇੰਦੇ ਅੱਜ ਅੱਖਾਂ ਫੇਰ ਕੇ ਬੈਠੇ ਹਨ। ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਪ੍ਰਸ਼ਾਸਨ ਨੂੰ ਹੈਜ਼ਾ, ਡੇਂਗੂ ਅਤੇ ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਅਤੇ ਜਨ-ਸਿਹਤ ਦੀ ਕੋਈ ਪ੍ਰਵਾਹ ਹੀ ਨਹੀਂ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਜਾਂ ਆਗੂ ਨੇ ਇਸ ਗੰਭੀਰ ਮੁੱਦੇ ਤੇ ਕੋਈ ਆਵਾਜ਼ ਨਹੀਂ ਉਠਾਈ। ਸਿਰਫ ਨਗਰ ਕੌਂਸਲ ਵੋਟਾਂ ’ਚ ਹੀ ਧਿਆਨ ਹੈ। ਕੂੜਾ ਚੁੱਕਣ ਵਾਲੀਆਂ ਗੱਡੀਆਂ ਦੀ ਵਸੂਲੀ, ਪਰ ਕਰਮਚਾਰੀ ਤਨਖਾਹਾਂ ਨੂੰ ਤਰਸੇ ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਦੇ ਅੜੀਅਲ ਤੇ ਗੈਰ-ਜ਼ਿੰਮੇਵਾਰਾਨਾ ਰਵੱਈਏ ਦੀ ਪੋਲ ਖੋਲ੍ਹਦਿਆਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਘਰਾਂ ਵਿੱਚੋਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੇ ਬਦਲੇ ਲੋਕਾਂ ਤੋਂ ਤਿੰਨ-ਤਿੰਨ ਮਹੀਨਿਆਂ ਦੇ ਪੈਸੇ ਵਸੂਲ ਕੀਤੇ ਜਾ ਚੁੱਕੇ ਹਨ। ਹੈਰਾਨੀ ਤੇ ਅਫ਼ਸੋਸ ਦੀ ਗੱਲ ਇਹ ਹੈ ਕਿ ਜਨਤਾ ਤੋਂ ਪੈਸੇ ਇਕੱਠੇ ਕਰਨ ਦੇ ਬਾਵਜੂਦ, ਨਗਰ ਕੌਂਸਲ ਨੇ ਦਿਨ-ਰਾਤ ਗੱਡੀਆਂ ਚਲਾਉਣ ਵਾਲੇ ਅਤੇ ਕੂੜਾ ਚੁੱਕਣ ਵਾਲੇ ਗਰੀਬ ਸਫ਼ਾਈ ਕਰਮਚਾਰੀਆਂ ਨੂੰ ਅਜੇ ਤੱਕ ਤਨਖਾਹਾਂ ਨਸੀਬ ਨਹੀਂ ਹੋਈਆਂ। ਸਫ਼ਾਈ ਕਰਮਚਾਰੀਆਂ ’ਚ ਭਾਰੀ ਰੋਹ ਦੂਸਰੇ ਪਾਸੇ, ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਸਫ਼ਾਈ ਕਰਮਚਾਰੀਆਂ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਕਰਮਚਾਰੀ ਆਗੂਆਂ ਨੇ ਭੜਾਸ ਕੱਢਦਿਆਂ ਕਿਹਾ ਕਿ ਬਦਲਾਅ ਦੇ ਨਾਂ ਤੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਸਾਡੀਆਂ ਉਮੀਦਾਂ ਦਾ ਗਲਾ ਘੁੱਟਿਆ ਹੈ ਅਤੇ ਆਸਾਂ ਤੇ ਪਾਣੀ ਫੇਰ ਦਿੱਤਾ ਹੈ। ਕਰਮਚਾਰੀਆਂ ਨੇ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ (ਪੱਕਾ) ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਾਰੀਆਂ ਸਰਕਾਰੀ ਸਹੂਲਤਾਂ ਦਿੱਤੀਆਂ ਜਾਣ। ਓਧਰ ਸ਼ਹਿਰ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਕੇ ਹੜਤਾਲ ਖ਼ਤਮ ਕਰਵਾਈ ਜਾਵੇ ਤੇ ਸ਼ਹਿਰ ਦੀ ਬਦਤਰ ਹੋ ਚੁੱਕੀ ਸਫ਼ਾਈ ਵਿਵਸਥਾ ਨੂੰ ਯੁੱਧ ਪੱਧਰ ਤੇ ਸੁਧਾਰ ਕੇ ਸ਼ਹਿਰ ਨੂੰ ਮਹਾਮਾਰੀ ਦੀ ਲਪੇਟ ’ਚ ਆਉਣ ਤੋਂ ਬਚਾਇਆ ਜਾਵੇ।